ਡੱਬਵਾਲੀ, 1 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਜ਼ਿਲ੍ਹਾ ਪੁਲਿਸ ਡੱਬਵਾਲੀ ਵੱਲੋਂ ਮਾਰਚ ਮਹੀਨੇ ਦੀ ਕਾਰਗੁਜ਼ਾਰੀ ਰਿਪੋਰਟ ਜਾਰੀ ਕੀਤੀ ਹੈ | ਜਿਸ ਮੁਤਾਬਕ ਮੁਤਾਬਕ ਐਨਡੀਪੀਐਸ ਐਕਟ ਅਤੇ ਆਬਕਾਰੀ ਐਕਟ ਤਹਿਤ ਕੁੱਲ 42 ਮੁਕੱਦਮੇ ਦਰਜ ਕਰਕੇ 62 ਮੁਲਜਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਵੱਲੋਂ ਰਿਪੋਰਟ ਵਿੱਚ ਕਰੀਬ ਡੇਢ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਰੁਪਏ ਦੀ ਅਫੀਮ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ | ਰਿਪੋਰਟ ਅਨੁਸਾਰ ਨਸ਼ਿਆਂ ਦੇ 30 ਮੁਕੱਦਮਿਆਂ ਵਿੱਚ 46 ਮੁਲਜਮਾ ਨੂੰ ਕਾਬੂ ਕੀਤਾ ਗਿਆ, ਜਦਕਿ ਪੁਰਾਣੇ ਮਾਮਲਿਆਂ ਵਿੱਚ ਲੋੜੀਂਦੇ 24 ਨਸ਼ਾ ਤਸਕਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਇਸ ਤਰ੍ਹਾਂ ਨਸ਼ਿਆਂ ਨਾਲ ਸਬੰਧਤ ਕੁੱਲ 53 ਮੁਕੱਦਮਿਆਂ ਵਿੱਚ 70 ਮੁਲਜਮਾਂ ਦੀ ਗਿ੍ਫ਼ਤਾਰੀ ਕੀਤੀ ਗਈ ਹੈ | ਬਰਾਮਦਗੀ ਵਿੱਚ 778.033 ਗ੍ਰਾਮ ਹੈਰੋਇਨ, 2 ਕਿਲੋ 776 ਗ੍ਰਾਮ ਅਫੀਮ, 2 ਕਿਲੋ 60 ਗ੍ਰਾਮ ਚੂਰਾ ਪੋਸਤ ਅਤੇ 70 ਨਸ਼ੀਲੀਆਂ ਗੋਲੀਆਂ ਸ਼ਾਮਲ ਹਨ | ਆਬਕਾਰੀ ਐਕਟ ਤਹਿਤ 12 ਮੁਕੱਦਮਿਆਂ ਵਿੱਚ 16 ਮੁਲਜਮਾਂ ਨੂੰ ਗਿ੍ਫ਼ਤਾਰ ਕਰਕੇ 144 ਬੋਤਲ ਦੇਸੀ ਸ਼ਰਾਬ, 48 ਬੋਤਲ ਅੰਗਰੇਜ਼ੀ ਸ਼ਰਾਬ ਅਤੇ 310 ਲੀਟਰ ਲਾਹਣ ਬਰਾਮਦ ਕੀਤਾ ਗਿਆ | ਚੋਰੀ ਦੇ ਮਾਮਲਿਆਂ ਵਿੱਚ 19 ਵਾਰਦਾਤਾਂ ਸੁਲਝਾਉਣ ਅਤੇ 29 ਮੁਲਜਮਾਂ ਦੀ ਗਿ੍ਫ਼ਤਾਰੀ ਦਾ ਦਾਅਵਾ ਕੀਤਾ ਹੈ | ਨਾਲ ਹੀ ਦੋ ਵਹੀਕਲ ਚੋਰ ਗਿਰੋਹਾਂ ਦਾ ਭਾਂਡਾ ਭੰਨ੍ਹ ਕੇ 6 ਮੁਲਜਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 2 ਸਕੂਟੀਆਂ ਅਤੇ 17 ਮੋਟਰਸਾਈਕਲ ਬਰਾਮਦ ਕੀਤੇ ਗਏ | ਇਸ ਤੋਂ ਇਲਾਵਾ ਤਿੰਨ ਲੋੜੀਂਦੇ ਮੁਲਜਮਾਂ ਅਤੇ ਦੋ ਬੇਲ ਜੰਪਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ |