05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅਮਰੀਕਾ-ਭਾਰਤ ਵਪਾਰ ਸਮਝੌਤੇ ਦੇ ਖ਼ਿਲਾਫ਼ ਕਿਸਾਨਾਂ ਨੇ ਕਰਨਾਲ ਵਿਖੇ ਟਰੈਕਟਰ ਰੈਲੀ ਕੱਢ ਕੀਤਾ ਵਿਰੋਧ ਪ੍ਰਦਰਸ਼ਨ

ਅਜੀਤ ਡੈਸਕ 07-03-2026
ਕਰਨਾਲ, 6 ਮਾਰਚ (ਗੁਰਮੀਤ ਸਿੰਘ ਸੱਗੂ)-ਅਮਰੀਕਾ-ਭਾਰਤ ਵਪਾਰ ਸਮਝੌਤੇ ਦੇ ਖਿਲਾਫ ਕਿਸਾਨਾਂ ਨੇ ਕਰਨਾਲ ਵਿਖੇ ਸੈਂਕੜੇ ਟਰੈਕਟਰਾਂ ਦੀ ਰੈਲੀ ਕੱਢ ਕੇ ਵਿਰੋਧ ਪ੍ਰਦਰਸ਼ਨ ਕੀਤਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨੇ ਕਿਹਾ ਕਿ ਮੁੱਖ ਮੰਤਰੀ ਦੇ ਕਰਨਾਲ ਪਹੁੰਚਣ 'ਤੇ ਕਾਲੇ ਝੰਡੇ ਲਹਿਰਾ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵਿਰੋਧ ਕੀਤਾ ਜਾਵੇਗਾ | ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਤਨ ਮਾਨ ਨੇ ਆਰੋਪ ਲਗਾਇਆ ਕਿ ਕਿਸਾਨ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮਿਲਣ ਆਏ ਕਿਸਾਨਾਂ ਨੂੰ ਅਣਗੌਲਿਆ ਕਰਦੇ ਹੋਏ ਕਰਨਾਲ ਦੇ ਡਿਪਟੀ ਕਮਿਸ਼ਨਰ ਕਿਸਾਨਾਂ ਨੂੰ ਨਹੀਂ ਮਿਲੇ | ਉਨ੍ਹਾਂ ਕਿਹਾ ਕਿ ਕਰਨਾਲ ਦੇ ਡਿਪਟੀ ਕਮਿਸ਼ਨਰ ਇਸ ਤਾਨਾਸ਼ਾਹੀ ਰਵੱਈਆ ਨੂੰ ਲੈ ਕੇ ਕਿਸਾਨਾਂ ਵਲੋਂ ਮੁੱਖ ਮੰਤਰੀ ਸੈਣੀ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ | ਸੂਬਾ ਪ੍ਰਧਾਨ ਮਾਨ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਸੰਵੇਦਨਸ਼ੀਲ ਅਤੇ ਤਾਨਾਸ਼ਾਹੀ ਡਿਪਟੀ ਕਮਿਸ਼ਨਰ ਨੂੰ ਕਰਨਾਲ ਤੋਂ ਤੁਰੰਤ ਤਬਦੀਲ ਨਹੀਂ ਕਰਦੀ, ਬੀ. ਕੇ. ਯੂ. ਮੁੱਖ ਮੰਤਰੀ ਦੇ ਕਰਨਾਲ ਪਹੁੰਚਣ 'ਤੇ ਕਾਲੇ ਝੰਡੇ ਲਹਿਰਾ ਕੇ ਵਿਰੋਧ ਪ੍ਰਦਰਸ਼ਨ ਜਾਰੀ ਰੱਖੇਗਾ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਮੇਂ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਅਤੇ ਕਰਨਾਲ ਦੇ ਮੌਜੂਦਾ ਡਿਪਟੀ ਕਮਿਸ਼ਨਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ | ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ 'ਤੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਅਤੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ | ਇਹ ਟਰੈਕਟਰ ਪਰੇਡ ਦੇਵੀ ਲਾਲ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਲੰਘਦੀ ਹੋਈ ਜ਼ਿਲ੍ਹਾ ਸਕੱਤਰੇਤ ਪਹੁੰਚੀ | ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਫੂਕੇ ਅਤੇ ਆਪਣੀਆਂ ਮੰਗਾਂ ਦੀ ਤੁਰੰਤ ਪੂਰਤੀ ਦੀ ਮੰਗ ਕੀਤੀ | ਅੱਜ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਕਈ ਮੁੱਦਿਆਂ ਦੀ ਮੰਗ ਕੀਤੀ, ਜਿਨ੍ਹਾਂ 'ਚ ਭਾਰਤ-ਅਮਰੀਕਾ ਖੇਤੀਬਾੜੀ ਵਪਾਰ ਸਮਝੌਤੇ ਨੂੰ ਰੱਦ ਕਰਨਾ, ਸਮਾਰਟ ਮੀਟਰ, ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਬਿਜਲੀ ਬਿੱਲ, ਬੀਜ ਬਿੱਲ ਅਤੇ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਗਰੰਟੀ ਦੇਣ ਵਾਲਾ ਕਾਨੂੰਨ ਲਾਗੂ ਕਰਨਾ ਸ਼ਾਮਿਲ ਹੈ | ਰਤਨ ਮਾਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਖੇਤੀਬਾੜੀ ਸਮਝੌਤਾ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਹੈ ਅਤੇ ਇਸਨੂੰ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਅੰਦੋਲਨ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ | ਇਸ ਮੌਕੇ ਮਹਿਤਾਬ ਕਾਦੀਆਂ, ਸ਼ਿਆਮ ਸਿੰਘ ਮਾਨ, ਸੁਰੇਂਦਰ ਸਾਂਗਵਾਨ, ਸੁਰੇਂਦਰ ਘੁੰਮਣ, ਦਿਲਾਵਰ ਡਬਕੋਲੀ, ਸੁਭਾਸ਼ ਗੁੱਜਰ, ਦੀਪ ਰਾਣਾ, ਰਾਜੀਵ ਆਰੀਆ, ਭੂਰਾ ਰਾਮ ਪਬਨਾਵਾ, ਛੱਜੂ ਰਾਮ ਕੰਡੇਲਾ, ਧਨੇਤਰ ਰਾਣਾ, ਜੋਗਿੰਦਰ ਝੀਂਡਾ, ਰਾਮ ਦੁਰੇਜਾ, ਸਾਹਿਬ ਸਿੰਘ ਬਾਜਵਾ, ਰਾਮਫਲ ਨਰਵਾਲ, ਰਾਜੇਂਦਰ ਰਾਣਾ ਸਮੇਤ ਸੈਂਕੜੇ ਕਿਸਾਨ ਮੌਜੂਦ ਸਨ |
31 ਮਾਰਚ ਨੂੰ ਜੀਂਦ 'ਚ ਚੁਣੌਤੀ ਰੈਲੀ ਹੋਵੇਗੀ
ਬੀ. ਕੇ. ਯੂ. ਦੇ ਸੂਬਾ ਪ੍ਰਧਾਨ ਰਤਨ ਮਾਨ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 31 ਮਾਰਚ ਨੂੰ ਜੀਂਦ ਵਿਖੇ ਇਕ ਵਿਸ਼ਾਲ ਚੁਣੌਤੀ ਰੈਲੀ ਕੀਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਵੱਡੀ ਗਿਣਤੀ 'ਚ ਜੀਂਦ ਪਹੁੰਚਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਇਸ ਲਲਕਾਰ ਰੈਲੀ 'ਚ ਰਾਸ਼ਟਰੀ ਪੱਧਰ ਦੇ ਐਸ. ਕੇ. ਐਮ. ਆਗੂ ਪਹੁੰਚ ਰਹੇ ਹਨ |
ਪਿਛਲੀ ਖ਼ਬਰ ਤਿੰਨ ਸਾਲਾਂ ਤੋਂ ਭਗੌੜਾ ਚੱਲ ਰਿਹਾ ਮੁਲਜ਼ਮ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਨੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।