ਸਕਾਟਲੈਂਡ ’ ਚ ਭਾਰਤੀ ਵਿਦਿਆਰਥੀ ਤੇ ਸੰਸਦ ਮੈਂਬਰ ਨੂੰ ਮਿਲਿਆ 3 ਸਾਲ ਦਾ ਨਵਾਂ ਵੀਜ਼ਾ
ਗਲਾਸਗੋ, 9 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਭਾਰਤ ਦੇ ਤਾਮਿਲਨਾਡੂ ਰਾਜ ਨਾਲ ਸੰਬੰਧਿਤ ਸਕਾਟਲੈਂਡ ਦੀ ਗਰੀਨ ਪਾਰਟੀ ਦੇ ਸੰਸਦ ਮੈਂਬਰ ਕਿਊ ਮਣਿਵੰਨਨ ਨੂੰ ਬਰਤਾਨੀਆ ਵਿਚ ਰਹਿਣ ਅਤੇ ਕੰਮ ਕਰਨ ਲਈ ਤਿੰਨ ਸਾਲ ਦਾ ਨਵਾਂ ਵੀਜ਼ਾ ਮਿਲ ਗਿਆ ਹੈ। ਇਸ ਨਾਲ ਉਨ੍ਹਾਂ ਦੇ ਸਕਾਟਿਸ਼ ਸੰਸਦ ਮੈਂਬਰ ਵਜੋਂ ਕੰਮ ਜਾਰੀ ਰੱਖਣ ਸੰਬੰਧੀ ਪੈਦਾ ਹੋਈ ਅਨਿਸ਼ਚਿਤਤਾ ਦੂਰ ਹੋ ਗਈ ਹੈ।
ਗਲਾਸਗੋ, 9 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਭਾਰਤ ਦੇ ਤਾਮਿਲਨਾਡੂ ਰਾਜ ਨਾਲ ਸੰਬੰਧਿਤ ਸਕਾਟਲੈਂਡ ਦੀ ਗਰੀਨ ਪਾਰਟੀ ਦੇ ਸੰਸਦ ਮੈਂਬਰ ਕਿਊ ਮਣਿਵੰਨਨ ਨੂੰ ਬਰਤਾਨੀਆ ਵਿਚ ਰਹਿਣ ਅਤੇ ਕੰਮ ਕਰਨ ਲਈ ਤਿੰਨ ਸਾਲ ਦਾ ਨਵਾਂ ਵੀਜ਼ਾ ਮਿਲ ਗਿਆ ਹੈ। ਇਸ ਨਾਲ ਉਨ੍ਹਾਂ ਦੇ ਸਕਾਟਿਸ਼ ਸੰਸਦ ਮੈਂਬਰ ਵਜੋਂ ਕੰਮ ਜਾਰੀ ਰੱਖਣ ਸੰਬੰਧੀ ਪੈਦਾ ਹੋਈ ਅਨਿਸ਼ਚਿਤਤਾ ਦੂਰ ਹੋ ਗਈ ਹੈ। 30 ਸਾਲਾ ਮਣਿਵੰਨਨ ਮਈ 2026 ਵਿਚ ਐਡਿਨਬਰਾ ਅਤੇ ਪੂਰਬੀ ਲੋਥੀਅਨ ਖੇਤਰ ਤੋਂ ਸਕਾਟਿਸ਼ ਸੰਸਦ ਲਈ ਚੁਣੇ ਗਏ ਸਨ। ਉਸ ਸਮੇਂ ਉਹ ਬਰਤਾਨੀਆ ਵਿਚ ਵਿਦਿਆਰਥੀ ਵੀਜ਼ੇ ਉੱਤੇ ਰਹਿ ਰਹੇ ਸਨ। ਮਣਿਵੰਨਨ ਦਾ ਜਨਮ ਭਾਰਤ ਦੇ ਤਾਮਿਲਨਾਡੂ ਰਾਜ ਵਿਚ ਹੋਇਆ ਸੀ। ਉਸ ਨੇ ਭਾਰਤ ਦੀ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਉਪਰੰਤ ਆਇਰਲੈਂਡ ਦੇ ਟ੍ਰਿਨਿਟੀ ਕਾਲਜ ਡਬਲਿਨ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਸਤੰਬਰ 2021 ਵਿਚ ਉਹ ਸਕਾਟਲੈਂਡ ਆਏ ਅਤੇ ਸੇਂਟ ਐਂਡਰਿਊਜ਼ ਯੂਨੀਵਰਸਿਟੀ ਵਿਚ ਕੌਮਾਂਤਰੀ ਸੰਬੰਧਾਂ ਦੇ ਵਿਸ਼ੇ ਵਿਚ ਡਾਕਟਰੇਟ ਦੀ ਪੜ੍ਹਾਈ ਕੀਤੀ। ਮਈ 2026 ਵਿਚ ਸਕਾਟਿਸ਼ ਸੰਸਦ ਲਈ ਚੁਣੇ ਜਾਣ ਮਗਰੋਂ ਉਨ੍ਹਾਂ ਦੇ ਵਿਦਿਆਰਥੀ ਵੀਜ਼ੇ ਨੂੰ ਲੈ ਕੇ ਸਿਆਸੀ ਵਿਵਾਦ ਪੈਦਾ ਹੋ ਗਿਆ ਸੀ। ਸਕਾਟਿਸ਼ ਕੰਜ਼ਰਵੇਟਿਵ ਪਾਰਟੀ ਨੇ ਸਵਾਲ ਉਠਾਇਆ ਸੀ ਕਿ ਵਿਦਿਆਰਥੀ ਵੀਜ਼ੇ ਉਤੇ ਰਹਿਣ ਵਾਲਾ ਵਿਅਕਤੀ ਪੂਰੇ ਸਮੇਂ ਲਈ ਸੰਸਦ ਮੈਂਬਰ ਵਜੋਂ ਕੰਮ ਕਰ ਸਕਦਾ ਹੈ ਜਾਂ ਨਹੀਂ। ਪਾਰਟੀ ਨੇ ਬਰਤਾਨਵੀ ਗ੍ਰਹਿ ਮੰਤਰਾਲੇ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਸੀ। ਦੂਜੇ ਪਾਸੇ, ਗਰੀਨ ਪਾਰਟੀ ਨੇ ਕਿਹਾ ਸੀ ਕਿ ਮਣਿਵੰਨਨ ਕੋਲ ਬਰਤਾਨੀਆ ਵਿਚ ਰਹਿਣ ਅਤੇ ਕੰਮ ਕਰਨ ਦਾ ਕਾਨੂੰਨੀ ਅਧਿਕਾਰ ਹੈ ਅਤੇ ਰਾਸ਼ਟਰਮੰਡਲ ਦੇ ਨਾਗਰਿਕ ਹੋਣ ਕਾਰਨ ਉਹ ਚੋਣ ਲੜਨ ਦੇ ਯੋਗ ਸੀ। ਹੁਣ 9 ਅਕਤੂਬਰ ਨੂੰ ਮਣਿਵੰਨਨ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਵਿਦਿਆਰਥੀ ਵੀਜ਼ੇ ਦੀ ਥਾਂ ਗ੍ਰੈਜੂਏਟ ਵੀਜ਼ਾ ਮਿਲ ਗਿਆ ਹੈ। ਇਸ ਵੀਜ਼ੇ ਤਹਿਤ ਉਹ 2029 ਤੱਕ ਬਰਤਾਨੀਆ ਵਿਚ ਰਹਿ ਕੇ ਕੰਮ ਕਰ ਸਕਣਗੇ। ਹਾਲਾਂਕਿ, ਸਕਾਟਿਸ਼ ਸੰਸਦ ਦਾ ਮੌਜੂਦਾ ਪੰਜ ਸਾਲਾ ਕਾਰਜਕਾਲ 2031 ਤੱਕ ਚੱਲਣਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਰਜਕਾਲ ਪੂਰਾ ਕਰਨ ਲਈ ਹੋਰ ਵੀਜ਼ਾ ਜਾਂ ਢੁਕਵੀਂ ਇਮੀਗ੍ਰੇਸ਼ਨ ਆਗਿਆ ਦੀ ਲੋੜ ਪਵੇਗੀ। ਮਣਿਵੰਨਨ ਨੇ ਵਿਸ਼ੇਸ਼ ਪ੍ਰਤਿਭਾ ਵਾਲੇ ਵਿਅਕਤੀਆਂ ਲਈ ਉਪਲਬਧ ਵੀਜ਼ਾ ਪ੍ਰਾਪਤ ਕਰਨ ਦੀ ਯੋਜਨਾ ਵੀ ਪ੍ਰਗਟਾਈ ਹੈ। ਨਵਾਂ ਵੀਜ਼ਾ ਮਿਲਣ ਉਪਰੰਤ ਮਣਿਵੰਨਨ ਨੇ ਕਿਹਾ ਕਿ ਸਕਾਟਲੈਂਡ ਹੀ ਉਨ੍ਹਾਂ ਦਾ ਘਰ ਹੈ ਅਤੇ ਉਹ ਇਥੇ ਰਹਿ ਕੇ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਨੇ ਬਰਤਾਨੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਹਿੰਗੀ ਅਤੇ ਗੁੰਝਲਦਾਰ ਦੱਸਦਿਆਂ ਕਿਹਾ ਕਿ ਪ੍ਰਵਾਸੀਆਂ ਨੂੰ ਇਥੇ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਲਈ ਹਜ਼ਾਰਾਂ ਪੌਂਡ ਖ਼ਰਚਣੇ ਪੈਂਦੇ ਹਨ। ਜ਼ਿਕਰਯੋਗ ਹੈ ਕਿ ਬਰਤਾਨੀਆ ਵਿਚ ਗ੍ਰੈਜੂਏਟ ਵੀਜ਼ਾ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਲਈ ਹੁੰਦਾ ਹੈ, ਜਿਨ੍ਹਾਂ ਨੇ ਯੋਗਤਾ ਪੂਰੀ ਕਰਨ ਵਾਲਾ ਪੜ੍ਹਾਈ ਦਾ ਕੋਰਸ ਸਫ਼ਲਤਾਪੂਰਵਕ ਮੁਕੰਮਲ ਕੀਤਾ ਹੋਵੇ। ਇਹ ਵੀਜ਼ਾ ਬਿਨਾਂ ਕਿਸੇ ਰੁਜ਼ਗਾਰਦਾਤਾ ਦੀ ਸਰਪ੍ਰਸਤੀ ਤੋਂ ਬਰਤਾਨੀਆ ਵਿਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਮਣਿਵੰਨਨ ਦਾ ਮਾਮਲਾ ਇਸ ਕਰਕੇ ਵੀ ਚਰਚਾ ਵਿਚ ਰਿਹਾ ਹੈ ਕਿ ਉਹ ਬਰਤਾਨਵੀ ਨਾਗਰਿਕ ਜਾਂ ਪੱਕੇ ਵਸਨੀਕ ਨਾ ਹੋਣ ਦੇ ਬਾਵਜੂਦ ਸਕਾਟਿਸ਼ ਸੰਸਦ ਦੇ ਚੁਣੇ ਹੋਏ ਮੈਂਬਰ ਹਨ।