ਜਲੰਧਰ, 6 ਮਈ (ਸ਼ਿਵ) - ਸ਼ਹਿਰ ਵਿਚ ਸ਼ੁਰੂ ਹੋ ਚੁੱਕੀ ਮਰਦਮਸ਼ੁਮਾਰੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਅਮਲ ਵਿਚ ਲਿਆਉਣ ਲਈ ਪ੍ਰਸ਼ਾਸਨ ਨੇ ਗ਼ੈਰ-ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਸਖ਼ਤ ਰੁੱਖ ਅਖ਼ਤਿਆਰ ਕਰ ਲਿਆ ਹੈ | ਬਾਰ-ਬਾਰ ਨੋਟਿਸ ਜਾਰੀ ਕਰਨ ਅਤੇ ਟਰੇਨਿੰਗ ਸੈਸ਼ਨਾਂ ਦੇ ਬਾਵਜੂਦ ਕਈ ਵਿਭਾਗਾਂ ਦੇ ਕਰਮਚਾਰੀ ਡਿਊਟੀ 'ਤੇ ਹਾਜ਼ਰ ਨਾ ਹੋਣ ਕਾਰਨ ਸਬੰਧਿਤ ਵਿਭਾਗਾਂ ਦੇ ਮੁਖੀਆਂ ਨੂੰ ਆਖ਼ਰੀ ਚੇਤਾਵਨੀ ਜਾਰੀ ਕਰ ਦਿੱਤੀ ਹੈ | ਸ੍ਰੀ ਸੰਦੀਪ ਰਿਸ਼ੀ, ਆਈ.ਏ.ਐੱਸ.-ਕਮ-ਸਿਟੀ ਪਿ੍ੰਸੀਪਲ ਸੈਂਸ਼ਜ ਅਫ਼ਸਰ ਨਗਰ ਨਿਗਮ, ਜਲੰਧਰ ਵਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਮਰਦਮਸ਼ੁਮਾਰੀ ਦੇ ਕੰਮ ਵਿਚ ਲੱਗੀ ਹੋਈ ਹੈ, ਉਹ ਅੱਜ 7 ਮਈ ਤੱਕ ਆਪਣੀ ਕਿੱਟ ਪ੍ਰਾਪਤ ਕਰਕੇ ਹਾਜ਼ਰੀ ਯਕੀਨੀ ਬਣਾਉਣ ਨਹੀਂ ਤਾਂ ਸਬੰਧਿਤ ਡੀ.ਡੀ.ਓਜ ਨੂੰ ਤਨਖ਼ਾਹ ਰੋਕਣ ਲਈ ਕਿਹਾ ਜਾਵੇਗਾ ਤੇ ਮਾਮਲਾ ਪੁਲਿਸ ਕਮਿਸ਼ਨਰ ਜਲੰਧਰ ਕੋਲ ਭੇਜ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਜਿਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਸਖ਼ਤ ਨੋਟਿਸ ਭੇਜੇ ਗਏ ਹਨ | ਉਨ੍ਹਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਸੈਕੰਡਰੀ ਸਕੂਲ, ਐਨ.ਆਈ.ਟੀ., ਕੇਂਦਰੀ ਵਿਦਿਆਲੇ (1,2,3,4 ) ਡੀ.ਐਫ.ਐੱਸ.ਸੀ.ਅਤੇ ਹੋਰ ਅਦਾਰਿਆਂ ਨੂੰ ਤੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਉਹ ਆਪਣੇ ਅਧੀਨ ਆਉਂਦੇ ਉਨ੍ਹਾਂ ਕਰਮਚਾਰੀਆਂ ਨੂੰ ਤੁਰੰਤ ਰਿਲੀਵ ਕਰਕੇ ਨਗਰ ਨਿਗਮ ਜਲੰਧਰ ਦੇ ਕਮਰਾ ਨੰਬਰ 26, ਪਹਿਲੀ ਮੰਜ਼ਿਲ ਵਿਚ ਭੇਜਣ, ਜਿਨ੍ਹਾਂ ਦੀ ਡਿਊਟੀ ਮਰਦਮਸ਼ੁਮਾਰੀ ਕਾਰਜ ਲਈ ਨਿਰਧਾਰਿਤ ਕੀਤੀ ਗਈ ਹੈ¢