07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਾਂਗਰਸ ਵਲੋਂ ਤੇਲ ਕੀਮਤਾਂ ਦੇ ਮੁੱਦੇ 'ਤੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ

ਅਜੀਤ ਡੈਸਕ 22-05-2026
ਸਿਰਸਾ, 21 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਅਤੇ ਨੀਟ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ | ਕਾਂਗਰਸ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦਾ ਆਮ ਨਾਗਰਿਕ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੇ ਆਵਾਜਾਈ ਦੇ ਖਰਚੇ ਵਧਾ ਦਿੱਤੇ ਹਨ, ਜਿਸ ਨਾਲ ਭੋਜਨ, ਸਬਜ਼ੀਆਂ, ਦੁੱਧ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ | ਰਸੋਈ ਗੈਸ ਸਿਲੰਡਰਾਂ ਦੀਆਂ ਉੱਚੀਆਂ ਕੀਮਤਾਂ ਨੇ ਮੱਧ ਵਰਗ ਅਤੇ ਗਰੀਬ ਪਰਿਵਾਰਾਂ ਦੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ | ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਮਹਿੰਗਾਈ ਨੇ ਆਮ ਪਰਿਵਾਰਾਂ ਲਈ ਜੀਵਨ ਬਹੁਤ ਮੁਸ਼ਕਲ ਬਣਾ ਦਿੱਤਾ ਹੈ | ਕੇਹਰਵਾਲਾ ਨੇ ਨੀਟ ਪ੍ਰੀਖਿਆ ਪੇਪਰ ਲੀਕ ਨੂੰ ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਦੱਸਦਿਆਂ ਕਿਹਾ ਕਿ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਾਲਾਂ ਦੀ ਮਿਹਨਤ ਅਤੇ ਉਮੀਦਾਂ ਬਰਬਾਦ ਹੋ ਗਈਆਂ ਹਨ | ਵਿਧਾਇਕ ਚੌਧਰੀ ਭਰਤ ਸਿੰਘ ਬੇਨੀਵਾਲ ਨੇ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਨਿਕ ਅਸਫਲਤਾ ਨਹੀਂ ਹੈ, ਸਗੋਂ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਬੇਇਨਸਾਫ਼ੀ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਪ੍ਰੀਖਿਆ ਪ੍ਰਣਾਲੀ ਤੋਂ ਵਿਸ਼ਵਾਸ ਗੁਆ ਰਹੇ ਹਨ, ਜਿਸ ਨੂੰ ਬਹਾਲ ਕਰਨ ਦੀ ਲੋੜ ਹੈ | ਵਿਧਾਇਕ ਗੋਕੁਲ ਸੇਤੀਆ ਨੇ ਕਿਹਾ ਕਿ ਲੋਕਤੰਤਰ ਵਿੱਚ, ਵਿਰੋਧੀ ਧਿਰ ਦਾ ਫਰਜ਼ ਹੈ ਕਿ ਉਹ ਲੋਕਾਂ ਦੀ ਆਵਾਜ਼ ਬੁਲੰਦ ਕਰੇ | ਕਾਂਗਰਸ ਪਾਰਟੀ ਜਨਤਕ ਮੁੱਦਿਆਂ ਲਈ ਲੜਦੀ ਰਹੇਗੀ | ਉਨ੍ਹਾਂ ਨੇ ਮੰਗ ਕੀਤੀ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਤੁਰੰਤ ਘਟਾਇਆ ਜਾਏ | ਦੁੱਧ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਤੇ ਪ੍ਰਭਾਵਸ਼ਾਲੀ ਨਿਯੰਤਰਣ ਲਾਗੂ ਕੀਤੇ ਜਾਣ | ਉਨ੍ਹਾਂ ਮਹਿੰਗਾਈ ਨੂੰ ਨੱਥ ਪਾਈ ਜਾਵੇ | ਇਸ ਮੌਕੇ ਸਾਬਕਾ ਵਿਧਾਇਕ ਅਮਿਤ ਸਿਹਾਗ, ਵੀਰਭਾਨ ਮਹਿਤਾ, ਪ੍ਰਦੇਸ਼ ਕਾਂਗਰਸ ਦੇ ਨੁਮਾਇੰਦੇ ਰਾਜਕੁਮਾਰ ਸ਼ਰਮਾ, ਨਵੀਨ ਕੇਡੀਆ, ਰਾਜੇਸ਼ ਚਾਡੀਵਾਲ, ਸੰਦੀਪ ਨਹਿਰਾ, ਮਹੇਸ਼ ਗੋਇਲ ਪ੍ਰਧਾਨ ਨਗਰ ਪਾਲਿਕਾ ਕਾਲਾਂਵਾਲੀ, ਬਲਵੰਤ ਕੌਰ, ਬਲਬੀਰ ਸਿੰਘ ਆਦਿ ਸਮੇਤ ਕਈ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ | ਇਥੇ ਜ਼ਿਕਰਯੋਗ ਹੈ ਕਿ ਕਾਂਗਰਸ ਦੇ ਇੱਕ ਧੜੇ ਨੇ ਬੀਤੇ ਕੱਲ੍ਹ ਵੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਤੇ ਦੂਜੇ ਧੜੇ ਨੇ ਅੱਜ ਪ੍ਰਦਰਸ਼ਨ ਕੀਤਾ ਹੈ | ਜਿਸ ਤੋਂ ਇਹ ਸਾਫ ਹੈ ਕਿ ਕਾਂਗਰਸ ਧੜਿਆਂ 'ਚ ਵੰਡੀ ਹੋਈ ਹੈ | ਜਿਸ ਨੇ ਰਾਜਸੀ ਚਰਚਾ ਛੇੜ ਦਿੱਤੀ ਹੈ |
ਪਿਛਲੀ ਖ਼ਬਰ ਟੋਹਾਣਾ ਰੇਲਵੇ ਸਟੇਸ਼ਨ 'ਤੇ ਅਣਪਛਾਤੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਔਢਾਂ 'ਚ ਸਫਾਈ ਕਰਮਚਾਰੀਆਂ ਨੇ ਫੂਕਿਆ ਪੰਚਾਇਤ ਮੰਤਰੀ ਦਾ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।