ਸ਼ਾਹਕੋਟ, 20 ਜਨਵਰੀ (ਸੁਖਦੀਪ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਬਲਦੇਵ ਸਿੰਘ ਕਲਿਆਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਰਸੋਖਾਨਾ ਸ੍ਰੀ ਨਾਭ ਕਮਲ ਰਾਜਾ ਸਾਹਿਬ (ਬੰਗਾ) ਵਿਖੇ ਭੇਜ ਕੇ 'ਯੂ-ਟਰਨ' ਲੈ ਲਿਆ ਹੈ | ਵਿੱਤ ਮੰਤਰੀ ਚੀਮਾ ਨੇ ਪ੍ਰੈਸ ਨੂੰ ਬਿਆਨ ਦਿੱਤਾ ਕਿ ਇਥੇ ਸਭ ਕੁੱਝ ਠੀਕ-ਠਾਕ ਹੈ ਤੇ ਕੋਈ ਉਣਤਾਈ ਨਹੀਂ ਪਾਈ ਗਈ | ਜਥੇ. ਕਲਿਆਣ ਨੇ ਕਿਹਾ ਕਿ ਰਸੋਖਾਨਾ ਸ੍ਰੀ ਨਾਭ ਕਮਲ ਰਾਜਾ ਸਾਹਿਬ ਵਿਖੇ ਰਹਿਤ-ਮਰਿਆਦਾ ਅਨੁਸਾਰ ਹੀ ਸਭ ਕੱੁਝ ਚੱਲ ਰਿਹਾ ਹੈ | ਕੁੱਝ ਦਿਨ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਉਸ ਅਸਥਾਨ 'ਤੇ ਪਹੁੰਚੇ ਸਨ | ਅੱਜ ਉਨ੍ਹਾਂ ਨੇ ਵੀ ਸਥਾਨਕ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਸਾਰੇ ਹਲਾਤਾਂ ਨੂੰ ਚੰਗੀ ਤਰ੍ਹਾਂ ਜਾਣਿਆ | ਜਥੇ. ਕਲਿਆਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਰਸੋਖਾਨਾ ਸ੍ਰੀ ਨਾਭ ਕਮਲ ਰਾਜਾ ਸਾਹਿਬ ਵਿੱਚੋਂ 169 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲਣ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ 'ਚ ਦਾਅਵਾ ਕੀਤਾ ਸੀ ਕਿ 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ 'ਸਿੱਟ' ਨੂੰ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਤੋਂ 169 ਸਰੂਪ ਮਿਲੇ ਹਨ, ਜਿੰਨ੍ਹਾਂ 'ਚੋਂ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ | ਨਾ ਹੀ ਉਥੋਂ ਦੇ ਪ੍ਰਬੰਧਕ ਜਾਂਚ ਕਮੇਟੀ (ਸਿੱਟ) ਨੂੰ ਜਵਾਬ ਦੇ ਸਕੇ ਕਿ 139 ਸਰੂਪ ਕਿੱਥੋਂ ਤੇ ਕਿਵੇਂ ਲਿਆਂਦੇ ਗਏ | ਜਿਸ ਮਗਰੋਂ ਰਸੋਖਾਨਾ ਗੁਰਦੁਆਰਾ ਸ੍ਰੀ ਨਾਭ ਕਮਲ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਬੇਬੁਨਿਆਦ ਦੱਸਿਆ ਸੀ | ਜਥੇ. ਕਲਿਆਣ¢ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਸੰਗਤਾਂ ਦਾ ਧਿਆਨ ਭਟਕਾਉਣ ਲਈ ਮੁੱਖ ਮੰਤਰੀ ਨੇ ਅਜਿਹਾ ਬਿਆਨ ਦਿੱਤਾ ਹੈ | ਮੁੱਖ ਮੰਤਰੀ ਲੋਕ ਮਸਲੇ ਸੁਲਝਾਉਣ ਦੀ ਬਿਜਾਏ ਅਜਿਹੇ ਗੁੰਮਰਾਹਕੁੰਨ ਬਿਆਨ ਦੇ ਰਹੇ ਹਨ | ਇਸ ਮੌਕੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਸੁਖਦੀਪ ਸਿੰਘ ਸ਼ਿਕਾਰਗੜ੍ਹ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ, ਐਡਵੋਕੇਟ ਬਚਿੱਤਰ ਸਿੰਘ ਕੋਹਾੜ ਜ਼ਿਲ੍ਹਾ ਪ੍ਰਧਾਨ ਜਲੰਧਰ (ਦਿਹਾਤੀ), ਰਾਜਕਮਲ ਸਿੰਘ ਭੁੱਲਰ ਸੀਨੀਆਰ ਆਗੂ, ਜਥੇਦਾਰ ਮਨਜੀਤ ਸਿੰਘ ਆਦਿ ਵੀ ਮੌਜੂਦ ਸਨ |