ਕਰਤਾਰਪੁਰ 28 ਜਨਵਰੀ (ਜਨਕ ਰਾਜ ਗਿੱਲ) - ਸਭ ਤਹਿਸੀਲ ਕਰਤਾਰਪੁਰ ਅੰਦਰ ਸਥਿਤ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਪਿੰਡਾਂ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਕਰ ਰਹੇ ਸੇਵਾ ਕੇਂਦਰ ਕਰਤਾਰਪੁਰ ਨੂੰ ਇੱਕ ਵਾਰ ਮੁੜ ਤੋਂ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਕੇਂਦਰ ਦਾ ਦਰਵਾਜ਼ਾ ਤੋੜ ਕੇ ਬੈਟਰੀਆਂ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਵਾਰਦਾਤ ਦਾ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਸਵੇਰੇ ਦਫ਼ਤਰ ਖੋਲ੍ਹਣ ਉਪਰੰਤ ਪਤਾ ਲੱਗਾ ਹੈ ਤੇ ਸੇਵਾ ਕੇਂਦਰ ਦੇ ਕਰਮੀਆਂ ਵੱਲੋਂ ਇਸ ਘਟਨਾ ਦੀ ਇਤਲਾਹ ਥਾਣਾ ਕਰਤਾਰਪੁਰ ਨੂੰ ਦਿੱਤੀ ਗਈ ਹੈ ਜਿੱਥੇ ਥਾਣਾ ਕਰਤਾਰਪੁਰ ਦੇ ਪੁਲਿਸ ਅਧਿਕਾਰੀਆਂ ਵੱਲੋਂ ਮੌਕਾ ਵੀ ਦੇਖਿਆ ਗਿਆ ਉੱਥੇ ਇਸ ਘਟਨਾ ਨਾਲ ਸੇਵਾ ਕੇਂਦਰ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਤਾਂ ਹੋਇਆ ਹੀ ਤੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ | ਇਸ ਸੰਬੰਧੀ ਡੀ.ਐਸ.ਪੀ. ਸਬ ਡਿਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪੁਲਿਸ ਵਲੋਂ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਰਾਤਰੀ ਗਸ਼ਤ ਕੀਤੀ ਜਾਂਦੀ ਹੈ | ਉਨ੍ਹਾਂ ਜਲਦ ਚੋਰੀ ਦੀ ਵਾਰਦਾਤ ਹੱਲ ਕਰਨ ਦਾ ਭਰੋਸਾ ਦਿੱਤਾ ਹੈ | ਦੂਜੇ ਪਾਸੇ ਨਾਇਬ ਤਹਿਸੀਲਦਾਰ ਐਨ. ਟੀ. ਵਿਪਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੇਵਾ ਕੇਂਦਰ ਦੀਆਂ ਬੈਟਰੀਆਂ ਚੋਰੀਆਂ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ | ਉਨ੍ਹਾਂ ਕਿਹਾ ਕਿ ਉਹ ਉੱਥੇ ਤਾਇਨਾਤ ਕਰਮਚਾਰੀਆਂ ਤੋਂ ਜਾਣਕਾਰੀ ਲੈਣਗੇ ਪਰ ਸੇਵਾ ਕੇਂਦਰ ਤੇ ਸਭ ਤਹਿਸੀਲ ਕਰਤਾਰਪੁਰ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਲਈ ਰਾਤ ਸਮੇਂ ਸੁਰੱਖਿਆ ਕਰਮਚਾਰੀ ਦੀ ਡਿਊਟੀ ਲਾਉਣ ਨੂੰ ਯਕੀਨੀ ਬਣਾਉਣਗੇ | ਜ਼ਿਕਰਯੋਗ ਹੈ ਕਿ ਕਰਤਾਰਪੁਰ 'ਚ ਸਥਿਤ ਜਨਤਕ ਅਦਾਰਿਆਂ ਦੀ ਸਮੇਂ ਸੁਰੱਖਿਆ ਲਈ ਕੋਈ ਕਰਮਚਾਰੀ ਮੌਜੂਦ ਨਾ ਹੋਣ ਕਾਰਨ ਅਪਰਾਧਿਕ ਪ੍ਰਵਿਰਤੀ ਦੇ ਅਨਸਰ ਅਕਸਰ ਸਰਗਰਮ ਰਹਿੰਦੇ ਹਨ ਤੇ ਸੁਰੱਖਿਆ ਘਾਟ ਕਾਰਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ |