ਲੰਡਨ, 29 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਮੇਅਫੇਅਰ ਸਥਿਤ ਪ੍ਰਸਿੱਧ ਹੋਟਲ ‘ਦਿ ਚੈਂਸਰੀ ਰੋਜ਼ਵੁੱਡ’ ਵਿਖੇ ਬ੍ਰਿਟ ਏਸ਼ੀਆ ਮਿਊਜ਼ਿਕ ਐਂਡ ਫਿਲਮ ਐਵਾਰਡਜ਼ (ਬੀ.ਏ.ਐੱਮ.ਐਫ.ਏ.) 2026 ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਨੂੰ ਸਾਲ ਦੇ ਸਰਬੋਤਮ ਸਰਬੋਤਮ ਗਾਇਕ ਤੇ ਗੀਤਕਾਰ ਦੇ ਦੋ ਐਵਾਰਡ ਮਿਲੇ। ਦਿਲਜੀਤ ਦੁਸਾਂਝ ਦੇ ਗੀਤ ‘ਮੋਰਨੀ’ ਨੂੰ ਸਾਲ ਦਾ ਸਰਬੋਤਮ ਗੀਤ ਚੁਣਿਆ ਗਿਆ, ਜਦਕਿ ਜੈਸਮੀਨ ਸੈਂਡਲਸ ਨੂੰ ਸਰਬੋਤਮ ਮਹਿਲਾ ਗਾਇਕਾ ਦਾ ਐਵਾਰਡ ਦਿੱਤਾ ਗਿਆ। ਯੋ ਯੋ ਹਨੀ ਸਿੰਘ ਨੂੰ ‘ਮਿਊਜ਼ਿਕ ਲਿਗੇਸੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਪੰਜਾਬੀ ਸੰਗੀਤ ਨੂੰ ਬਰਤਾਨੀਆ ਅਤੇ ਵਿਸ਼ਵ ਪੱਧਰ ਉਤੇ ਪ੍ਰਸਿੱਧ ਕਰਨ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਉਘੇ ਗਾਇਕ ਏ. ਐੱਸ. ਕੰਗ ਨੂੰ ਸੰਗੀਤ ਦੇ ਖੇਤਰ ਵਿਚ ਪੰਜ ਦਹਾਕਿਆਂ ਦੀਆਂ ਸੇਵਾਵਾਂ ਬਦਲੇ ‘ਲਾਈਫਟਾਈਮ ਅਚੀਵਮੈਂਟ’ ਐਵਾਰਡ ਦਿੱਤਾ ਗਿਆ।ਪੰਜਾਬੀ ਫਿਲਮ ਜਗਤ ਵਿਚ ਐਮੀ ਵਿਰਕ ਨੂੰ ਸਾਲ ਦਾ ਸਰਬੋਤਮ ਅਦਾਕਾਰ ਅਤੇ ਰੂਪੀ ਗਿੱਲ ਨੂੰ ਸਰਬੋਤਮ ਅਦਾਕਾਰਾ ਚੁਣਿਆ ਗਿਆ। ਸਿੰਮੀ ਚਾਹਲ ਨੂੰ ਮੁੱਖ ਭੂਮਿਕਾ ਵਿਚ ਸਰਬੋਤਮ ਅਦਾਕਾਰੀ, ਗੁਰਪ੍ਰੀਤ ਘੁੱਗੀ ਨੂੰ ਸਰਬੋਤਮ ਕਾਮੇਡੀ ਭੂਮਿਕਾ ਅਤੇ ਮੈਂਡੀ ਤੱਖਰ ਨੂੰ ‘ਬ੍ਰੇਕਥਰੂ ਪਰਫਾਰਮੈਂਸ’ ਐਵਾਰਡ ਮਿਲਿਆ। ਫਿਲਮ ‘ਚੜ੍ਹਦੀ ਕਲਾ’ ਨੂੰ ਸਾਲ ਦੀ ਸਰਬੋਤਮ ਫਿਲਮ ਚੁਣਿਆ ਗਿਆ। ਉਘੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਫਿਲਮ ਖੇਤਰ ਵਿਚ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਰਣਜੀਤ ਬਾਵਾ ਨੂੰ ਸਾਲ ਦੇ ਸਰਬੋਤਮ ਲੋਕ ਗਾਇਕ, ਨਿੰਜਾ ਨੂੰ ‘ਫੋਕ ਫਿਊਜ਼ਨ ਕਲਾਕਾਰ’, ਨਿਰਵੈਰ ਪੰਨੂ ਨੂੰ ‘ਸੋਲ ਆਰਟਿਸਟ’ ਅਤੇ ਜੌਰਡਨ ਸੰਧੂ ਨੂੰ ਸਰਬੋਤਮ ਬਹੁਪੱਖੀ ਗਾਇਕ ਦਾ ਐਵਾਰਡ ਦਿੱਤਾ ਗਿਆ। ਹਰਕੀਰਤ ਸੰਘਾ ਨੂੰ ਸਰਬੋਤਮ ਪਹਿਲੀ ਐਲਬਮ, ਰਾਜ ਹੇਅਰ ਨੂੰ ਨਵੇਂ ਉੱਭਰਦੇ ਸੰਗੀਤ ਕਲਾਕਾਰ, ਅਰਨਾਜ਼ ਅਤੇ ਅਰਮਾਨ ਗਿੱਲ ਨੂੰ ਸਰਬੋਤਮ ਨਵੀਂ ਜੋੜੀ ਅਤੇ ਟਰੂ ਸਕੂਲ ਨੂੰ ਸਰਬੋਤਮ ਸੰਗੀਤ ਨਿਰਮਾਤਾ ਦਾ ਐਵਾਰਡ ਮਿਲਿਆ। ‘ਪੀ-ਪੌਪ ਕਲਚਰ’ ਨੂੰ ਸਾਲ ਦੀ ਸਰਬੋਤਮ ਐਲਬਮ ਚੁਣਿਆ ਗਿਆ।ਸੁਖਨ ਵੜੈਚ ਨੂੰ ਨਵੇਂ ਫਿਲਮੀ ਕਲਾਕਾਰ, ਹਿੰਮਤ ਸੰਧੂ ਨੂੰ ਸਰਬੋਤਮ ਨਵੇਂ ਅਦਾਕਾਰ ਅਤੇ ਜਰਨੈਲ ਸਿੰਘ ਨੂੰ ਸਹਾਇਕ ਭੂਮਿਕਾ ਵਿਚ ਸਰਬੋਤਮ ਅਦਾਕਾਰੀ ਲਈ ਐਵਾਰਡ ਮਿਲਿਆ।ਪ੍ਰਸਿੱਧ ਅਦਾਕਾਰ ਜਸਵਿੰਦਰ ਭੱਲਾ ਨੂੰ ਫਿਲਮ ਖੇਤਰ, ਗਾਇਕ ਸਰਦੂਲ ਸਿਕੰਦਰ ਨੂੰ ਸੰਗੀਤ ਖੇਤਰ ਅਤੇ ਸੰਗੀਤਕਾਰ ਚਰਨਜੀਤ ਆਹੂਜਾ ਨੂੰ ਸੰਗੀਤ ਨਿਰਮਾਣ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਯਾਦ ਕੀਤਾ ਗਿਆ। ਇਸ ਮੌਕੇ ਜੱਗੀ ਡੀ ਅਤੇ ਸੇਲੀਨਾ ਸ਼ਰਮਾ ਨੇ ਸਮਾਗਮ ਦੀ ਮੇਜ਼ਬਾਨੀ ਕੀਤੀ। ਜੈਜ਼ੀ ਬੀ, ਗੈਰੀ ਸੰਧੂ, ਰਣਜੀਤ ਬਾਵਾ, ਨਿੰਜਾ, ਹਰਕੀਰਤ ਸੰਘਾ ਅਤੇ ਹੋਰ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਯਾਦਗਾਰੀ ਬਣਾਇਆ। ਬ੍ਰਿਟ ਏਸ਼ੀਆ ਟੀਵੀ ਨੈੱਟਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਟੋਨੀ ਸ਼ੇਰਗਿੱਲ ਨੇ ਕਿਹਾ ਸੀ ਕਿ ਇਹ ਸਿਰਫ਼ ਕਲਾਕਾਰਾਂ ਦਾ ਸਨਮਾਨ ਨਹੀਂ, ਸਗੋਂ ਬਰਤਾਨੀਆ ਵਿਚ ਦੱਖਣੀ ਏਸ਼ੀਆਈ ਸੰਗੀਤ ਅਤੇ ਸੱਭਿਆਚਾਰ ਦੀ ਲੰਬੀ ਯਾਤਰਾ ਦਾ ਜਸ਼ਨ ਵੀ ਹਨ।
-ਬ੍ਰਿਟ ਏਸ਼ੀਆ ਮਿਊਜ਼ਿਕ ਐਂਡ ਫ਼ਿਲਮ ਐਵਾਰਡਜ਼ 2026- ਕਰਨ ਔਜਲਾ ਤੇ ਜੈਸਮੀਨ ਸੈਂਡਲਸ ਸਰਬੋਤਮ ਪੁਰਸ਼ ਤੇ ਮਹਿਲਾ ਗਾਇਕ
ਲੰਡਨ, 29 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਮੇਅਫੇਅਰ ਸਥਿਤ ਪ੍ਰਸਿੱਧ ਹੋਟਲ ‘ਦਿ ਚੈਂਸਰੀ ਰੋਜ਼ਵੁੱਡ’ ਵਿਖੇ ਬ੍ਰਿਟ ਏਸ਼ੀਆ ਮਿਊਜ਼ਿਕ ਐਂਡ ਫਿਲਮ ਐਵਾਰਡਜ਼ (ਬੀ.ਏ.ਐੱਮ.ਐਫ.ਏ.) 2026 ...
ਅਜੀਤ ਡੈਸਕ
30-10-2026