21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਢਾਈ ਮਿੰਟਾਂ 'ਚ 569 ਕਰੋੜ ਦਾ ਨਗਰ ਨਿਗਮ ਦਾ ਬਜਟ ਪਾਸ

ਅਜੀਤ ਡੈਸਕ 31-03-2026
ਜਲੰਧਰ, 30 ਮਾਰਚ-ਮੇਅਰ ਵਨੀਤ ਧੀਰ ਆਪਣੇ ਕਾਰਜਕਾਲ ਦਾ ਦੂਜਾ ਬਜਟ ਅੱਜ ਆਸਾਨੀ ਨਾਲ ਪਾਸ ਕਰਵਾਉਣ 'ਚ ਸਫਲ ਰਹੇ ਤੇ ਚਾਹੇ ਅੱਜ ਨਿਗਮ ਹਾਊਸ ਦੀ ਚਾਰ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚਲੀ ਮੀਟਿੰਗ 'ਚ ਵਿਰੋਧੀ ਧਿਰ ਬਜਟ ਪਾਸ ਕਰਨ ਤੋਂ ਪਹਿਲਾਂ ਸਿਫ਼ਰ ਕਾਲ ਕਰਵਾਉਣੀ ਚਾਹੁੰਦੀ ਸੀ ਤੇ ਉਸ ਨੇ ਹੰਗਾਮਾ ਵੀ ਕੀਤਾ ਪਰ ਇਸ ਤੋਂ ਪਹਿਲਾਂ ਹੀ ਹੰਗਾਮੇ ਦੌਰਾਨ ਹੀ ਨਿਗਮ ਦਾ 569 ਕਰੋੜ ਦਾ ਬਜਟ ਪਾਸ ਕਰਵਾ ਲਿਆ ਗਿਆ | ਸੱਤਾਧਾਰੀ 'ਆਪ' ਕੌਂਸਲਰਾਂ ਤੇ ਕਈ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਕਾਰ ਕਾਫੀ ਬਹਿਸ ਵੀ ਹੋਈ | ਨਗਰ ਨਿਗਮ ਦਾ ਅੱਜ ਜਿਹੜਾ ਬਜਟ ਪਾਸ ਕੀਤਾ ਗਿਆ ਹੈ, ਉਸ 'ਚ 312 ਕਰੋੜ ਦੀ ਰਕਮ ਅਮਲੇ 'ਤੇ ਖ਼ਰਚ ਕੀਤੀ ਜਾਵੇਗੀ ਜਦਕਿ ਨਿਗਮ ਵਲੋਂ ਇਸ ਸਾਲ 200 ਕਰੋੜ ਰੁਪਏ ਵਿਕਾਸ 'ਤੇ ਖ਼ਰਚ ਕੀਤਾ ਜਾਵੇਗਾ | ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਅੱਜ ਸਾਰੇ ਹਲਕਿਆਂ 'ਚ ਹੋਣ ਵਾਲੀ ਵਿਕਾਸ ਦੇ ਕੰਮਾਂ ਤੋਂ ਇਲਾਵਾ ਹੋਰ ਵੀ ਪ੍ਰਾਜੈਕਟਾਂ ਦੇ ਕਰੀਬ 1000 ਕਰੋੜ ਦੇ ਕੰਮਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਤੇ ਇਨ੍ਹਾਂ ਕੰਮਾਂ ਵਿਚ ਸਭ ਤੋਂ ਵੱਡੀ ਰਕਮ ਦਾ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ 'ਚ 649 ਕਰੋੜ ਦੀ ਲਾਗਤ ਵਾਲ ਕੂੜਾ ਪ੍ਰਬੰਧਨ ਪ੍ਰਾਜੈਕਟ ਸ਼ਾਮਿਲ ਹੈ | ਮੀਟਿੰਗ ਵਿਚ ਕੌਂਸਲਰਾਂ ਨੇ ਆਪਣੀ ਤਨਖ਼ਾਹ 50 ਹਜ਼ਾਰ ਕਰਨ ਦਾ ਮਤਾ ਵੀ ਪਾਸ ਕਰਵਾ ਦਿੱਤਾ | ਨਗਰ ਨਿਗਮ ਵਲੋਂ ਵਿਕਾਸ ਦੇ ਜਿਹੜੇ ਕੰਮ ਪਾਸ ਕਰਵਾਏ ਗਏ ਹਨ, ਉਨ੍ਹਾਂ 'ਚ ਸ਼ਹਿਰ ਵਿਚ ਸੀਵਰ ਤੇ ਸੜਕਾਂ ਦੀ ਸਫ਼ਾਈ ਅਤੇ ਕੂੜਾ ਚੁੱਕਣ ਲਈ ਕਰੋੜਾਂ ਦੀ ਮਸ਼ੀਨਰੀ ਦੀ ਖ਼ਰੀਦ ਵੀ ਸ਼ਾਮਿਲ ਹੈ | ਇਸ ਤੋਂ ਇਲਾਵਾ ਅਲੱਗ-ਅਲੱਗ ਵਾਰਡਾਂ 'ਚ ਵਿਕਾਸ ਦੇ ਕੰਮ ਕਰਵਾਏ ਜਾਣ ਦੇ ਕੰਮਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ | ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਅੱਜ ਸੱਤਾਧਾਰੀ ਧਿਰ ਤੋਂ ਇਲਾਵਾ ਵਿਰੋਧੀ ਧਿਰ ਦੇ ਕਈ ਕੌਂਸਲਰ ਮੇਅਰ ਵਲੋਂ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਦੇ ਕੰਮਾਂ ਨੂੰ ਲੈ ਕੇ ਉਨ੍ਹਾਂ ਦੀ ਪ੍ਰਸੰਸਾ ਕਰਦੇ ਨਜ਼ਰ ਆਏ ਜਦਕਿ ਦੂਜੇ ਪਾਸੇ ਅੱਜ ਨਿਗਮ ਹਾਊਸ ਦੀ ਮੀਟਿੰਗ 'ਚ ਜਿਥੇ ਭਾਜਪਾ ਕੌਂਸਲਰਾਂ ਨੇ ਆਪਣੇ ਕਈ ਮੁੱਦੇ ਪ੍ਰਮੁੱਖਤਾ ਨਾਲ ਉਠਾਏ ਪਰ ਕਾਂਗਰਸ ਧਿਰ ਅੱਜ ਕਈ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਨਹੀਂ ਉਠਾ ਸਕੇ ਤੇ ਬਜਟ ਵੀ ਆਸਾਨੀ ਨਾਲ ਪਾਸ ਹੋ ਗਿਆ | ਜਿਥੇ ਅੱਜ ਨਿਗਮ ਦਾ ਬਜਟ ਵੀ ਪਾਸ ਹੋ ਗਿਆ ਤਾਂ ਉਥੇ ਅਲੱਗ ਤੋਂ 280 ਕਰੋੜ ਦੇ ਕੰਮ ਵੀ ਪਾਸ ਕੀਤੇ ਗਏ | ਇਨ੍ਹਾਂ ਕੰਮਾਂ 'ਚ ਸ਼ਹਿਰ ਵਿਚ ਵਾਟਰ ਸਪਲਾਈ ਤੇ ਕੰਮਾਂ ਤੋਂ ਇਲਾਵਾ ਸੜਕਾਂ ਗਲੀਆਂ ਵੀ ਬਣਾਉਣ ਦਾ ਕੰਮ ਕੀਤਾ ਜਾਣਾ ਹੈ | ਮੀਟਿੰਗ 'ਚ ਮੇਅਰ ਵਨੀਤ ਧੀਰ ਤੋਂ ਇਲਾਵਾ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਸੰਯੁਕਤ ਕਮਿਸ਼ਨਰ ਮਨਦੀਪ ਕੌਰ, ਸੁਮਨਦੀਪ ਕੌਰ ਤੋਂ ਇਲਾਵਾ ਹੋਰ ਨਿਗਮ ਦੇ ਅਫ਼ਸਰ ਵੀ ਮੌਜੂਦ ਸਨ |
ਸਿਫ਼ਰ ਕਾਲ 'ਚ ਗੰਦੇ ਪਾਣੀ, ਨਾਜਾਇਜ਼ ਕਾਲੋਨੀਆਂ, ਸਫ਼ਾਈ ਸੇਵਕਾਂ ਦੀ ਕਮੀ ਦੇ ਉੱਠੇ ਮੁੱਦੇ
ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਅੱਜ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਸਿਫਰ ਕਾਲ ਵਿਚ ਸ਼ਹਿਰ 'ਚ ਗੰਦੇ ਪਾਣੀ ਦੀ ਸਪਲਾਈ ਤੋਂ ਇਲਾਵਾ ਨਾਜਾਇਜ਼ ਕਾਲੋਨੀਆਂ ਕੱਟਣ, ਸੀਵਰੇਜ ਬੰਦ ਦੇ ਮੁੱਦੇ ਭਾਰੂ ਰਹੇ | ਮੀਟਿੰਗ 'ਚ ਦੂਸ਼ਿਤ ਪਾਣੀ ਦੇ ਮੁੱਦੇ 'ਤੇ ਕਾਫੀ ਸਮੇਂ ਤੱਕ ਹੰਗਾਮਾ ਵੀ ਰਿਹਾ | ਵੱਡੀ ਗਿਣਤੀ ਵਿਚ ਕੌਂਸਲਰਾਂ ਵਲੋਂ ਆਪਣੇ-
ਆਪਣੇ ਵਾਰਡਾਂ ਦੇ ਮੁੱਦੇ ਪ੍ਰਮੁੱਖਤਾ ਨਾਲ ਉਠਾਏ ਗਏ | ਇਕ ਕੌਂਸਲਰ ਨੇ ਆਪਣੇ ਵਾਰਡ 'ਚ ਆ ਰਹੇ ਗੰਦੇ ਪਾਣੀ ਦੀਆਂ ਕਈ ਬੋਤਲਾਂ ਭਰ ਕੇ ਮੇਅਰ, ਕਮਿਸ਼ਨਰ ਦੇ ਸਾਹਮਣੇ ਰੱਖ ਦਿੱਤੀਆਂ ਜਿਹੜੀਆਂ ਕਿ ਪੂਰੀ ਮੀਟਿੰਗ ਦੌਰਾਨ ਹੀ ਪਈਆਂ ਰਹੀਆਂ |
14 ਕਰੋੜ ਦੀ ਲਾਗਤ ਨਾਲ ਨਵੀਆਂ ਲੱਗਣ ਜਾ ਰਹੀਆਂ ਟ੍ਰੈਫਿਕ ਲਾਈਟਾਂ
ਸਿਫ਼ਰ ਕਾਲ ਦੀ ਸਮਾਪਤੀ 'ਤੇ ਮੇਅਰ ਵਨੀਤ ਧੀਰ ਨੇ ਬਾਅਦ 'ਚ ਸਾਰੇ ਕੌਂਸਲਰਾਂ ਦੇ ਜਵਾਬ ਵੀ ਦਿੱਤੇ ਤੇ ਕੌਂਸਲਰਾਂ ਵਲੋਂ ਕੰਮਾਂ ਬਾਰੇ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਜਲਦੀ ਹੱਲ ਕਰਵਾਉਣ ਦੇ ਆਦੇਸ਼ ਦਿੱਤੇ | ਮੇਅਰ ਵਨੀਤ ਧੀਰ ਨੇ ਕਿਹਾ ਕਿ ਟਰਾਂਸਪੋਰਟ ਨਗਰ 'ਚ ਡਿਸਪੋਜ਼ਲ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਸਾਲਾਂ ਪੁਰਾਣੀਆਂ ਟ੍ਰੈਫਿਕ ਲਾਈਟਾਂ ਉਤਾਰ ਕੇ ਉਨਾਂ ਦੀ ਜਗਾਂ ਜਲਦੀ ਹੀ 14 ਕਰੋੜ ਦੀ ਲਾਗਤ ਨਾਲ ਡਿਜੀਟਲ ਟ੍ਰੈਫਿਕ ਲਾਈਟਾਂ ਲਗਾਈਆਂ ਜਾ ਰਹੀਆਂ ਹਨ | ਨਿਗਮ 'ਚ ਇਨ੍ਹਾਂ ਦਾ ਕੰਟਰੋਲ ਰੂਮ ਵੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ 50 ਤੋਂ ਜ਼ਿਆਦਾ ਟਿਊਬਵੈੱਲ ਲਗਾਏ ਗਏ ਹਨ ਜਦਕਿ 45 ਦੇ ਕਰੀਬ ਟਿਊਬਵੈੱਲ ਲੰਬਿਤ ਪਏ ਹਨ ਪਰ ਇਹ ਬਿਜਲੀ ਕੁਨੈਕਸ਼ਨਾਂ ਕਰਕੇ ਰੁਕੇ ਹਨ | ਇਨ੍ਹਾਂ ਲਈ ਜਲਦੀ ਕੁਨੈਕਸ਼ਨ ਲੈ ਕੇ ਟਿਊਬਵੈੱਲ ਚਲਾਏ ਜਾਣਗੇ | ਸ਼ਹਿਰ 'ਚ ਵੱਡੀਆਂ ਸੀਵਰਾਂ ਦੀ ਸਫ਼ਾਈ ਲਈ ਸੁਪਰ ਸੰਕਸ਼ਨ ਮਸ਼ੀਨ ਨਾਲ ਸਫ਼ਾਈ ਕਰਨ ਵਾਲੀਆਂ 7 ਹੋਰ ਏਜੰਸੀਆਂ ਜਲਦੀ ਕੰਮ ਕਰਨ ਜਾ ਰਹੀਆਂ ਹਨ | ਇਹ ਜ਼ਿਆਦਾ ਵੱਡੇ ਸੀਵਰਾਂ ਦੀ ਵੀ ਸਫ਼ਾਈ ਕਰ ਸਕਣਗੀਆਂ | ਇਸ ਤੋਂ ਇਲਾਵਾ 33 ਇਸ ਤਰ੍ਹਾਂ ਦੇ ਪਲਾਟਾਂ ਖ਼ਿਲਾਫ਼ ਕਾਰਵਾਈ ਹੋਵੇਗੀ ਜਿੱਥੋਂ ਕਿ ਕੂੜਾ ਨਹੀਂ ਚੁੱਕਿਆ ਗਿਆ ਹੈ | ਕਈ ਛੋਟੇ-ਛੋਟੇ ਡੰਪ ਬੰਦ ਕੀਤੇ ਗਏ ਹਨ | ਲਾਵਾਰਸ ਕੁੱਤਿਆਂ ਲਈ ਰੈਣ ਬਸੇਰਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਰੇਹੜੀਆਂ ਤੋਂ ਆਮਦਨ ਵਧ ਕੇ 2.25 ਕਰੋੜ ਹੋ ਗਈ ਹੈ |
ਪਿਛਲੀ ਖ਼ਬਰ ਮਿੱਠਾਪੁਰ ਦੇ ਹਾਕੀ ਟੂਰਨਾਮੈਂਟ 'ਚੋਂ ਮਿੱਠਾਪੁਰ ਤੇ ਚਚਰਾੜੀ ਬਣੇ ਚੈਂਪੀਅਨ ਅਗਲੀ ਖ਼ਬਰ ਸਰਵਰ 'ਚ ਖਰਾਬੀ ਕਰਕੇ ਕਈਆਂ ਦੇ ਨਹੀਂ ਹੋਏ ਡਰਾਈਵਿੰਗ ਟੈੱਸਟ ਲੋਕਾਂ ਨੂੰ ਦੁਬਾਰਾ ਪੇਸ਼ਗੀ ਸਮਾਂ ਲੈਣ ਤੇ ਪਾਰਕਿੰਗ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।