ਟੋਹਾਣਾ/ਜਾਖ਼ਲ, 21 ਜਨਵਰੀ (ਮਨਜੀਤ ਸਿੰਘ)- ਪੁਲਿਸ ਸੁਪਰਡੈਂਟ ਸਿਧਾਂਤ ਜੈਨ, ਆਈ.ਪੀ.ਐਸ. ਦੀ ਯੋਗ ਅਗਵਾਈ ਹੇਠ ਕੰਮ ਕਰਦੇ ਹੋਏ ਟੋਹਾਣਾ ਸਿਟੀ ਪੁਲਿਸ ਸਟੇਸ਼ਨ ਨੇ ਰਵਿਦਾਸ ਮੁਹੱਲਾ ਵਿਚ ਹੋਏ ਹਮਲੇ ਅਤੇ ਭੰਨਤੋੜ ਦੇ ਮਾਮਲੇ ਵਿਚ ਇਕ ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਸਲਾਖ਼ਾਂ ਪਿੱਛੇ ਭੇਜ ਦਿੱਤਾ ਗਿਆ ਹੈ ਅਤੇ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ | ਟੋਹਾਣਾ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੀੜਤ ਸੁਨੀਲ ਕੁਮਾਰ ਉਰਫ਼ ਸੀਨਾ ਜੋ ਕਿ ਵਾਰਡ ਨੰਬਰ 18 ਟੋਹਾਣਾ ਦਾ ਰਹਿਣ ਵਾਲਾ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ 10 ਦਸੰਬਰ, 2025 ਦੀ ਰਾਤ ਨੂੰ ਲਗਭਗ 10 ਵਜੇ, ਜਦੋਂ ਉਹ ਅਤੇ ਉਸ ਦਾ ਦੋਸਤ ਮਨੋਜ ਰਵਿਦਾਸ ਧਰਮਸ਼ਾਲਾ ਦੇ ਨੇੜੇ ਖੜ੍ਹੇ ਸਨ ਤਾਂ ਇੱਕ ਦਰਜਨ ਦੇ ਕਰੀਬ ਹਮਲਾਵਰਾਂ ਨੇ ਉਨ੍ਹਾਂ 'ਤੇ ਕੁਹਾੜੀਆਂ, ਤਲਵਾਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ | ਹਮਲਾਵਰਾਂ ਨੇ ਨਾ ਸਿਰਫ਼ ਸੁਨੀਲ ਅਤੇ ਮਨੋਜ ਨੂੰ ਗੰਭੀਰ ਜ਼ਖਮੀ ਕੀਤਾ, ਸਗੋਂ ਉਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਦੀ ਭੰਨਤੋੜ ਵੀ ਕੀਤੀ ਅਤੇ ਉਨ੍ਹਾਂ ਦੇ ਬਿਜਲੀ ਮੀਟਰ ਵੀ ਸਾੜ ਦਿੱਤੇ | ਜ਼ਖਮੀਆਂ ਦੀ ਗੰਭੀਰ ਹਾਲਤ ਕਾਰਨ ਉਨ੍ਹਾਂ ਨੂੰ ਐਮ.ਏ.ਐਮ.ਸੀ. ਅਗਰੋਹਾ ਰੈਫ਼ਰ ਕੀਤਾ ਗਿਆ, ਜਿੱਥੇ ਸੁਨੀਲ ਨੂੰ 11 ਅਤੇ ਮਨੋਜ ਨੂੰ 13 ਗੰਭੀਰ ਸੱਟਾਂ ਲੱਗੀਆਂ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਟੋਹਾਣਾ ਸਿਟੀ ਪੁਲਿਸ ਸਟੇਸ਼ਨ ਨੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਵੱਖ-ਵੱਖ ਧਾਰਾਵਾਂ (191(2), 190, 115(2), 126(2), 333, 351(2)) ਦੇ ਤਹਿਤ ਮਾਮਲਾ ਦਰਜ ਕੀਤਾ | ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਮੁੱਖ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੰਤੋਖ ਪੁੱਤਰ ਰਾਮਫਲ ਸਿੰਘ ਮਕਾਨ ਨੰਬਰ 186, ਰਵਿਦਾਸ ਮੁਹੱਲਾ ਟੋਹਾਣਾ ਵਜੋਂ ਹੋਈ ਹੈ | ਟੋਹਾਣਾ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਘਟਨਾ 'ਚ ਸ਼ਾਮਿਲ ਹੋਰ ਮੁਲਜ਼ਮਾਂ (ਸਤਿਆਵਨ, ਅਨੂਪ, ਪ੍ਰਵੀਨ, ਰਜਤ, ਰਾਜੇਸ਼ ਉਰਫ਼ ਮਿੱਡਾ, ਅੰਕਿਤ, ਅੰਕੁਸ਼, ਅਭਿਸ਼ੇਕ, ਤਰਸੇਮ, ਸੁਨੀਲ ਅਤੇ ਪਾਲਾ) ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ | ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਜਲਦੀ ਹੀ ਸਲਾਖ਼ਾਂ ਪਿੱਛੇ ਹੋਣਗੇ |