ਸਿਰਸਾ, 22 ਜਨਵਰੀ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਏ. ਬੀ. ਵੀ. ਟੀ. ਸਟਾਫ ਪੁਲਿਸ ਦੀ ਟੀਮ ਨੇ ਗਸ਼ਤ ਤੇ ਚੈਕਿੰਗ ਦੌਰਾਨ ਮਹੱਤਵਪੂਰਨ ਸੂਚਨਾ 'ਤੇ ਕਾਰਵਾਈ ਕਰਦਿਆਂ ਡਿੰਗ ਥਾਣਾ ਖੇਤਰ ਦੇ ਵੱਖ-ਵੱਖ ਥਾਵਾਂ ਤੋਂ ਦੋ ਨੌਜਵਾਨਾਂ ਨੂੰ ਨਾਜਾਇਜ਼ ਅਸਲੇ ਸਮੇਤ ਗਿ੍ਫ਼ਤਾਰ ਕੀਤਾ | ਇਸ ਸੰਬੰਧੀ ਏ. ਬੀ. ਵੀ. ਟੀ. ਸਟਾਫ ਪੁਲਿਸ ਟੀਮ ਦੇ ਇੰਚਾਰਜ ਗੁਰਮੇਸ਼ ਸਿੰਘ ਨੇ ਦੱਸਿਆ ਕਿ ਸਟਾਫ ਦੀ ਇਕ ਟੀਮ ਗਸ਼ਤ ਦੌਰਾਨ ਪਿੰਡ ਕੰਵਰਪੁਰਾ-ਤਾਜੀਆ ਖੇੜਾ ਰੋਡ 'ਤੇ ਮੌਜੂਦ ਸੀ | ਇਸ ਦੌਰਾਨ ਇਕ ਨੌਜਵਾਨ ਨੂੰ ਪਿੰਡ ਤਾਜੀਆ ਖੇੜਾ ਤੋਂ ਪੈਦਲ ਆਉਂਦੇ ਦੇਖਿਆ ਗਿਆ | ਪੁਲਿਸ ਦੀ ਗੱਡੀ ਨੂੰ ਅੱਗੇ ਦੇਖ ਕੇ ਉਹ ਅਚਾਨਕ ਉਹ ਪਿੱਛੇ ਮੁੜ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ | ਸ਼ੱਕ ਦੇ ਆਧਾਰ 'ਤੇ ਪੁਲਿਸ ਨੌਜਵਾਨ ਨੂੰ ਫੜ ਲਿਆ | ਪੁੱਛਗਿਛ ਦੌਰਾਨ ਉਸ ਨੇ ਆਪਣਾ ਨਾਂਅ ਸੰਦੀਪ ਕੁਮਾਰ ਪੁੱਤਰ ਸਾਹਿਬ ਰਾਮ ਵਾਸੀ ਤਾਜੀਆ ਖੇੜਾ ਦੱਸਿਆ | ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 315 ਬੋਰ ਦਾ ਪਿਸਤੌਲ ਬਰਾਮਦ ਹੋਇਆ | ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਇਕ ਹੋਰ ਪੁਲਿਸ ਟੀਮ ਤਾਜੀਆ ਖੇੜਾ ਤੋਂ ਕੰਵਰਪੁਰਾ ਸੜਕ 'ਤੇ ਗਸ਼ਤ ਕਰ ਰਹੀ ਸੀ ਤਾਂ ਕੰਵਰਪੁਰਾ ਪਿੰਡ ਤੋਂ ਇਕ ਨੌਜਵਾਨ ਪੈਦਲ ਆਉਂਦਾ ਦੇਖਿਆ ਗਿਆ | ਸ਼ੱਕ ਦੇ ਆਧਾਰ 'ਤੇ ਪੁਲਿਸ ਟੀਮ ਨੇ ਨੌਜਵਾਨ ਨੂੰ ਪੁੱਛਗਿਛ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ | ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 32 ਬੋਰ ਦਾ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਹੋਏ | ਪੁੱਛਗਿਛ ਦੌਰਾਨ ਉਸ ਨੇ ਆਪਣਾ ਨਾਂਅ ਸੰਜੇ ਪੁੱਤਰ ਸਾਧੂਰਾਮ, ਵਾਸੀ ਪਿੰਡ ਕੰਵਰਪੁਰਾ ਦੱਸਿਆ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਦੋਵਾਂ ਨੌਜਵਾਨਾਂ ਵਿਰੁੱਧ ਡਿੰਗ ਥਾਣੇ ਵਿਚ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਡਿੰਗ ਥਾਣੇ ਨੂੰ ਸੌਂਪ ਦਿੱਤੀ ਗਈ ਹੈ |