ਸ਼ਾਹਕੋਟ, 18 ਫਰਵਰੀ (ਸੁਖਦੀਪ ਸਿੰਘ)- ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮਿ੍ਤਸਰ) ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸੇਵਾ ਤੋਂ ਫਾਰਗ ਕੀਤਾ ਗਿਆ ਹੈ, ਜੋ ਹੁਣ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਪਰਿਵਾਰ 'ਤੇ ਇਲਜ਼ਾਮ ਲਗਾਉਣ ਲੱਗ ਪਏ ਹਨ, ਪਤਾ ਨਹੀਂ ਕਿ ਇਸ ਪਿੱਛੇ ਕਿਹੜੀ ਏਜੰਸੀ ਕੰਮ ਕਰ ਰਹੀ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਬਲਦੇਵ ਸਿੰਘ ਕਲਿਆਣ ਨੇ ਕਰਦਿਆਂ ਗਿਆਨੀ ਰਘਬੀਰ ਸਿੰਘ ਦੇ ਬਿਆਨ ਦੀ ਘੋਰ ਨਿੰਦਾ ਕੀਤੀ ਤੇ ਕਿਹਾ ਕਿ ਇੰਨੇ ਸਾਲ ਸਤਿਕਾਰਯੋਗ ਅਹੁਦੇ 'ਤੇ ਸੇਵਾ ਕਰਨ ਮਗਰੋਂ ਗਿਆਨੀ ਰਘਬੀਰ ਸਿੰਘ ਨੂੰ ਇਹੋ ਜਿਹੀਆਂ ਗੱਲਾਂ ਸ਼ੋਭਦੀਆਂ ਨਹੀਂ ਹਨ | ਉਸੇ ਸੰਸਥਾ ਨੇ ਗਿਆਨੀ ਰਘਬੀਰ ਸਿੰਘ ਨੂੰ ਇੰਨਾਂ ਮਾਣ-ਸਨਮਾਨ ਦਿੱਤਾ ਤੇ ਵੱਡੇ ਅਹੁਦੇ 'ਤੇ ਬਿਰਾਜਮਾਨ ਰਹਿਣ ਮਗਰੋਂ ਗਿਆਨੀ ਰਘਬੀਰ ਸਿੰਘ ਦਾ ਉਸੇ ਸੰਸਥਾ ਬਾਰੇ ਗਲਤ ਬੋਲਣਾ ਬਹੁਤ ਮੰਦਭਾਗਾ ਹੈ |