ਟੋਹਾਣਾ/ਜਾਖ਼ਲ, 21 ਜਨਵਰੀ (ਮਨਜੀਤ ਸਿੰਘ) - ਟੋਹਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਲਾਗੇ ਇਕ ਸਵਿਫ਼ਟ ਡਿਜ਼ਾਇਰ ਗੱਡੀ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ | ਜਿਸ ਵਿਚ ਕਾਰ ਪੂਰੀ ਤਰ੍ਹਾਂ ਸੜ ਗਈ | ਇਸ ਸਬੰਧੀ ਕਾਰ ਦੇ ਮਾਲਕ ਨੇ ਦੱਸਿਆ ਕਿ ਕੋਈ ਤਕਨੀਕੀ ਨੁਕਸ ਦੇ ਕਾਰਨ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ | ਉਨ੍ਹਾਂ ਨੇ ਇਹ ਕਾਰ ਇੱਕ ਮਹੀਨਾ ਪਹਿਲਾਂ ਹੀ ਨਵੀਂ ਖਰੀਦੀ ਹੈ | ਗੱਡੀ ਦਾ ਡਰਾਇਵਰ ਗੱਡੀ ਨੂੰ ਧੁਆਉਣ ਲਈ ਲੈ ਕੇ ਆਇਆ ਸੀ ਕਿ ਸਰਕਾਰੀ ਸਕੂਲ ਨਜ਼ਦੀਕ ਇਸ ਨੂੰ ਅੱਗ ਲੱਗ ਗਈ | ਉਨ੍ਹਾਂ ਦੱਸਿਆ ਕਿ ਕਾਰ ਦਾ ਬੀਮਾ ਵੀ ਉਨ੍ਹਾਂ ਕੋਲ ਹੈ ਜਿਸ ਲਈ ਕੰਪਨੀ ਵਾਲਿਆਂ ਨੂੰ ਬੁਲਾਇਆ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੌਕੇ 'ਤੇ ਫਾਇਰ ਬਿ੍ਗੇਡ ਨੂੰ ਵੀ ਫ਼ੋਨ ਕੀਤਾ ਗਿਆ ਪਰ ਫਾਇਰ ਬ੍ਰਗੇਡ ਵਾਲਿਆਂ ਨੇ ਫ਼ੋਨ ਨਹੀਂ ਚੁੱਕਿਆ, ਪਬਲਿਕ ਨੇ ਵੀ ਫਾਇਰ ਬਿ੍ਗੇਡ ਨੂੰ ਸੂਚਨਾ ਦੇਣ ਲਈ ਬਹੁਤ ਫ਼ੋਨ ਲਗਾਏ ਪਰ ਕੋਈ ਨਹੀਂ ਬਹੁੜਿਆ | ਲੋਕਾਂ ਨੇ ਅੱਗ ਬੁਝਾਉਣ ਵਿਚ ਬਹੁਤ ਮਦਦ ਕੀਤੀ ਤਾਂ ਅੱਗ 'ਤੇ ਕਾਬੂ ਪਾਇਆ ਗਿਆ ਪਰ ਕਾਰ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ | ਜੇਕਰ ਉਹ ਕਿਤੇ ਬਾਹਰ ਸੜਕ 'ਤੇ ਲੰਬੇ ਸਫ਼ਰ 'ਤੇ ਹੁੰਦੇ ਤਾਂ ਹੋਰ ਵੀ ਬਹੁਤ ਨੁਕਸਾਨ ਹੋ ਸਕਦਾ ਸੀ | ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਅੱਧਾ ਘੰਟਾ ਪਹਿਲਾਂ ਹੀ ਇਸ ਗੱਡੀ ਨੂੰ ਧੁਆਉਣ ਲਈ ਲੈ ਕੇ ਆਇਆ ਸੀ ਕਿ ਸਰਕਾਰੀ ਸਕੂਲ ਨਜ਼ਦੀਕ ਪਹੁੰਚਣ 'ਤੇ ਕਾਰ ਵਿਚੋਂ ਧੂੰਆਂ ਨਿਕਲਣ ਲੱਗਾ | ਜਦੋਂ ਉਸ ਨੇ ਕਾਰ ਨੂੰ ਰੋਕ ਕੇ ਦੇਖਿਆ ਤਾਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ | ਜਿਸ ਨੂੰ ਲੋਕਾਂ ਨੇ ਬਹੁਤ ਜੱਦੋ ਜਹਿਦ ਕਰ ਕੇ ਬੁਝਾਇਆ ਗਿਆ |