ਜਲੰਧਰ, 20 ਜਨਵਰੀ (ਜਸਪਾਲ ਸਿੰਘ)-20 ਜਨਵਰੀ 1991 ਪੰਜਾਬ ਦੇ ਇਤਿਹਾਸ ਵਿਚ ਇਕ ਸੰਵੇਦਨਸ਼ੀਲ ਅਤੇ ਯਾਦਗਾਰ ਤਾਰੀਖ ਵਜੋਂ ਦਰਜ ਹੈ ਤੇ ਇਸ ਦਿਨ ਰਾਜ ਵਿੱਚ ਖਾੜਕੂਵਾਦ ਦੇ ਦੌਰ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਮਰਪਿਤ ਆਗੂ, ਸੀਨੀਅਰ ਐਡਵੋਕੇਟ ਤੇ ਚੁਣੇ ਹੋਏ ਪਿੰਡ ਦੇ ਸਰਪੰਚ ਐਡਵੋਕੇਟ ਬਚਤਿੱਰ ਸਿੰਘ ਰੰਧਾਵਾ ਨੇ ਕੁਰਬਾਨੀ ਦਿੱਤੀ | ਉਨ੍ਹਾਂ ਦਾ ਜੀਵਨ ਹਿੰਮਤ, ਇਮਾਨਦਾਰੀ ਅਤੇ ਨਿਸ਼ਕਾਮ ਸੇਵਾ ਦੀ ਮਿਸਾਲ ਰਿਹਾ ਹੈ | ਬਚਿੱਤਰ ਸਿੰਘ ਰੰਧਾਵਾ ਨਾ ਸਿਰਫ਼ ਇੱਕ ਵਕੀਲ ਸਨ, ਸਗੋਂ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜੇ ਹੋਏ ਇੱਕ ਸਰਗਮ ਪ੍ਰਤਿਨਿਧੀ ਵੀ ਸਨ | ਕਾਂਗਰਸ ਦੇ ਸਰਪੰਚ ਵਜੋਂ ਉਨ੍ਹਾਂ ਨੇ ਆਪਣੇ ਪਿੰਡ ਦੇ ਵਿਕਾਸ, ਸਮਾਜਿਕ ਸਾਂਝ ਅਤੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ | ਉਨ੍ਹਾਂ ਦੇ ਸਾਫ ਅਕਸ, ਦੂਰਅੰਦੇਸ਼ ਸੋਚ ਅਤੇ ਲੋਕਤੰਤਰਿਕ ਮੁੱਲਾਂ 'ਤੇ ਅਟੱਲ ਵਿਸ਼ਵਾਸ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਵਿਸ਼ੇਸ਼ ਸਤਿਕਾਰ ਦਿਵਾਇਆ | ਉਨ੍ਹਾਂ ਦੀ ਯਾਦ ਨੂੰ ਸਦੀਵੀ ਸਨਮਾਨ ਦਿੰਦਿਆਂ ਕਾਂਗਰਸ ਸਰਕਾਰ ਵੱਲੋਂ ਫੋਕਲ ਪੁਆਇੰਟ ਤੋਂ ਪਿੰਡ ਰੰਧਾਵਾ ਮਸੰਦਾਂ ਨੂੰ ਜਾਣ ਵਾਲੀ ਸੜਕ ਦਾ ਨਾਮ ਸ਼ਹੀਦ ਐਡਵੋਕੇਟ ਬਚਿੱਤਰ ਸਿੰਘ ਮਾਰਗ ਰੱਖਿਆ ਗਿਆ, ਜੋ ਅੱਜ ਵੀ ਉਨ੍ਹਾਂ ਦੇ ਤਿਆਗ ਅਤੇ ਯੋਗਦਾਨ ਦੀ ਅਮਿੱਟ ਨਿਸ਼ਾਨੀ ਹੈ | ਆਪਣੇ ਸ਼ਹੀਦ ਪਿਤਾ ਦੀ ਸੇਵਾ ਅਤੇ ਸਮਰਪਣ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਦੇ ਪੁੱਤਰ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਅੱਜ ਕਾਂਗਰਸ ਪਾਰਟੀ ਵਿੱਚ ਪੂਰੀ ਨਿਸ਼ਠਾ ਨਾਲ ਸਰਗਰਮ ਹਨ ਅਤੇ ਸਮਾਜਿਕ ਤੇ ਲੋਕ ਭਲਾਈ ਦੇ ਕੰਮਾਂ ਵਿੱਚ ਲਗਾਤਾਰ ਯੋਗਦਾਨ ਦੇ ਰਹੇ ਹਨ | ਉਹ ਆਪਣੇ ਪਿਤਾ ਦੇ ਆਦਰਸ਼ਾਂ, ਨਿਸ਼ਕਾਮ ਸੇਵਾ, ਸਮਾਜਿਕ ਸਾਂਝ ਅਤੇ ਲੋਕਤੰਤਰਕ ਵਿਸ਼ਵਾਸ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਹੇ ਹਨ | ਅੱਜ ਐਡਵੋਕੇਟ ਬਚਿੱਤਰ ਸਿੰਘ ਰੰਧਾਵਾ ਦੀ ਬਰਸੀ 'ਤੇ ਪੂਰਾ ਪੰਜਾਬ ਆਪਣੇ ਉਸ ਵੀਰ ਸਪੂਤ ਨੂੰ ਨਮਨ ਕਰਦਾ ਹੈ, ਜਿਨ੍ਹਾਂ ਦਾ ਜੀਵਨ ਤੇ ਬਲੀਦਾਨ ਹਮੇਸ਼ਾ ਪ੍ਰੇਰਨਾ ਬਣਿਆ ਰਹੇਗਾ |