ਪਰਵਾਸ ਵਿਰੋਧੀ ਗਰੁੱਪ ਤੋਂ ਮਿਲਿਆ ਦਾਨ ਲੈਣ ਤੋਂ ਗਲਾਸਗੋ ਦੀ ਚੈਰਿਟੀ ਵੱਲੋਂ ਨਾਂਹ
ਗਲਾਸਗੋ, 18 ਅਗਸਤ (ਹਰਜੀਤ ਸਿੰਘ ਦੁਸਾਂਝ)-ਜਬਰ-ਜਨਾਹ ਤੇ ਜਿਨਸੀ ਹਿੰਸਾ ਤੋਂ ਪੀੜਤ ਔਰਤਾਂ ਤੇ ਲੜਕੀਆਂ ਦੀ ਸਹਾਇਤਾ ਕਰਨ ਵਾਲੀ ਚੈਰਿਟੀ ਸੰਸਥਾ ਗਲਾਸਗੋ ਐਂਡ ਕਲਾਈਡ ਰੇਪ ਕ੍ਰਾਈਸਿਸ ਨੇ ਸਕਾਟਲੈਂਡ ਦੇ ਪਰਵਾਸ ਵਿਰੋਧੀ ਗਰੁੱਪ ਸਕਾਟਿਸ਼ ਸਿਟੀਜ਼ਨ ਆਰਮੀ ਵੱਲੋਂ ਇਕੱਠਾ ਕੀਤਾ ਦਾਨ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੰਸਥਾ ਦੇ ਇਸ ਫ਼ੈਸਲੇ ਦੀ ਸੋਸ਼ਲ ਮੀਡੀਆ ’ਤੇ ਆਲੋਚਨਾ ਹੋ ਰਹੀ ਹੈ।
ਗਲਾਸਗੋ, 18 ਅਗਸਤ (ਹਰਜੀਤ ਸਿੰਘ ਦੁਸਾਂਝ)-ਜਬਰ-ਜਨਾਹ ਤੇ ਜਿਨਸੀ ਹਿੰਸਾ ਤੋਂ ਪੀੜਤ ਔਰਤਾਂ ਤੇ ਲੜਕੀਆਂ ਦੀ ਸਹਾਇਤਾ ਕਰਨ ਵਾਲੀ ਚੈਰਿਟੀ ਸੰਸਥਾ ਗਲਾਸਗੋ ਐਂਡ ਕਲਾਈਡ ਰੇਪ ਕ੍ਰਾਈਸਿਸ ਨੇ ਸਕਾਟਲੈਂਡ ਦੇ ਪਰਵਾਸ ਵਿਰੋਧੀ ਗਰੁੱਪ ਸਕਾਟਿਸ਼ ਸਿਟੀਜ਼ਨ ਆਰਮੀ ਵੱਲੋਂ ਇਕੱਠਾ ਕੀਤਾ ਦਾਨ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੰਸਥਾ ਦੇ ਇਸ ਫ਼ੈਸਲੇ ਦੀ ਸੋਸ਼ਲ ਮੀਡੀਆ ’ਤੇ ਆਲੋਚਨਾ ਹੋ ਰਹੀ ਹੈ। ਸਕਾਟਿਸ਼ ਸਿਟੀਜ਼ਨ ਆਰਮੀ ਆਪਣੇ ਆਪ ਨੂੰ ਸਖ਼ਤ ਇਮੀਗ੍ਰੇਸ਼ਨ ਕਾਨੂੰਨਾਂ, ਭਾਈਚਾਰਕ ਸੁਰੱਖਿਆ ਅਤੇ ਸਥਾਨਕ ਲੋਕਾਂ ਨੂੰ ਪਹਿਲ ਦੇਣ ਦੀ ਹਮਾਇਤੀ ਦੱਸਦੀ ਹੈ। ਸਕਾਟਿਸ਼ ਸਿਟੀਜਨ ਆਰਮੀ ਮੁਤਾਬਕ ਉਸ ਨੇ ਪੀੜਤ ਔਰਤਾਂ ਲਈ ਜ਼ਰੂਰੀ ਵਰਤੋਂ ਵਾਲੀਆਂ ਵਸਤਾਂ ਦੇ ‘ਐਸੈਂਸ਼ੀਅਲ ਕੇਅਰ ਕਿੱਟ’ ਸੰਸਥਾ ਨੂੰ ਦਿੱਤੇ ਸਨ। ਦਾਅਵਾ ਕੀਤਾ ਗਿਆ ਕਿ ਪਹਿਲਾਂ ਸਟਾਫ਼ ਨੇ ਇਹ ਕਿੱਟਾਂ ਸਵੀਕਾਰ ਕਰ ਲਈਆਂ ਅਤੇ ਉਨ੍ਹਾਂ ਨਾਲ ਸਕਾਰਾਤਮਕ ਢੰਗ ਨਾਲ ਗੱਲਬਾਤ ਵੀ ਕੀਤੀ।ਸਕਾਟਿਸ਼ ਸਿਟੀਜਨ ਆਰਮੀ ਨੇ ਕਿਹਾ ਕਿ ਕੁਝ ਘੰਟਿਆਂ ਬਾਅਦ ਉਸ ਨੂੰ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਕਿ ਉਸ ਦੀਆਂ ਵਿਆਪਕ ਜਨਤਕ ਵਿਚਾਰਧਾਰਾਵਾਂ ਸਬੰਧੀ ਚਿੰਤਾਵਾਂ ਕਾਰਨ ਫੰਡ ਇਕੱਠਾ ਕਰਨ ਦੀ ਮੁਹਿੰਮ ਅੱਗੇ ਨਹੀਂ ਵਧ ਸਕਦੀ। ਗਰੁੱਪ ਨੇ ਫ਼ੈਸਲੇ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਕੋਈ ਸਿਆਸੀ ਪਾਰਟੀ ਨਹੀਂ, ਸਗੋਂ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਹਿੰਸਾ, ਸੁਰੱਖਿਆ, ਰਿਹਾਇਸ਼ ਅਤੇ ਜਨਤਕ ਸੇਵਾਵਾਂ ਵਰਗੇ ਮੁੱਦਿਆਂ ਉੱਤੇ ਕੰਮ ਕਰਨ ਵਾਲਾ ਭਾਈਚਾਰਕ ਗਰੁੱਪ ਹੈ। ਗਰੁੱਪ ਨੇ ਦੱਸਿਆ ਕਿ ਉਸ ਦੀ ਮੁਹਿੰਮ ਰਾਹੀਂ ਆਈ ਰਕਮ ਦਾਨੀਆਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਿਵਾਦ ਕਾਰਨ ਉਹ ਚੈਰਿਟੀ ਦੀ ਮਦਦ ਕਰਨੀ ਬੰਦ ਨਾ ਕਰਨ, ਕਿਉਂਕਿ ਔਰਤਾਂ ਅਤੇ ਲੜਕੀਆਂ ਨੂੰ ਅਜੇ ਵੀ ਇਸ ਸੇਵਾ ਦੀ ਲੋੜ ਹੈ।