ਚੁਗਿੱਟੀ/ਜੰਡੂਸਿੰਘਾ, 29 ਜਨਵਰੀ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਸੂਰੀਆ ਐਨਕਲੇਵ ਖੇਤਰ ਲਾਗਲੀਆਂ ਰੇਲਵੇ ਲਾਈਨਾਂ ਦੇ ਨੇੜਿਓਾ ਪੁਲਿਸ ਨੂੰ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ 'ਚ ਦਹਿਸ਼ਤ ਵਾਲਾ ਮਹੌਲ ਬਣ ਗਿਆ | ਪੁਲਿਸ ਦੇ ਦੱਸਣ ਅਨੁਸਾਰ ਮਿ੍ਤਕ ਦੀ ਪਛਾਣ ਅਨੂਪ ਸਿੰਘ ਪੁੱਤਰ ਕਾਲਮ ਸਿੰਘ ਵਾਸੀ 154 ਏਕਤਾ ਨਗਰ, ਨੇੜੇ ਮੁੱਹਲਾ ਚੁਗਿੱਟੀ ਦੇ ਰੂਪ 'ਚ ਸਾਹਮਣੇ ਆਈ ਹੈ | ਸੰਪਰਕ ਕਰਨ 'ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਦੇ ਪਿਤਾ ਕਾਲਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪੁੱਤਰ ਹਲਵਾਈ ਦਾ ਕੰਮ ਕਰਦਾ ਸੀ ਤੇ ਨਸ਼ਾ ਕਰਨ ਦਾ ਆਦੀ ਸੀ | ਉਸਨੇ ਕਿਹਾ ਕਿ ਉਸਦਾ ਪੁੱਤਰ ਘਰੋਂ ਸ਼ਾਮ 4 ਵਜੇ ਦਾ ਨਿਕਲਿਆ ਹੋਇਆ ਸੀ | ਜਿਸ ਕਾਰਨ ਉਸਦੀ ਤਲਾਸ਼ ਕੀਤੀ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਉਕਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਹਿਤ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਗਿਆ ਹੈ | ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ | ਜੋ ਤਸਵੀਰ ਸਾਹਮਣੇ ਆਵੇਗੀ ਉਸ ਮੁਤਾਬਕ ਅਗਾਂਹ ਕਾਰਵਾਈ ਕੀਤੀ ਜਾਵੇਗੀ | ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਲਾਤਾਂ 'ਚ ਮੌਤ ਦੇ ਮੂੰਹ ਜਾ ਪਏ ਮਿ੍ਤਕ ਦੇ ਪਿਤਾ ਬਿਜਲੀ ਮਹਿਕਮੇ 'ਚੋਂ ਸੇਵਾ ਮੁਕਤ ਹਨ |