ਮਹਿੰਗਾਈ ਕਾਰਨ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜਿਆ- ਕੁਮਾਰੀ ਸ਼ੈਲਜਾ
ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਸੰਸਦ ਮੈਂਬਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਧਦੀ ਮਹਿੰਗਾਈ ਸੰਬੰਧੀ ਕੇਂਦਰ ਦੀਆਂ ਭਾਜਪਾ ਸਰਕਾਰ ਦੀਆਂ ਆਰਥਿਕ ਨੀਤੀਆਂ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੀਵਾਲੀ ਸਮੇਤ ਵੱਖ-ਵੱਖ ਤਿਉਹਾਰਾਂ ਦੌਰਾਨ ਰਾਹਤ ਮਿਲਣ ਦੀ ਬਜਾਏ ਆਮ ਆਦਮੀ ਹੁਣ ਆਪਣੇ ਘਰੇਲੂ ਬਜਟ ਬਾਰੇ ਚਿੰਤਤ ਹੈ।
ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਸੰਸਦ ਮੈਂਬਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਧਦੀ ਮਹਿੰਗਾਈ ਸੰਬੰਧੀ ਕੇਂਦਰ ਦੀਆਂ ਭਾਜਪਾ ਸਰਕਾਰ ਦੀਆਂ ਆਰਥਿਕ ਨੀਤੀਆਂ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੀਵਾਲੀ ਸਮੇਤ ਵੱਖ-ਵੱਖ ਤਿਉਹਾਰਾਂ ਦੌਰਾਨ ਰਾਹਤ ਮਿਲਣ ਦੀ ਬਜਾਏ ਆਮ ਆਦਮੀ ਹੁਣ ਆਪਣੇ ਘਰੇਲੂ ਬਜਟ ਬਾਰੇ ਚਿੰਤਤ ਹੈ। ਭੋਜਨ, ਘਰੇਲੂ ਜ਼ਰੂਰਤਾਂ, ਸਿੱਖਿਆ ਤੇ ਸਿਹਤ ‘ਤੇ ਵਧਦੇ ਖਰਚਿਆਂ ਨੇ ਮੱਧ ਵਰਗ, ਗਰੀਬ ਪਰਿਵਾਰਾਂ, ਕਿਸਾਨਾਂ ਤੇ ਛੋਟੇ ਕਾਰੋਬਾਰਾਂ ਦੀਆਂ ਵਿੱਤੀ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਮਹਿੰਗਾਈ ਤੇ ਬੇਰੁਜ਼ਗਾਰੀ ਦੇ ਦੋਹਰੇ ਝਟਕੇ ਨੇ ਆਮ ਪਰਿਵਾਰਾਂ ਲਈ ਤਿਉਹਾਰਾਂ ਦੀ ਖੁਸ਼ੀ ਨੂੰ ਮੱਧਮ ਕਰ ਦਿੱਤਾ ਹੈ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਨੀਤੀ ਹਮੇਸ਼ਾ ਆਮ ਆਦਮੀ ਦੀ ਖਰੀਦ ਸ਼ਕਤੀ ਵਧਾਉਣ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਜ਼ਰੂਰੀ ਵਸਤੂਆਂ ਨੂੰ ਕਿਫਾਇਤੀ ਬਣਾਉਣ ਦੀ ਰਹੀ ਹੈ। ਮਹਿੰਗਾਈ ਦਾ ਮੁਲਾਂਕਣ ਸਿਰਫ਼ ਸਰਕਾਰੀ ਅੰਕੜਿਆਂ ਤੋਂ ਨਹੀਂ, ਸਗੋਂ ਇਸ ਗੱਲ ਤੋਂ ਕੀਤਾ ਜਾਣਾ ਚਾਹੀਦਾ ਹੈ ਕਿ ਇੱਕ ਪਰਿਵਾਰ ਆਪਣੀ ਸੀਮਤ ਆਮਦਨ ਦੇ ਅੰਦਰ ਆਪਣੀਆਂ ਜ਼ਰੂਰਤਾਂ ਨੂੰ ਕਿੰਨਾ ਪੂਰਾ ਕਰ ਸਕਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਆਪਣੇ ਅੰਕੜੇ ਮਹਿੰਗਾਈ ਦੀ ਗੰਭੀਰ ਸਥਿਤੀ ਨੂੰ ਦਰਸਾਉਂਦੇ ਹਨ। ਸਤੰਬਰ 2026 ਵਿੱਚ ਪ੍ਰਚੂਨ ਮਹਿੰਗਾਈ 5.54 ਪ੍ਰਤੀਸ਼ਤ ਤੱਕ ਵਧ ਗਈ, ਜਦੋਂ ਕਿ ਅਗਸਤ ’ਚ ਇਹ 4.83 ਪ੍ਰਤੀਸ਼ਤ ਸੀ। ਖੁਰਾਕ ਮਹਿੰਗਾਈ 5.97 ਪ੍ਰਤੀਸ਼ਤ ਤੋਂ ਵਧ ਕੇ 7.74 ਪ੍ਰਤੀਸ਼ਤ ਹੋ ਗਈ। ਪੇਂਡੂ ਖੇਤਰਾਂ ’ਚ ਮਹਿੰਗਾਈ 6.08 ਪ੍ਰਤੀਸ਼ਤ ਦਰਜ ਕੀਤੀ ਗਈ। ਪਿਆਜ਼ ਦੀਆਂ ਕੀਮਤਾਂ ਵਿੱਚ ਸਾਲਾਨਾ 108.09 ਪ੍ਰਤੀਸ਼ਤ, ਅਦਰਕ ਵਿਚ 62.85 ਪ੍ਰਤੀਸ਼ਤ ਤੇ ਲਸਣ ਵਿੱਚ 54.62 ਪ੍ਰਤੀਸ਼ਤ ਦਾ ਵਾਧਾ ਹੋਇਆ। ਕੁਮਾਰੀ ਸ਼ੈਲਜਾ ਨੇ ਸਵਾਲ ਕੀਤਾ ਕਿ ਜਦੋਂ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ ਵੱਧ ਰਹੀਆਂ ਹਨ ਤਾਂ ਗਰੀਬ ਅਤੇ ਮੱਧ ਵਰਗ ਦੇ ਪਰਿਵਾਰ ਤਿਉਹਾਰ ਕਿਵੇਂ ਮਨਾਉਣਗੇ। ਕੀ ਸਰਕਾਰ ਕੋਲ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੋਈ ਠੋਸ ਕਾਰਜ ਯੋਜਨਾ ਹੈ ? ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਸਿਰਫ਼ ਮਹਿੰਗਾਈ ਦੇ ਅੰਕੜਿਆਂ ਦੀ ਵਿਆਖਿਆ ਕਰਨ ਦੀ ਬਜਾਏ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ। ਕਾਂਗਰਸ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਜਮ੍ਹਾਖੋਰੀ ਤੇ ਮੁਨਾਫ਼ਾਖੋਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰੇ, ਜ਼ਰੂਰੀ ਵਸਤੂਆਂ ਦੀ ਢੁਕਵੀਂ ਸਪਲਾਈ ਯਕੀਨੀ ਬਣਾਏ ਤੇ ਗਰੀਬਾਂ ਤੇ ਮੱਧ ਵਰਗ ਨੂੰ ਰਾਹਤ ਪ੍ਰਦਾਨ ਕਰਨ ਲਈ ਠੋਸ ਆਰਥਿਕ ਕਦਮ ਚੁੱਕੇ।