13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਨਿਰਮਲ ਸਿੱਧੂ ਦੇ ਲਿਖੇ ਗੀਤਾਂ ਦੀ ਕਿਤਾਬ ‘ਗੀਤ ਵੀ ਬੋਲਦੇ ਨੇ’ ਲੋਕ ਅਰਪਣ

ਜਲੰਧਰ, 12 ਨਵੰਬਰ (ਐੱਮ. ਐੱਸ.

ਅਜੀਤ ਡੈਸਕ 13-11-2026
ਜਲੰਧਰ, 12 ਨਵੰਬਰ (ਐੱਮ. ਐੱਸ. ਲੋਹੀਆ)-ਹਰਮਨ ਪਿਆਰੇ ਗਾਇਕ ਵਜੋਂ ਆਪਣੀ ਖ਼ੂਬਸੂਰਤ ਪਛਾਣ ਬਣਾ ਚੁੱਕੇ ਨਿਰਮਲ ਸਿੱਧੂ ਦੇ ਲਿਖੇ ਹੋਏ ਲੋਕ ਪ੍ਰਸਿੱਧ ਗੀਤਾਂ ਦੀ ਕਿਤਾਬ “ਗੀਤ ਵੀ ਬੋਲਦੇ ਨੇ” ਨੂੰ ਲੋਕ ਅਰਪਣ ਕਰਨ ਲਈ ‘ਲੋਕ ਮੰਚ ਪੰਜਾਬ’ ਵਲੋਂ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਉੱਘੇ ਪੱਤਰਕਾਰ ਤੇ ਗਲਪਕਾਰ ਕੁਲਦੀਪ ਸਿੰਘ ਬੇਦੀ, ਉੱਘੇ ਗੀਤਕਾਰ ਵਿਜੇ ਧੰਮੀ, ਉੱਘੇ ਗਾਇਕ ਐੱਚ. ਐੱਸ. ਭਜਨ ਅਤੇ ਡਾ. ਲਖਵਿੰਦਰ ਸਿੰਘ ਜੌਹਲ ਸ਼ਾਮਿਲ ਸਨ। ਲੋਕ ਮੰਚ ਪੰਜਾਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਨਿਰਮਲ ਸਿੱਧੂ ਨੇ ਹਮੇਸ਼ਾ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸਮਾਜ ਨੂੰ ਪ੍ਰਫੁੱਲਤ ਕਰਨ ਵਾਲੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੀ ਗਾਏ ਤੇ ਲਿਖੇ ਹਨ, ਜਿਸ ਕਰਕੇ ਸਮੁੱਚਾ ਪੰਜਾਬੀ ਸਮਾਜ ਇਨ੍ਹਾਂ ਦਾ ਰਿਣੀ ਹੈ। ਕੁਲਦੀਪ ਸਿੰਘ ਬੇਦੀ ਨੇ ਆਪਣੇ ਸੰਬੋਧਨ ’ਚ ਕਈ ਮੁੱਲਵਾਨ ਸੁਝਾਅ ਦਿੱਤੇ। ਨਿਰਮਲ ਸਿੱਧੂ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਦੀਪਕ ਬਾਲੀ ਨੇ ਉਸਨੂੰ ਇਕ ਖੂਬਸੂਰਤ ਸ਼ਖਸੀਅਤ, ਸਿੱਖਿਅਤ ਸੰਗੀਤਕਾਰ ਤੇ ਸੁਰੀਲਾ ਗਾਇਕ ਕਿਹਾ। ਉਨ੍ਹਾਂ ਕਿਹਾ ਕਿ ਨਿਰਮਲ ਸਿੱਧੂ ਨੇ ਆਪਣੀ ਸਖ਼ਤ ਮਿਹਨਤ ਤੇ ਲਿਆਕਤ ਨਾਲ ਉੱਚ ਸਫ਼ਲਤਾਵਾਂ ਪਾਈਆਂ ਹਨ ਤੇ ਦੇਸ਼-ਵਿਦੇਸ਼ ’ਚ ਨਾਮਣਾ ਖੱਟਿਆ ਹੈ। ਵਿਜੇ ਧੰਮੀ ਨੇ ਨਿਰਮਲ ਸਿੱਧੂ ਨੂੰ ਇਕ ਸ਼ਾਲੀਨ ਤੇ ਸੁਹਿਰਦ ਇਨਸਾਨ ਦੱਸਦਿਆਂ ਉਸ ਦੀ ਇਸ ਨਵੀਂ ਸਫ਼ਲਤਾ ’ਤੇ ਮੁਬਾਰਕਬਾਦ ਦਿੱਤੀ। ਨਿਰਮਲ ਸਿੱਧੂ ਨੇ ਦੂਰਦਰਸ਼ਨ ਜਲੰਧਰ ਅਤੇ ਸੰਗੀਤ ਕਰਮੀਆਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਹਿਲਾਂ ਤੋਂ ਵੀ ਵਧੇਰੇ ਤਨਦੇਹੀ ਨਾਲ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀ ਸਮਾਜ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਦੀਪ ਮੰਗਲੀ, ਹਰਵਿੰਦਰ ਸਿੰਘ (ਵੀਰ ਰਹੀਮਪੁਰੀ), ਰਜਿੰਦਰ ਸਨਮ, ਗੁਰਜੀਤ ਚੀਮਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਨਿਗਮ ਪ੍ਰਸ਼ਾਸਨ ’ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਦੇ ਤਬਾਦਲੇ ਅਗਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਦੀਆਂ ਸਮੁੱਚੀਆਂ ਸੰਗਤਾਂ ਝੂਠੀਆਂ ਅਫਵਾਹਾਂ ਤੇ ਭੜਕਾਊ ਬਿਆਨਾਂ ਤੋਂ ਦੂਰ ਰਹਿੰਦਿਆਂ ਡੇਰੇ ਦੀ ਮਾਣ-ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।