ਯਮੁਨਾਨਗਰ, 18 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ 35ਵੀਂ ਸਾਲਾਨਾ ਐਥਲੈਟਿਕ ਮੀਟ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਸ਼ੁਰੂ ਹੋਈ | ਇਹ ਦੋ-ਰੋਜ਼ਾ ਪ੍ਰੋਗਰਾਮ ਰਵੀਕਾਂਤ ਬੇਦੀ (ਸਾਬਕਾ ਡੀ. ਪੀ.) ਦੀ ਅਗਵਾਈ ਹੇਠ ਅਤੇ ਰੰਜਨ ਪੰਨੂ ਸਪੋਰਟਸ ਇੰਚਾਰਜ ਦੇ ਤਾਲਮੇਲ 'ਚ ਕਰਵਾਇਆ ਜਾ ਰਿਹਾ ਹੈ | ਐਥਲੈਟਿਕ ਮੀਟ ਦੇ ਪਹਿਲੇ ਦਿਨ ਵੱਖ-ਵੱਖ ਟਰੈਕ ਅਤੇ ਫੀਲਡ ਈਵੈਂਟ ਜਿਵੇਂ ਕਿ 1500 ਮੀਟਰ ਦੌੜ, 100 ਮੀਟਰ ਅਤੇ 200 ਮੀਟਰ ਦੌੜ (ਮੁੰਡੇ ਅਤੇ ਕੁੜੀਆਂ ਵਰਗ), ਸ਼ਾਟ ਪੁੱਟ, ਜੈਵਲਿਨ ਥ੍ਰੋ ਆਦਿ ਕਰਵਾਏ ਗਏ | ਇਸ ਦੌਰਾਨ ਵਿਸ਼ਾਲ (ਈ. ਸੀ. ਈ.) ਨੇ 1500 ਮੀਟਰ ਦੌੜ (ਮੁੰਡਿਆਂ ਵਰਗ) 'ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਉਦਿਤ (ਮਕੈਨੀਕਲ ਇੰਜੀਨੀਅਰਿੰਗ) ਨੇ ਦੂਜਾ ਅਤੇ ਲਵਕੁਸ਼ (ਸਿਵਲ ਇੰਜੀਨੀਅਰਿੰਗ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੂਜਾ (ਇਲੈਕਟ੍ਰੀਕਲ ਇੰਜੀਨੀਅਰਿੰਗ) ਨੇ ਲੰਬੀ ਛਾਲ (ਕੁੜੀਆਂ ਵਰਗ) 'ਚ ਪਹਿਲਾ, ਮਹਿਕ (ਕੰਪਿਊਟਰ ਇੰਜੀਨੀਅਰਿੰਗ) ਨੇ ਦੂਜਾ ਅਤੇ ਨੀਲਮ (ਕੰਪਿਊਟਰ ਇੰਜੀਨੀਅਰਿੰਗ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸੰਸਥਾ ਨੂੰ ਉਸ ਸਮੇਂ ਇਕ ਖਾਸ ਮਾਣ ਵਾਲਾ ਪਲ ਮਿਲਿਆ, ਜਦੋਂ ਐਨ. ਸੀ. ਸੀ. ਕੈਡੇਟ ਮੋਹਕ ਨੂੰ ਰਾਸ਼ਟਰੀ ਰੱਖਿਆ ਅਕੈਡਮੀ (ਐਨ. ਡੀ. ਏ.) 'ਚ ਉਸਦੀ ਚੋਣ ਲਈ ਸਨਮਾਨਿਤ ਕੀਤਾ ਗਿਆ | ਇਹ ਪ੍ਰਾਪਤੀ ਐਨ. ਸੀ. ਸੀ. ਇੰਚਾਰਜ ਕੈਪਟਨ ਮਨਦੀਪ ਸਿੰਘ ਦੀ ਅਗਵਾਈ ਹੇਠ ਸੰਭਵ ਹੋਈ | ਇਸ ਮੌਕੇ ਪਿ੍ੰਸੀਪਲ ਇੰਜੀਨੀਅਰ ਅਨਿਲ ਕੁਮਾਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ |