22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕਰਵਾਇਆ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸਾਹਿਤ ਤੇ ਕਲਾ ਸੁਸਾਇਟੀ ਬੈਡਫੋਰਡ ਯੂ. ਕੇ.

ਅਜੀਤ ਡੈਸਕ 22-09-2026
ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸਾਹਿਤ ਤੇ ਕਲਾ ਸੁਸਾਇਟੀ ਬੈਡਫੋਰਡ ਯੂ.ਕੇ. ਵੱਲੋਂ ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਤੇ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਇਕ ਵਿਲੱਖਣ ਸਾਹਿਤਕ ਸਮਾਗਮ ਦੌਰਾਨ, ਗਾਇਕ ਤੇ ਸ਼ਾਇਰ ਸੂਫ਼ੀ ਬਲਬੀਰ ਨਾਲ ‘ਰੂਬਰੂ’ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਪੜਾਅ ’ਚ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਜਿਨ੍ਹਾਂ ਵਿਚ ਸੂਫ਼ੀ ਬਲਬੀਰ ਦੀ ਪੁਸਤਕ ‘ਮੁੱਠ ਕੁ ਮਿੱਟੀ’, ਮਨ ਮਾਨ ਦਾ ਕਾਵਿ ਸੰਗ੍ਰਹਿ ‘ਜੀਰਾਂਦ’ ਤੇ ਬਲਵੰਤ ਸਿੰਘ ਗਿੱਲ ਦਾ ਕਹਾਣੀ ਸੰਗ੍ਰਹਿ ‘ਕਹਾਣੀ ਦੱਸਾਂ ਕਿ ਨਾ’ ਸ਼ਾਮਿਲ ਸਨ। ਅਮਨਦੀਪ ਸਿੰਘ ਅਮਨ ਨੇ ਮਨ ਮਾਨ ਦੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉਨ੍ਹਾਂ ਦੀ ਤੀਸਰੀ ਪੁਸਤਕ ਹੈ, ਇਸ ਤੋਂ ਪਹਿਲਾਂ ਉਹ ਪਾਠਕਾਂ ਦੀ ਝੋਲੀ ’ਚ ਗ਼ਜ਼ਲ ਸੰਗ੍ਰਹਿ ‘ਰਾਵੀ ਦੀ ਰੀਝ’ ਤੇ ਨਾਵਲ ‘ਪਲ ਦੋ ਪਲ’ ਪਾ ਚੁੱਕੇ ਹਨ। ਬਲਵੰਤ ਸਿੰਘ ਗਿੱਲ ਨੇ ਵੀ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਵਲਾਇਤੀ ਵਾਂਢਾ ’ਤੇ ਹੋਰ ਕਹਾਣੀਆਂ’ ਤੇ “ਉੱਜੜੇ ਬਾਗ ਦਾ ਫੁੱਲ” ਤੋਂ ਬਾਅਦ ਇਹ ਉਨਾਂ ਦੀ ਤੀਜੀ ਪੁਸਤਕ ਹੈ, ਉਨ੍ਹਾਂ ਦੀਆਂ ਕਹਾਣੀਆਂ ਅਸਲ ਜ਼ਿੰਦਗੀ ਵਿਚਲੇ ਪਾਤਰਾਂ ਦੁਆਲੇ ਘੁੰਮਦੀਆਂ ਹਨ। ਆਮ ਲੋਕਾਂ ਦੇ ਦਰਦ ਨੂੰ ਹੀ ਜਦ ਉਹ ਸ਼ਬਦਾਂ ਵਿਚ ਬਿਆਨ ਕਰਦੇ ਹਨ ਤਾਂ ਉਹ ਇਕ ਕਹਾਣੀ ਬਣ ਜਾਂਦੀ ਹੈ। ਉਨ੍ਹਾਂ ਦੀਆਂ ਕਹਾਣੀਆਂ ਆਪਣੇ ਇਰਦ ਗਿਰਦ ਦੇ ਸਮਾਜ ਦਾ ਹੀ ਸ਼ੀਸ਼ਾ ਹਨ। ਰੂਪ ਦਵਿੰਦਰ ਕੌਰ ਨੇ ਆਪਣੇ ਨਿਵੇਕਲੇ ਅੰਦਾਜ਼ ਵਿਚ ਸੂਫ਼ੀ ਬਲਬੀਰ ਨਾਲ ਉਨ੍ਹਾਂ ਦੀ ਪੁਸਤਕ ਬਾਰੇ ਸਵਾਲ ਜੁਆਬ ਕੀਤੇ। ਸੂਫ਼ੀ ਬਲਬੀਰ ਦਾ ਇਹ ਦੂਜਾ ਕਾਵਿ ਸੰਗ੍ਰਹਿ ਹੈ ਤੇ ਇਹ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਸ੍ਰੀ ਮੁਖਤਾਰ ਸੂਫ਼ੀ ਨੂੰ ਸਮਰਪਿਤ ਕੀਤਾ ਹੈ। ਸਮਾਗਮ ਦੇ ਦੂਜੇ ਪੜਾਅ ਵਿਚ ਕਵੀ ਦਰਬਾਰ ਹੋਇਆ, ਖਾਸ ਤੌਰ ’ਤੇ ਪਹੁੰਚੇ ਹੋਏ ਕਵੀਆਂ ਨੇ ਹਾਜ਼ਰੀ ਭਰੀ ਤੇ ਸਾਹਿਤਕ ਵਿਚਾਰਾਂ ਕੀਤੀਆਂ। ਇਸ ਸਮਾਗਮ ਦੀ ਖਾਸ ਗੱਲ ਇਹ ਵੀ ਸੀ ਕਿ ਸਰੋਤਿਆਂ ਨੇ ਬੜੀ ਰੂਹ ਨਾਲ ਸਭ ਨੂੰ ਸੁਣਿਆ ਤੇ ਲਗਾਤਾਰ ਦਾਦ ਦਿੱਤੀ ਤੇ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ। ਪ੍ਰੋਗਰਾਮ ਦੇ ਤੀਸਰੇ ਪੜਾਅ ਵਿਚ ਸੂਫ਼ੀ ਬਲਬੀਰ ਨੇ ਆਪਣੀ ਕਵਿਤਾਵਾਂ ਤੇ ਗੀਤ ਗਾ ਕੇ ਸੁਣਾਏ ਤੇ ਨਿਰਾਲਾ ਰੰਗ ਬੰਨਿਆਂ, ਉਨ੍ਹਾਂ ਨੇ “ਧੀਆਂ” ਵਾਲਾ ਗੀਤ ਸੁਣਾ ਕੇ ਜਿੱਥੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ ਉੱਥੇ ਉਨ੍ਹਾਂ ਆਪਣਾ “ਵਹੁਟੀ” ਵਾਲਾ ਗੀਤ ਸੁਣਾ ਕੇ ਮਾਹੌਲ ਨੂੰ ਹਲਕਾ ਫੁਲਕਾ ਕਰ ਸਭ ਨੂੰ ਖੂਬ ਹਸਾਇਆ ਤੇ ਦਰਸ਼ਕਾਂ ਨੂੰ ਆਪਣੇ ਨਾਲ ਗਵਾਇਆ ਜਿਸ ਨਾਲ ਇੱਕ ਬਹੁਤ ਸ਼ਾਨਦਾਰ ਮਾਹੌਲ ਸਿਰਜਿਆ ਗਿਆ ਤੇ ਇਹ ਪ੍ਰੋਗਰਾਮ ਆਪਣੇ ਆਪ ਵਿੱਚ ਯਾਦਗਾਰੀ ਹੋ ਨਿਬੜਿਆ। ਦੂਰੋਂ ਨੇੜਿਓਂ ਚੱਲ ਕੇ ਆਏ ਪਤਵੰਤੇ ਸੱਜਣਾਂ ਵਿੱਚ ਐਮ ਪੀ ਮੋਹੰਮਦ ਯਾਸਿਨ, ਕਾਊਂਸਲਰ ਮੋਹੰਮਦ ਨਵਾਜ਼, ਕਾਊਂਸਲਰ ਹਰਿਸ਼ ਥਾਪਰ, ਸੰਗੀਤਕਾਰ ਬਲਦੇਵ ਮਸਤਾਨਾ, ਸੰਗੀਤਕਾਰ ਆਫ਼ਤਾਬ ਨਿਕਲਸਨ, ਕੁਲਵੰਤ ਢਿੱਲੋਂ, ਅਮਨਦੀਪ ਸਿੰਘ ਅਮਨ ਗਲਾਸਗੋ, ਮਨਜੀਤ ਪੱਡਾ, ਰਾਜਿੰਦਰਜੀਤ, ਸੰਜੀਵ ਭਨੋਟ, ਜਸਮੇਰ ਸਿੰਘ ਲਾਲ, ਬੂਟਾ ਖੋਸਲਾ, ਬਲਵੰਤ ਗਿੱਲ, ਜਤਿੰਦਰ ਸਿੰਘ ਬੁਗਲੀ, ਸਤਵੰਤ ਕੌਰ ਘੁੰਮਣ, ਸਨੀ ਪ੍ਰਕਾਸ਼ ਸਿੰਘ ਨਾਹਿਲ, ਸਟੀਵਨ ਤੇ ਟੋਨੀ, ਮੁੱਖ ਤੌਰ ਤੇ ਸ਼ਾਮਿਲ ਹੋਏ। ਰੂਪ ਦਵਿੰਦਰ ਕੌਰ ਨੇ ਸਟੇਜੀ ਕਾਰਵਾਈ ਕਰਦਿਆਂ ਕਿਹਾ ਕਿ ਇਹੋ ਜਿਹੇ ਸਮਾਗਮ ਇੱਕ ਇਕੱਲੀ ਸੰਸਥਾ ਵਾਸਤੇ ਮੁਸ਼ਕਲ ਹੁੰਦੇ ਹਨ, ਸੋ ਸੰਸਥਾਵਾਂ ਨੂੰ ਇੱਕ ਜੁੱਟ ਹੋ ਕੇ ਰਲ ਕੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਉੱਦਮ ਕਰਨੇ ਚਾਹੀਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਸੂਫ਼ੀ ਬਲਬੀਰ ਤੇ ਹੋਰ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਸਵਿੰਦਰ ਕੁਮਾਰ ਬੀ ਈ ਐਮ ਅਤੇ ਬਿੰਦਰ ਭਰੋਲੀ ਨੇ ਸਭ ਦਾ ਧੰਨਵਾਦ ਕਰਦਿਆਂ ਇਹ ਵਾਅਦਾ ਕੀਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਇਹੋ ਜਿਹੇ ਸਮਾਗਮ ਕਰਵਾਉਂਦੇ ਰਹਿਣਗੇ।
ਪਿਛਲੀ ਖ਼ਬਰ ਸਿੱਖ ਹੈਲਪਲਾਈਨ ਵਲੋਂ ਲੈਸਟਰ ਵਿਖੇ ਪਰਿਵਾਰਕ ਸਾਈਕਲ ਰਾਈਡ ਕਰਵਾਈ ਸਮਾਜ ਦੀਆਂ ਵੱਖ - ਵੱਖ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ... ਅਗਲੀ ਖ਼ਬਰ ਬਰਤਾਨੀਆ ਦੀ ਨਾਗਰਿਕਤਾ ਨੂੰ ਚਮੜੀ ਦੇ ਰੰਗ ਨਾਲ ਨਾ ਜੋੜਿਆ ਜਾਵੇ - ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।