29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਮੋਲਕ ਸਿੰਘ ਗਾਖਲ ਗਰੁੱਪ ਵਲੋਂ ਪਹਿਲਾ ਇਨਾਮ ਸਪਾਂਸਰ

ਜਲੰਧਰ, 28 ਨਵੰਬਰ (ਡਾ. ਜਤਿੰਦਰ ਸਾਬੀ)-43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ’ਚ ਪੰਜਾਬ ਪੁਲਿਸ ਨੇ ਬੇਹੱਦ ਰੋਮਾਂਚਕ ਮੁਕਾਬਲੇ ਤੋਂ ਬਾਅਦ ਸੀ.

ਅਜੀਤ ਡੈਸਕ 29-11-2026
ਜਲੰਧਰ, 28 ਨਵੰਬਰ (ਡਾ. ਜਤਿੰਦਰ ਸਾਬੀ)-43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ’ਚ ਪੰਜਾਬ ਪੁਲਿਸ ਨੇ ਬੇਹੱਦ ਰੋਮਾਂਚਕ ਮੁਕਾਬਲੇ ਤੋਂ ਬਾਅਦ ਸੀ.ਏ.ਜੀ. ਦਿੱਲੀ ਨੂੰ ਸਡਨ ਡੈੱਥ ਪੈਨਲਟੀ ਸ਼ੂਟਆਊਟ ਵਿਚ 7-6 ਨਾਲ ਹਰਾ ਕੇ ਸੱਤਵੀਂ ਵਾਰ ਖ਼ਿਤਾਬ ਜਿੱਤਿਆ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਇਨਾਮ ਵੰਡੇ, ਜਦਕਿ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਇੰਡੀਅਨ ਆਇਲ ਦੇ ਆਸ਼ੂਤੋਸ਼ ਗੁਪਤਾ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਜੇਤੂ ਪੰਜਾਬ ਪੁਲਿਸ ਨੂੰ ਪ੍ਰਵਾਸੀ ਭਾਰਤੀ ਤੇ ਖੇਡ ਪ੍ਰਮੋਟਰ ਅਮੋਲਕ ਸਿੰਘ ਗਾਖਲ ਗਰੁੱਪ ਵਲੋਂ ਸਪਾਂਸਰ 6 ਲੱਖ ਰੁਪਏ ਤੇ ਟਰਾਫ਼ੀ ਦਿੱਤੀ ਗਈ। ਉਪ ਜੇਤੂ ਸੀ.ਏ.ਜੀ. ਦਿੱਲੀ ਨੂੰ ਡਾਕਟਰ ਅਨੂਪ ਬੋਹਰੀ (ਇੰਨੋਸੈਂਟ ਗਰੁੱਪ) ਵਲੋਂ ਸਪਾਂਸਰ 2.50 ਲੱਖ ਰੁਪਏ ਤੇ ਟਰਾਫ਼ੀ ਮਿਲੀ। ਪੰਜਾਬ ਪੁਲਿਸ ਦੇ ਕਪਤਾਨ ਤੇ ਭਾਰਤੀ ਟੀਮ ਦੇ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ ਨੂੰ ਬੇਹਤਰੀਨ ਖਿਡਾਰੀ ਐਲਾਨਦਿਆਂ ਇਕ ਲੱਖ ਇਕ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਫਾਈਨਲ ’ਚ ਸੀ.ਏ.ਜੀ. ਦਿੱਲੀ ਨੇ 17ਵੇਂ ਮਿੰਟ ’ਚ ਪਰਮੋਦ ਦੇ ਪੈਨਲਟੀ ਸਟ੍ਰੋਕ ਤੇ 22ਵੇਂ ਮਿੰਟ ਵਿਚ ਆਮਿਦ ਖ਼ਾਨ ਪਠਾਨ ਦੇ ਫੀਲਡ ਗੋਲ ਨਾਲ 2-0 ਦੀ ਬੜ੍ਹਤ ਬਣਾਈ। ਪੰਜਾਬ ਪੁਲਿਸ ਨੇ 39ਵੇਂ ਮਿੰਟ ਵਿਚ ਦਿਲਪ੍ਰੀਤ ਸਿੰਘ ਦੇ ਪੈਨਲਟੀ ਕਾਰਨਰ ਤੇ 57ਵੇਂ ਮਿੰਟ ਵਿਚ ਹਰਮਨਪ੍ਰੀਤ ਸਿੰਘ ਦੇ ਪੈਨਲਟੀ ਕਾਰਨਰ ਗੋਲ ਨਾਲ ਬਰਾਬਰੀ ਕੀਤੀ। 54ਵੇਂ ਮਿੰਟ ਵਿਚ ਦਿਲਪ੍ਰੀਤ ਪੈਨਲਟੀ ਸਟ੍ਰੋਕ ਗੋਲ ਕਰਨ ਤੋਂ ਖੁੰਝੇ। ਨਿਰਧਾਰਤ ਸਮਾਂ 2-2 ਨਾਲ ਬਰਾਬਰ ਰਹਿਣ ਮਗਰੋਂ ਜੇਤੂ ਟੀਮ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਕੀਤਾ ਗਿਆ। ਪੈਨਲਟੀ ਸ਼ੂਟਆਊਟ ’ਚ ਵੀ ਦੋਵੇਂ ਟੀਮਾਂ ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ ਤੇ ਆਖ਼ਰਕਾਰ ਸਡਨ ਡੈੱਥ ਵਿਚ ਪੰਜਾਬ ਪੁਲਿਸ ਨੇ 7-6 ਨਾਲ ਜਿੱਤ ਦਰਜ ਕੀਤੀ। ਫਾਈਨਲ ਤੋਂ ਪਹਿਲਾਂ ਪੰਜਾਬੀ ਗਾਇਕ ਸੱਬਾ ਬਰਾੜ ਨੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸੇਂਟ ਜੋਸਫ ਬੁਆਏ ਸਕੂਲ ਜਲੰਧਰ ਦੇ ਬੱਚਿਆਂ ਨੇ ਗਿੱਧਾ ਤੇ ਭੰਗੜਾ ਪੇਸ਼ ਕੀਤਾ। ਇਸ ਮੌਕੇ 1980 ਮਾਸਕੋ ਉਲੰਪਿਕ ਸੋਨ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਉਲੰਪੀਅਨ ਵੀ. ਭਾਸਕਰਨ, ਸੁਰਿੰਦਰ ਸਿੰਘ ਸੋਢੀ, ਜਫਰ ਇਕਬਾਲ, ਰਜਿੰਦਰ ਸਿੰਘ ਸੀਨੀਅਰ, ਗੁਰਮੇਲ ਸਿੰਘ, ਮਰਵਿਨ ਫਰਨਾਂਡੇਜ਼, ਅਮਰਜੀਤ ਰਾਣਾ ਅਤੇ ਐਮ. ਸੋਮਾਇਆ (ਸਾਰੇ ਉਲੰਪੀਅਨ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ’ਚ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਰਾਜਬੀਰ ਕੌਰ, ਮੁਖਵਿੰਦਰ ਸਿੰਘ, ਤਰਲੋਕ ਸਿੰਘ ਭੁੱਲਰ, ਉਲੰਪੀਅਨ ਰਜਿੰਦਰ ਸਿੰਘ, ਪ੍ਰੋ. ਕ੍ਰਿਪਾਲ ਸਿੰਘ ਮਠਾਰੂ, ਰਾਮ ਪ੍ਰਤਾਪ, ਐਲ.ਆਰ. ਨਈਅਰ, ਸੁਰਿੰਦਰ ਸਿੰਘ ਭਾਪਾ, ਰਣਬੀਰ ਟੁੱਟ, ਹਰਿੰਦਰ ਸਿੰਘ ਸੰਘਾ, ਗੌਰਵ ਅਗਰਵਾਲ, ਸਿਮਰਪ੍ਰੀਤ ਬਾਠਲਾ, ਮਨਦੀਪ ਸਿੰਘ ਘੁੰਮਣ, ਵਰਿੰਦਰਪ੍ਰੀਤ ਸਿੰਘ, ਨਰਿੰਦਰਪਾਲ ਜੱਜ ਅਤੇ ਸੁਖਵਿੰਦਰ ਲਾਲੀ ਹਾਜ਼ਰ ਸਨ।
ਪਿਛਲੀ ਖ਼ਬਰ ਪੇਰੂ ’ਚ ਹਥਿਆਰਬੰਦ ਲੁੱਟ ਦੌਰਾਨ ਭਾਰਤੀ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਹਾਕੀ ਇੰਡੀਆ ਦੀਆਂ ਚੋਣਾਂ 5 ਦਸੰਬਰ ਨੂੰ ਸੁਪਰੀਮ ਕੋਰਟ ਨੇ ਓਡੀਸ਼ਾ ਹਾਈ ਕੋਰਟ ਦੇ ਹੁਕਮ ਕੀਤੇ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।