ਟੋਹਾਣਾ, 1 ਅਪ੍ਰੈਲ (ਮਨਜੀਤ ਸਿੰਘ)- ਹਿਸਾਰ ਜ਼ਿਲ੍ਹੇ ਦੇ ਪਿੰਡ ਮਾਤਰਸ਼ਿਆਮ, ਕਿਰਤਾਨ, ਕਬਰੈਲ, ਖਾਰਿਆ, ਸੀਸਵਾਲਾ, ਸ਼ਾਹਪੁਰ, ਰਾਵਲਵਾਸ, ਘੁੜਸਾਲ, ਬਗਲਾ, ਤੇਲਾਂਵਾਲੀ, ਬਾਲਸਮਦ, ਰਾਵਤਖੇੜਾ, ਮਗਾਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ 31 ਮਾਰਚ 2026 ਨੂੰ ਹੋਈ ਤੀਬਰ ਗੜੇਮਾਰੀ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ | ਇਸ ਅਚਾਨਕ ਆਈ ਕੁਦਰਤੀ ਆਫ਼ਤ ਕਾਰਨ ਕਣਕ ਅਤੇ ਜੌ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਜਦੋਂ ਕੁਝ ਹੀ ਦਿਨਾਂ ਵਿਚ ਵਾਢੀ ਸ਼ੁਰੂ ਹੋਣੀ ਸੀ ਅਤੇ ਕਿਸਾਨ ਤਿਆਰੀਆਂ ਵਿਚ ਜੁਟੇ ਹੋਏ ਸਨ, ਓਦੋਂ ਮੌਸਮ ਦੇ ਇਸ ਕਹਿਰ ਨੇ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ | ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਪੂਰੀ ਤਰ੍ਹਾਂ ਤਿਆਰ ਸੀ ਪਰ ਗੜਿਆਂ ਨੇ ਖੇਤਾਂ ਵਿਚ ਵਿਛਾ ਕੇ ਰੱਖ ਦਿੱਤੀ, ਜਿਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਕੋਲ ਤੁਰੰਤ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ | ਹੁਣ ਸਭ ਦੀ ਨਜ਼ਰ ਸਰਕਾਰ ਦੀ ਅਗਲੀ ਕਾਰਵਾਈ 'ਤੇ ਟਿਕੀ ਹੋਈ ਹੈ |
ਹਿਸਾਰ ਜ਼ਿਲ੍ਹੇ ਵਿਚ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
ਅਜੀਤ ਡੈਸਕ
02-04-2026