ਮਕਸੂਦਾਂ, 19 ਫਰਵਰੀ (ਸੌਰਵ ਮਹਿਤਾ)- ਬੀਤੇ ਦਿਨੀਂ ਇੰਦਰਾ ਕਾਲੋਨੀ ਤੋਂ ਲਾਪਤਾ ਹੋਏ 15 ਸਾਲਾ ਦੇ ਬੱਚੇ ਦਾ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਪਤਾ ਨਾ ਲੱਗਣ ਕਾਰਨ ਗੁੱਸੇ ਵਿੱਚ ਆਏ ਪਰਿਵਾਰਿਕ ਮੈਂਬਰਾਂ ਤੇ ਇਲਾਕਾ ਵਾਸੀਆਂ ਨੇ ਜਲੰਧਰ-ਅੰਮਿ੍ਤਸਰ ਮੁੱਖ ਮਾਰਗ 'ਤੇ ਚੱਕ ਜਿੰਦਾ ਪਿੰਡ ਦੇ ਬਾਹਰ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ | ਰੋਸ ਪ੍ਰਗਟਾਵੇ ਦੌਰਾਨ ਦੋਹਾਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਧਰਨਾ ਦੁਪਹਿਰ ਕਰੀਬ 2 ਵਜੇ ਸ਼ੁਰੂ ਹੋਇਆ | ਮੌਕੇ 'ਤੇ ਥਾਣਾ ਮੁਖੀ ਤੇ ਉੱਚ ਅਧਿਕਾਰੀ ਵੀ ਪਹੁੰਚੇ ਪਰ ਲੋਕਾਂ ਦਾ ਗੁੱਸਾ ਸ਼ਾਂਤ ਨਾ ਹੋਇਆ | ਬਾਅਦ ਵਿੱਚ ਉੱਚ ਅਧਿਕਾਰੀ ਸੁਖਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਦੀ ਗੱਲ ਧਿਆਨ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਬੱਚੇ ਦੀ ਭਾਲ ਲਈ ਖਾਸ ਟੀਮਾਂ ਲਗਾਈਆਂ ਗਈਆਂ ਹਨ ਤੇ ਜਲਦ ਹੀ ਉਸ ਨੂੰ ਸੁਰੱਖਿਅਤ ਲੱਭ ਲਿਆ ਜਾਵੇਗਾ | ਲਾਪਤਾ ਬੱਚੇ ਦੇ ਪਿਤਾ ਸੋਨੂੰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਪੰਜ ਦਿਨ ਪਹਿਲਾਂ ਘਰੋਂ ਸਾਈਕਲ 'ਤੇ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ | ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਦੌਰਾਨ ਉਸਦੀ ਆਖਰੀ ਝਲਕ ਵੇਰਕਾ ਮਿਲਕ ਪਲਾਂਟ ਨੇੜੇ ਮਿਲੀ | ਉਹਨਾਂ ਨੇ ਉਸੇ ਦਿਨ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਗੰਭੀਰਤਾ ਨਹੀਂ ਦਿਖਾਈ ਗਈ | ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਚੱਕ ਜਿੰਦਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟਪਾਟ ਦੀਆਂ ਘਟਨਾਵਾਂ ਵਧ ਰਹੀਆਂ ਹਨ | ਹਾਲ ਹੀ ਵਿੱਚ ਪਿੰਡ ਵਿੱਚ ਇਕ ਨੌਜਵਾਨ ਨਾਲ ਹਥਿਆਰਾਂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਵੀ ਹੋਈ ਸੀ ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ | ਕਰੀਬ ਸਵਾ ਘੰਟੇ ਤੱਕ ਚੱਲੇ ਧਰਨੇ ਨੂੰ ਸ਼ਾਮ 3.30 ਵਜੇ ਪ੍ਰਸ਼ਾਸਨ ਦੇ ਭਰੋਸੇ ਉਪਰੰਤ ਖਤਮ ਕਰ ਦਿੱਤਾ ਗਿਆ | ਪਰਿਵਾਰ ਤੇ ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਬੱਚੇ ਦਾ ਜਲਦੀ ਪਤਾ ਨਾ ਲੱਗਾ ਤਾਂ ਉਹ ਦੁਬਾਰਾ ਰਾਸ਼ਟਰੀ ਮਾਰਗ ਜਾਮ ਕਰਨ ਲਈ ਮਜਬੂਰ ਹੋਣਗੇ |