ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਅੱਜ, ਸਵੇਰੇ ਬਾਰਾਦਰੀ ਤੇ ਦੁਪਹਿਰ ਨੂੰ ਆਦਮਪੁਰ 'ਚ ਹੋਣਗੇ ਪ੍ਰੋਗਰਾਮ
ਅਜੀਤ ਡੈਸਕ
07-05-2026
ਜਲੰਧਰ, 6 ਮਈ (ਜਤਿੰਦਰ ਪੰਮੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ 'ਸ਼ੁਕਰਾਨਾ ਯਾਤਰਾ' ਤਹਿਤ 7 ਮਈ ਨੂੰ ਜ਼ਿਲ੍ਹੇ 'ਚ ਦੋ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ | ਸਵੇਰੇ ਜਲੰਧਰ ਸੈਂਟਰਲ ਹਲਕੇ ਦੇ ਵਰਿੰਦਰ ਸਿੰਘ ਘੁੰਮਣ ਪਾਰਕ ਕੋਲ ਸ਼ੁਰੂ ਹੋਵੇਗਾ, ਜਿੱਥੋਂ ਮੁੱਖ ਮੰਤਰੀ ਦੀ ਯਾਤਰਾ ਅੱਗੇ ਵਧੇਗੀ | ਇਸ ਉਪਰੰਤ ਉਹ ਆਦਮਪੁਰ 'ਚ ਜਾਣਗੇ, ਜਿੱਥੇ ਇਹ ਯਾਤਰਾ ਕੱਢੀ ਜਾਵੇਗੀ | ਬਾਰਾਂਦਰੀ 'ਚ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਡਿਪਟੀ ਕਮਿਸਨਰ ਵਰਜੀਤ ਵਾਲੀਆ ਤੇ ਪੁਲਿਸ ਕਮਿਸਨਰ ਧੰਨਪ੍ਰੀਤ ਕੌਰ ਨੇ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨਾਲ ਮਿਲ ਕੇ ਪ੍ਰੋਗਰਾਮ ਵਾਲੀ ਥਾਂ ਦੌਰਾ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ | ਇਸ ਦੌਰਾਨ ਸੁਰੱਖਿਆ ਪ੍ਰਬੰਧ, ਟ੍ਰੈਫਿਕ ਕੰਟਰੋਲ, ਮੰਚ ਦੀ ਤਿਆਰੀ, ਜਨਤਾ ਦੀ ਸਹੂਲਤ ਅਤੇ ਸਮਾਗਮ ਦੇ ਸੁਚਾਰੂ ਪ੍ਰਬੰਧਾਂ ਡੂੰਘਾਈ ਨਾਲ ਸਮੀਖਿਆ ਕੀਤੀ ਗਈ | ਅਧਿਕਾਰੀਆਂ ਵੱਲੋਂ ਸੰਬੰਧਤ ਵਿਭਾਗਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਕਿ ਸਮਾਗਮ ਨੂੰ ਪੂਰੀ ਤਰ੍ਹਾਂ ਸੁਚੱਜੇ, ਸੁਰੱਖਿਅਤ ਅਤੇ ਗੰਭੀਰਤਾ ਨਾਲ ਆਯੋਜਿਤ ਕੀਤਾ ਜਾਵੇ, ਤਾਂ ਜੋ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ Tਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ (ਸੋਧ) ਐਕਟ, 2026U ਰਾਹੀਂ ਧਾਰਮਿਕ ਭਾਵਨਾਵਾਂ ਦੀ ਰੱਖਿਆ ਲਈ ਇਤਿਹਾਸਕ ਕਦਮ ਚੁੱਕਿਆ ਗਿਆ ਹੈ | ਉਨ੍ਹਾਂ ਕਿਹਾ ਕਿ 'ਸ਼ੁਕਰਾਨਾ ਯਾਤਰਾ' ਉਸੇ ਭਾਵਨਾ ਦਾ ਪ੍ਰਗਟਾਵਾ ਹੈ ਜਿਸ ਰਾਹੀਂ ਗੁਰੂ ਸਾਹਿਬ ਪ੍ਰਤੀ ਆਭਾਰ ਪ੍ਰਗਟ ਕੀਤਾ ਜਾ ਰਿਹਾ ਹੈ | ਕੋਹਲੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਕਾਸ, ਪਾਰਦਰਸਤਾ ਅਤੇ ਲੋਕ-ਸੇਵਾ ਦੇ ਖੇਤਰ ਵਿੱਚ ਤੇਜੀ ਨਾਲ ਅੱਗੇ ਵਧ ਰਿਹਾ ਹੈ | ਸਰਕਾਰ ਦੀਆਂ ਨੀਤੀਆਂ ਲੋਕਾਂ ਦੇ ਹਿੱਤ ਵਿਚ ਹਨ ਅਤੇ ਪੰਜਾਬ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਯਾਤਰਾ ਸਮਾਜ ਵਿਚ ਏਕਤਾ, ਭਾਈਚਾਰੇ ਤੇ ਸਕਾਰਾਤਮਕ ਸੋਚ ਨੂੰ ਹੋਰ ਮਜ਼ਬੂਤ ਕਰੇਗੀ | ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਜਲੰਧਰ-1 ਸ਼ੁਭੀ ਆਂਗਰਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ |