ਮੋਗਾ, 27 ਸਤੰਬਰ (ਜਸਪਾਲ ਸਿੰਘ ਬੱਬੀ)-ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ‘ਵੰਦੇ ਮਾਤਰਮ ਦੇ 150ਵੇਂ ਵਰ੍ਹੇ’ ਤੇ ਰਾਸ਼ਟਰ ਗੀਤ ‘ਵੰਦੇ ਮਾਤਰਮ’ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ ਕੀਤਾ| ਇਸ ਕਾਰਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਦੇਸ਼-ਪ੍ਰੇਮ, ਰਾਸ਼ਟਰੀ ਏਕਤਾ ਅਤੇ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ| ਪ੍ਰਿੰਸੀਪਲ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ‘ਵੰਦੇ ਮਾਤਰਮ’ ਦੇ ਇਤਿਹਾਸਕ ਅਤੇ ਰਾਸ਼ਟਰੀ ਮਹੱਤਵ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਦੇਸ਼ ਦੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਆਜ਼ਾਦੀ ਸੰਗਰਾਮ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ| ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ, ਮੈਨੇਜਰ ਕੇ.ਐਲ. ਗਰਗ, ਸਕੱਤਰ ਮੋਹਿੰਦਰ ਜਿੰਦਲ, ਰਾਧੇਸ਼ ਕੁਮਾਰ ਅਤੇ ਸਕੂਲ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ| ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਸਭ ਨੂੰ ਵਧਾਈ ਦਿੱਤੀ|