ਜਲੰਧਰ, 20 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਪਿ੍ਤਪਾਲ ਸਿੰਘ ਪੁੱਤਰ ਕੈਰੋ ਸਿੰਘ ਵਾਸੀ ਮੁਹੱਲਾ ਸੈਦਾ, ਮਹਿਤਪੁਰ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 6 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਦੇ ਖ਼ਿਲਾਫ਼ ਮਿਤੀ 5 ਨਵੰਬਰ 2021 ਨੂੰ ਥਾਣਾ ਮਹਿਤਪੁਰ ਵਿਖੇ ਰਾਜਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਉਰਫ਼ ਲਾਡੀ ਵਾਸੀ ਮੁਹੱਲਾ ਸ਼ਾਦੀ ਖਾਂ, ਮਹਿਤਪੁਰ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਗੁਰਵਿੰਦਰ ਸਿੰਘ ਦਾ ਜ਼ਮੀਨੀ ਵਿਵਾਦ ਦੀ ਰੰਜਿਸ਼ ਨੂੰ ਲੈ ਕੇ ਚੱਲਦੀ ਰੰਜਿਸ਼ ਦੇ ਤਹਿਤ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਸੀ | ਇਸੇ ਮਾਮਲੇ 'ਚ ਅਦਾਲਤ ਨੇ ਦੋਸ਼ ਸਾਬਤ ਨਾ ਹੋਣ 'ਤੇ ਦੋਸ਼ੀ ਦੀ ਸੱਸ ਸੁਰਜੀਤ ਕੌਰ ਪਤਨੀ ਕੁਲਦੀਪ ਸਿੰਘ ਅਤੇ ਦੋਸ਼ੀ ਦੀ ਪਤਨੀ ਸੁਪ੍ਰੀਤ ਕੌਰ ਪਤਨੀ ਪਿ੍ਤਪਾਲ ਸਿੰਘ ਵਾਸੀ ਮੁਹੱਲਾ ਸੈਦਾ, ਮਹਿਤਪੁਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਸ਼ਿਕਾਇਤ ਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਉਕਤ ਪਤੇ ਦੀ ਰਹਿਣ ਵਾਲੀ ਹੈ ਤੇ ਘਰੇਲੂ ਕੰਮਕਾਜ ਕਰਦੀ ਹੈ ਤੇ ਘਟਨਾ ਵਾਲੇ ਦਿਨ ਆਪਣੇ ਪਤੀ ਗੁਰਵਿੰਦਰ ਸਿੰਘ ਨਾਲ ਆਪਣੇ ਖੇਤ ਵਾਹ ਰਹੀ ਸੀ ਤੇ ਉਸ ਦਾ ਪਤੀ ਟਰੈਕਟਰ ਚਲਾ ਰਿਹਾ ਸੀ ਤੇ ਇਨ੍ਹੇ ਨੂੰ ਪਿ੍ਤਪਾਲ ਸਿੰਘ ਆਪਣੀ ਗੱਡੀ 'ਚ ਆਇਆ ਤੇ ਰਾਈਫ਼ਲ ਕੱਢ ਕੇ ਲਲਕਾਰੇ ਮਾਰਦਾ ਹੋਇਆ ਉਸ ਦੇ ਪਤੀ ਵੱਲ ਗਿਆ ਤੇ ਰਾਈਫ਼ਲ ਨਾਲ ਚਾਰ ਫਾਇਰ ਕੀਤੇ ਜੋ ਕਿ ਉਸ ਦੇ ਪਤੀ ਗੁਰਵਿੰਦਰ ਸਿੰਘ ਨੂੰ ਲੱਗੇ ਜਿਸ ਨਾਲ ਉਸ ਦੀ ਮੌਤ ਹੋ ਗਈ | ਜਿਸ ਤੋਂ ਬਾਅਦ ਦੋਸ਼ੀ ਦੇ ਖ਼ਿਲਾਫ਼ ਧਾਰਾ 302,120-ਬੀ ਅਤੇ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ | ਮਿ੍ਤਕ ਦੀ ਪਤਨੀ ਜੋ ਕਿ ਸ਼ਿਕਾਇਤ ਕਰਤਾ ਸੀ ਨੇ ਕਿਹਾ ਕਿ ਦੋਸ਼ੀ ਦੀ ਉਸ ਦੇ ਪਤੀ ਨਾਲ ਜ਼ਮੀਨ ਵਿਵਾਦ ਨੂੰ ਲੈ ਕੇ ਰੰਜਿਸ਼ ਸੀ ਜਿਸ ਕਰਕੇ ਉਸ ਨੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਤੇ ਅੱਜ ਇਸੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ |