02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਰਵਰ ਡਾਊਨ ਨਾਲ ਖਰੀਦ ਪ੍ਰਣਾਲੀ ਰਹੀ ਠੱਪ-ਟਰੈਕਟਰ-ਟਰਾਲੀਆਂ ਦੀਆਂ ਲੱਗੀਆਂ ਕਤਾਰਾਂ <br/>

ਅਜੀਤ ਡੈਸਕ 15-04-2026
ਡੱਬਵਾਲੀ, 14 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਕਣਕ ਸੀਜ਼ਨ ਵਿੱਚ ਪੋਰਟਲ ਆਧਾਰਤ ਸਰਕਾਰੀ ਖਰੀਦ ਤਹਿਤ ਫੇਲ੍ਹ ਸਰਵਰ ਦੀ ਸਮੱਸਿਆ ਨੇ ਖਰੀਦ ਵਿਸਥਾ ਨੂੰ ਤਹਿਸ-ਨਹਿਸ ਕਰ ਛੱਡਿਆ ਹੈ | ਲਗਾਤਾਰ ਦੂਜੇ ਦਿਨ ਵਾਰ-ਵਾਰ ਘੰਟਿਆਂਬੱਧੀ ਪੋਰਟਲ ਸਰਵਰ ਡਾਊਨ ਰਹਿਣ ਕਰਕੇ ਡੱਬਵਾਲੀ ਦਾਣਾ ਮੰਡੀ ਸਮੇਤ ਹੋਰਨਾਂ ਖਰੀਦ ਕੇਂਦਰਾਂ 'ਤੇ ਅਵਿਵਸਥਾ ਦਾ ਮਾਹੌਲ ਬਣਿਆ ਰਿਹਾ | ਬਾਇਓਮੈਟਿ੍ਕ ਅਤੇ ਆਨਲਾਈਨ ਗੇਟ ਪਾਸ ਪ੍ਰਕਿਰਿਆ 'ਚ ਵਿਘਨ ਪਿਆ ਰਿਹਾ, ਜਿਸ ਕਰਕੇ ਕਣਕ ਫ਼ਸਲ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਦੀਆਂ ਮੰਡੀਆਂ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ | ਸਰਵਰ ਵਿੱਚ ਵਾਰ-ਵਾਰ ਖਰਾਬੀ ਕਰਕੇ ਜ਼ਿਲ੍ਹਾ ਸਿਰਸਾ ਦੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਆਫ਼ਲਾਈਨ ਗੇਟ ਪਾਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ | ਇਸ ਉਪਰੰਤ ਫਸਲ ਐਂਟਰੀ ਮੁੜ ਸ਼ੁਰੂ ਹੋਈ ਅਤੇ ਕਿਸਾਨਾਂ ਨੇ ਰਾਹਤ ਦਾ ਸਾਹ ਲਿਆ | ਜ਼ਿਕਰਯੋਗ ਹੈ ਕਿ ਨਵੀਂ ਪ੍ਰਣਾਲੀ ਵਿੱਚ ਟਰੈਕਟਰ ਨੰਬਰ ਦੀ ਫੋਟੋ ਅਪਲੋਡ, ਜੇ-ਫਾਰਮ, ਆਨਲਾਈਨ ਆਈ-ਫਾਰਮ ਅਤੇ ਪਿ੍ੰਟ ਕੱਢਣ ਜਿਹੇ ਮੁਸ਼ਕਿਲਾਂ ਪ੍ਰਕਿਰਿਆ ਤੋਂ ਕਿਸਾਨ ਅਤੇ ਆੜ੍ਹਤੀ ਖਾਸੇ ਪਰੇਸ਼ਾਨ ਹਨ | ਅੱਜ ਫੇਲ੍ਹ ਸਰਵਰ ਦਾ ਸਿੱਧਾ ਅਸਰ ਖੇਤਾਂ ਵਿੱਚ ਕਣਕ ਦੀ ਵਾਢੀ 'ਤੇ ਵੀ ਪਿਆ | ਕਿਸਾਨ ਆਗੂ ਗੁਰਪ੍ਰੇਮ ਦੇਸੂਜੋਧਾ ਤੇ ਖੁਸ਼ਦੀਪ ਹੈਬੂਆਣਾ ਨੇ ਦੋਸ਼ ਲਗਾਇਆ ਕਿ ਸਰਕਾਰ ਦੀ ਆਨਲਾਈਨ ਖਰੀਦ ਪ੍ਰਣਾਲੀ ਫੇਲ੍ਹ ਸਾਬਤ ਹੋ ਰਹੀ ਹੈ | ਹਰਿਆਣਾ ਰਾਜ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਪ ਕਾਮਰਾ ਦਰਦੀ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਬੂਹਿਓਾ ਤਿੰਨ ਕਾਲੇ ਕਾਨੂੰਨ ਹਰਿਆਣਾ ਵਿੱਚ ਲਾਗੂ ਕਰ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਨੂੰ ਫਸਲ ਪ੍ਰਾਈਵੇਟ ਵੇਚਣ ਲਈ ਈ-ਨਾਮ ਪੋਰਟਲ 'ਤੇ ਔਖੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਕਣਕ ਸੀਜ਼ਨ ਵਿੱਚ ਆੜ੍ਹਤੀਆਂ ਅਤੇ ਕਿਸਾਨਾਂ ਦੀ ਸਹੂਲਤ ਲਈ ਪੁਰਾਣੀ ਪ੍ਰਣਾਲੀ ਲਾਗੂ ਕੀਤੀ ਜਾਵੇ |
ਕਿਸਾਨ ਦਿੱਕਤਾਂ ਦੇ ਪ੍ਰਤੀ ਪ੍ਰਸ਼ਾਸਨ ਚੌਕਸ-ਡੀ. ਸੀ. ਸਿਰਸਾ
ਸਿਰਸਾ ਦੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਕਿਹਾ ਕਿ ਅੱਜ ਸਰਵਰ ਵਿੱਚ ਕੁਝ ਸਮੇਂ ਲਈ ਦਿੱਕਤ ਰਹੀ | ਕਿਸਾਨਾਂ ਨੂੰ ਦਰਪੇਸ਼ ਦਿੱਕਤਾਂ ਦੇ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਮੇਂ-ਸਮੇਂ 'ਤੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ | ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਜੱਗਾ ਨੇ ਦੱਸਿਆ ਕਿ ਸਰਵਰ ਸਮੱਸਿਆ ਕਰਕੇ ਪ੍ਰਸ਼ਾਸਨ ਵੱਲੋਂ ਆਫ਼ਲਾਈਨ ਗੇਟ ਪਾਸ ਪ੍ਰਣਾਲੀ ਲਾਗੂ ਕੀਤੀ ਗਈ ਹੈ ਅਤੇ ਉਹ ਖੁਦ ਖਰੀਦ ਕੇਂਦਰਾਂ ਦਾ ਦੌਰਾ ਕਰ ਰਹੇ ਹਨ |

ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਵਲੋਂ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਸਰਕਾਰੀ ਕਾਲਜ ਵਿਚ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ 'ਤੇ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।