ਜਲੰਧਰ 17 ਫਰਵਰੀ (ਸ਼ਿਵ)-ਐੱਸ.ਡੀ.ਐੱਮ. ਰਣਦੀਪ ਸਿੰਘ ਹੀਰ ਦੀ ਅਗਵਾਈ ਵਿਚ ਇਕ ਟੀਮ ਨੇ ਅਰਬਨ ਅਸਟੇਟ ਦੇ ਕੋਲ ਬਣਨ ਵਾਲੇ ਅੰਡਰ ਪਾਸ ਵਾਲੀ ਜਗ੍ਹਾ ਦਾ ਮੌਕਾ ਦੇਖਿਆ | ਫਾਟਕ ਦੇ ਕੋਲ ਹੀ ਅਰਬਨ ਅਸਟੇਟ ਇਕ ਅਤੇ ਅਰਬਨ ਅਸਟੇਟ ਦੋ ਜੋੜਨ ਲਈ ਅੰਡਰ ਪਾਸ ਬਣਾਇਆ ਜਾਣਾ ਹੈ | ਇਸ ਟੀਮ ਵਿਚ ਰੇਲਵੇ ਦੇ ਅਧਿਕਾਰੀਆਂ ਤੋਂ ਇਲਾਵਾ ਕੌਂਸਲਰ ਮਿੰਟੂ ਜਨੇਜਾ ਵੀ ਮੌਜੂਦ ਸਨ | ਕੁਝ ਸਮਾਂ ਪਹਿਲਾਂ ਅਰਬਨ ਅਸਟੇਟ ਦੇ ਕੋਲ ਫਾਟਕ ਨੂੰ ਬੰਦ ਕੀਤਾ ਗਿਆ ਸੀ ਤੇ ਕੁਝ ਦੂਰੀ ਤੇ ਇੱਕ ਅੰਡਰ ਪਾਸ ਬਣਾਇਆ ਗਿਆ ਸੀ ਪਰ ਲੋਕਾਂ ਨੇ ਭਾਰੀ ਨਰਾਜ਼ਗੀ ਜਾਹਰ ਕੀਤੀ ਸੀ ਕਿ ਫਾਟਕ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਹੈ | ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਯਤਨਾ ਕਰਕੇ ਰੇਲਵੇ ਨੇ ਇਸ ਬੰਦ ਫਾਟਕ ਨੂੰ ਅਸਥਾਈ ਤੌਰ 'ਤੇ ਖੋਲ ਦਿੱਤਾ ਸੀ, ਪਰ ਇਸ ਦੇ ਨਾਲ ਹੀ ਹੁਣ ਅੰਡਰ ਪਾਸ ਬਣਾਇਆ ਜਾਣਾ ਹੈ ਜਿਸ ਦਾ ਜਾਇਜਾ ਲੈਣ ਲਈ ਅੱਜ ਟੀਮ ਪੁੱਜੀ ਸੀ | ਦੱਸਿਆ ਜਾਂਦਾ ਹੈ ਕਿ ਉਕਤ ਅਧਿਕਾਰੀਆਂ ਵਲੋਂ ਮੁੜ ਮੌਕਾ ਦੇਖਿਆ ਜਾਵੇਗਾ ਤੇ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ | ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਵੀ ਬੁੱਧਵਾਰ ਨੂੰ ਰੇਲਵੇ ਅਧਿਕਾਰੀਆਂ ਨੂੰ ਦੱਸਿਆ ਜਾਵੇਗਾ ਕਿ ਜਿਸ ਜਗ੍ਹਾ ਤੇ ਅੰਡਰ ਪਾਸ ਬਣਾਇਆ ਜਾਣਾ ਹੈ ਸੀਵਰੇਜ ਦੀ ਲਾਈਨ ਉਸ ਦੇ ਕੋਲ ਤਾਂ ਨਹੀਂ ਆ ਰਹੀ ਕਿਉਂਕਿ ਅੰਡਰ ਪਾਸ ਲਈ ਇੱਕ ਸੀਵਰੇਜ ਲਾਈਨ ਵੀ ਰੁਕਾਵਟ ਬਣ ਰਹੀ ਹੈ ਜੇਕਰ ਲੋੜ ਪਈ ਤਾਂ ਅੰਡਰਪਾਸ ਦੀ ਵੀ ਜਗ੍ਹਾ ਬਦਲੇ ਜਾਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ | ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ 'ਚ ਨਿਗਰਾਨ ਇੰਜੀਨੀਅਰ ਰਜਨੀਸ਼ ਡੋਗਰਾ, ਐਕਸੀਅਨ ਰਾਮਪਾਲ ਤੇ ਹੋਰ ਮੌਜੂਦ ਸਨ |