ਯਮੁਨਾਨਗਰ, 17 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਦੇ ਜੀਵਨ ਵਿਗਿਆਨ ਵਿਭਾਗ, ਐਨ. ਐਸ. ਐਸ. ਯੂਨਿਟ ਅਤੇ ਸੁਦਰਸ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੇਵਾ ਸੰਕਲਪ ਅਭਿਆਨ (ਸੇਵਾ ਸੰਕਲਪ ਮੁਹਿੰਮ) ਦੇ ਹਿੱਸੇ ਵਜੋਂ ਬੂਟੇ ਲਗਾਉਣ ਅਤੇ ਅੰਗਦਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੁਦਰਸ਼ਨ ਫਾਊਂਡੇਸ਼ਨ ਦੇ ਸੰਸਥਾਪਕ ਸੰਦੀਪ ਬਜਾਜ ਨੇ ਬੂਟੇ ਵੰਡੇ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਕੌਂਸਲਰ ਵਿਭੋਰ ਪਾਹੂਜਾ, ਡਿਪਟੀ ਸਿੱਖਿਆ ਅਧਿਕਾਰੀ ਡਾ. ਗੋਪਾਲ, ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ, ਡਾ. ਸੁਨੀਤਾ ਕੌਸ਼ਿਕ ਤੇ ਵਿਦਿਆਰਥਣਾਂ ਨੇ ਹੋਸਟਲ ਦੇ ਮੈਦਾਨ ਵਿਚ ਬੂਟੇ ਲਗਾਏ। ਕਾਲਜ ਆਡੀਟੋਰੀਅਮ ਵਿਚ ਕਰਵਾਏ ਪ੍ਰੋਗਰਾਮ ’ਚ ਵਿਦਿਆਰਥਣਾਂ ਨੇ ਭਾਸ਼ਣਾਂ, ਕਵਿਤਾਵਾਂ ਤੇ ਨੁੱਕੜ ਨਾਟਕਾਂ ਰਾਹੀਂ ਅੰਗਦਾਨ ਦੀ ਮਹੱਤਤਾ ਬਾਰੇ ਦੱਸਿਆ। ਨੁੱਕੜ ਨਾਟਕ ਰਾਹੀਂ ਅੰਗਦਾਨ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਅਤੇ ਜਨਤਕ ਸੰਵੇਦਨਸ਼ੀਲਤਾ ਤੇ ਜਾਗਰੂਕਤਾ ਵਧਾਉਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਪ੍ਰੋਗਰਾਮ ਕੋਆਰਡੀਨੇਟਰ ਡਾ. ਸੁਨੀਤਾ ਕੌਸ਼ਿਕ, ਪਾਰੁਲ ਸਿੰਘ ਤੇ ਕਨਿਕਾ ਗੋਇਲ ਨੇ ਵਿਦਿਆਰਥਣਾਂ ਨੂੰ ਅੰਗਦਾਨ ਦੀ ਮਹੱਤਤਾ ਨੂੰ ਸਮਝਣ ਅਤੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਪਰਮੇਸ਼ ਕੁਮਾਰ, ਡਾ. ਪ੍ਰਿਯੰਕਾ, ਡਾ. ਅਮੀਸ਼ਾ, ਰਜਨੀ ਤੇ ਵਿਵੇਕ ਚੋਪੜਾ ਨੇ ਸਫਲ ਪ੍ਰੋਗਰਾਮ ਵਿਚ ਯੋਗਦਾਨ ਪਾਇਆ। ਇਸ ਮੌਕੇ ਪੋਸਟਰਾਂ ਰਾਹੀਂ ਦਿੱਤਾ ਗਿਆ ਓਜ਼ੋਨ ਸੁਰੱਖਿਆ ਦਾ ਸੁਨੇਹਾ ਜੀਵਨ ਵਿਗਿਆਨ ਵਿਭਾਗ ਤੇ ਐਨ. ਐਸ. ਐਸ. ਯੂਨਿਟ ਦੁਆਰਾ ਸਾਂਝੇ ਤੌਰ ‘ਤੇ ਕਰਵਾਏ ਇਕ ਹੋਰ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੇ ਪੋਸਟਰਾਂ ਰਾਹੀਂ ਓਜ਼ੋਨ ਪਰਤ ਦੀ ਮਹੱਤਤਾ ਧਰਤੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਣ ਤੇ ਇਸ ਦੀ ਸੰਭਾਲ ਬਾਰੇ ਚਾਨਣਾ ਪਾਇਆ। ਇਹ ਪ੍ਰੋਗਰਾਮ ਡਾ. ਸੁਨੀਤਾ ਕੌਸ਼ਿਕ, ਪਾਰੁਲ ਸਿੰਘ ਤੇ ਕਨਿਕਾ ਗੋਇਲ ਦੀ ਅਗਵਾਈ ਹੇਠ ਕਰਵਾਇਆ ਗਿਆ।