ਦਿੱਲੀ ਦਾ ਮੌਸਮ ਬਣਿਆ ਸੁਹਾਵਣਾ
ਅਜੀਤ ਡੈਸਕ
08-05-2026
ਨਵੀਂ ਦਿੱਲੀ, 7 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦਾ ਮੌਸਮ ਇਨ੍ਹਾਂ ਦਿਨਾਂ ਵਿਚ ਸੁਹਾਵਣਾ ਬਣਿਆ ਹੋਇਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਵੀ ਮਿਲੀ ਹੋਈ ਹੈ | ਆਸਮਾਨ ਵਿਚ ਬੱਦਲ ਛਾਏ ਹੋਣ ਦੇ ਕਾਰਨ ਹਲਕੀ ਧੁੱਪ ਵੀ ਨਜ਼ਰ ਆ ਰਹੀ ਹੈ | ਲੋਕਾਂ ਨੂੰ ਲੂ ਤੋਂ ਵੀ ਛੁਟਕਾਰਾ ਮਿਲਿਆ ਹੋਇਆ ਹੈ | ਮਈ ਦੇ ਮਹੀਨੇ ਵਿਚ ਲੋਕਾਂ ਨੂੰ ਅਜਿਹਾ ਹੀ ਮੌਸਮ ਮਿਲਿਆ ਹੋਇਆ ਹੈ | ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿਚ ਹੋਈ ਬਾਰਿਸ਼ ਨੇ ਅਜਿਹਾ ਮੌਸਮ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ਹੈ | ਉਮੀਦ ਕੀਤੀ ਜਾ ਰਹੀ ਕਿ ਕੁਝ ਹੋਰ ਦਿਨਾਂ ਵਿਚ ਅਜਿਹੇ ਮੌਸਮ ਦੀ ਉਮੀਦ ਬਣੀ ਰਹੇਗੀ | ਪਿਛਲੇ ਸਾਲਾਂ 'ਤੇ ਜੇਕਰ ਨਜ਼ਰ ਮਾਰੀਏ ਤਾਂ ਮਈ ਦਾ ਮਹੀਨਾ ਅਕਸਰ ਗਰਮ ਹੀ ਰਿਹਾ ਹੈ | ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ 8 ਮਈ ਤੋਂ 12 ਮਈ ਤੱਕ ਅਸਮਾਨ ਸਾਫ ਰਹੇਗਾ ਤੇ ਥੋੜ੍ਹੀ ਧੁੱਪ ਵੀ ਨਿਕਲੇਗੀ ਪ੍ਰੰਤੂ ਜ਼ਿਆਦਾ ਤਪਸ਼ ਨਹੀਂ ਰਹੇਗੀ | ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ 9 ਅਤੇ 10 ਮਈ ਨੂੰ ਮੌਸਮ ਗਰਮ ਰਹਿਣ ਦੇ ਨਾਲ ਹੁੰਮਸ ਭਰਿਆ ਹੋ ਸਕਦਾ ਹੈ |