ਗੁਰਦੁਆਰੇ ਮਨੁੱਖਤਾ, ਸਮਾਨਤਾ ਅਤੇ ਸੇਵਾ ਦੀ ਸਿੱਖਿਆ ਦੇ ਕੇਂਦਰ ਹਨ-ਭਾਈ ਸਰਬਜੀਤ ਸਿੰਘ ਧੂੰਦਾ
ਲੰਡਨ, 8 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੁਮਾਲਿਆਂ ਦੀ ਸੇਵਾ ਕੇਵਲ ਬਾਹਰੀ ਸਫ਼ਾਈ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਇਹ ਮਨੁੱਖ ਦੇ ਮਨ ਅੰਦਰ ਜਮੀਆਂ ਵਿਕਾਰਾਂ ਦੀ ਮੈਲ ਨੂੰ ਵੀ ਧੋਣ ਦਾ ਸਾਧਨ ਬਣਦੀ ਹੈ। ਜਦੋਂ ਮਨੁੱਖ ਨਿਮਰਤਾ ਅਤੇ ਸ਼ਰਧਾ ਨਾਲ ਸੇਵਾ ਕਰਦਾ ਹੈ ਤਾਂ ਉਸ ਦੇ ਅੰਦਰ ਗੁਰਮਤਿ ਦੀ ਭਾਵਨਾ, ਪਿਆਰ ਅਤੇ ਸਮਰਪਣ ਦਾ ਸੰਚਾਰ ਹੁੰਦਾ ਹੈ।
ਲੰਡਨ, 8 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੁਮਾਲਿਆਂ ਦੀ ਸੇਵਾ ਕੇਵਲ ਬਾਹਰੀ ਸਫ਼ਾਈ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਇਹ ਮਨੁੱਖ ਦੇ ਮਨ ਅੰਦਰ ਜਮੀਆਂ ਵਿਕਾਰਾਂ ਦੀ ਮੈਲ ਨੂੰ ਵੀ ਧੋਣ ਦਾ ਸਾਧਨ ਬਣਦੀ ਹੈ। ਜਦੋਂ ਮਨੁੱਖ ਨਿਮਰਤਾ ਅਤੇ ਸ਼ਰਧਾ ਨਾਲ ਸੇਵਾ ਕਰਦਾ ਹੈ ਤਾਂ ਉਸ ਦੇ ਅੰਦਰ ਗੁਰਮਤਿ ਦੀ ਭਾਵਨਾ, ਪਿਆਰ ਅਤੇ ਸਮਰਪਣ ਦਾ ਸੰਚਾਰ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ, ਮੋਇਤਾ (ਪੁਰਤਗਾਲ) ਵਿਖੇ ਕਰਵਾਏ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ਾਮ ਦੇ ਸਜੇ ਦੀਵਾਨਾਂ ਵਿੱਚ ਉਨ੍ਹਾਂ ਕਿਹਾ ਕਿ ਗੁਰਦੁਆਰੇ ਸਿਰਫ਼ ਧਾਰਮਿਕ ਅਸਥਾਨ ਨਹੀਂ, ਸਗੋਂ ਮਨੁੱਖਤਾ ਦੀ ਉਸਾਰੀ ਕਰਨ ਵਾਲੇ ਮਹਾਨ ਸਿੱਖਿਆ ਕੇਂਦਰ ਹਨ। ਇੱਥੇ ਮਨੁੱਖ ਭਾਂਡੇ ਮਾਂਜਣੇ, ਝਾੜੂ ਲਾਉਣੇ, ਪੋਚੇ ਲਾਉਣੇ, ਲੰਗਰ ਤਿਆਰ ਕਰਨੇ ਅਤੇ ਵਰਤਾਉਣੇ ਵਰਗੀਆਂ ਸੇਵਾਵਾਂ ਰਾਹੀਂ ਹਉਮੈ ਦਾ ਤਿਆਗ ਕਰਨਾ ਅਤੇ ਸਭ ਨੂੰ ਬਰਾਬਰ ਸਮਝਣਾ ਸਿੱਖਦਾ ਹੈ। ਦੁਨੀਆ ਵਿੱਚ ਜਿੱਥੇ ਅਮੀਰ-ਗਰੀਬ ਅਤੇ ਉੱਚ-ਨੀਚ ਦੇ ਭੇਦ ਮੌਜੂਦ ਹਨ, ਉੱਥੇ ਗੁਰੂ ਦੇ ਲੰਗਰ ਵਿੱਚ ਹਰ ਮਨੁੱਖ ਇੱਕੋ ਪੰਗਤ ਵਿੱਚ ਬੈਠ ਕੇ ਸਮਾਨਤਾ ਦਾ ਸੰਦੇਸ਼ ਅਮਲ ਵਿੱਚ ਲਿਆਉਂਦਾ ਹੈ। ਭਾਈ ਧੂੰਦਾ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਾੜੀ ਰਾਜਿਆਂ ਨਾਲ ਕੋਈ ਜ਼ਮੀਨੀ ਵਿਵਾਦ ਨਹੀਂ ਸੀ। ਪਹਾੜੀ ਰਾਜਿਆਂ ਦੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਸੀ ਕਿ ਗੁਰੂ ਸਾਹਿਬ ਉਨ੍ਹਾਂ ਲੋਕਾਂ ਨੂੰ ਵੀ ਬਰਾਬਰ ਦਾ ਸਨਮਾਨ ਦੇ ਰਹੇ ਸਨ, ਜਿਨ੍ਹਾਂ ਨੂੰ ਸਮਾਜ ਨੀਵਾਂ ਸਮਝਦਾ ਸੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਨਾ ਕੇਵਲ ਸ਼ਸਤਰ ਵਿਦਿਆ ਨਾਲ ਸਸ਼ਕਤ ਕੀਤਾ, ਸਗੋਂ ਇੱਕੋ ਬਾਟੇ ਵਿੱਚੋਂ ਖੰਡੇ ਦੀ ਪਾਹੁਲ ਛਕਾ ਕੇ ਇਹ ਐਲਾਨ ਕੀਤਾ ਕਿ ਗੁਰੂ ਦੇ ਦਰਬਾਰ ਵਿੱਚ ਜਾਤ-ਪਾਤ ਅਤੇ ਉੱਚ-ਨੀਚ ਲਈ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਰਾਹੀਂ ਮਨੁੱਖਤਾ ਨੂੰ ਜੋੜਿਆ ਸੀ, ਪਰ ਅੱਜ ਕੁਝ ਡੇਰੇਦਾਰੀ ਪ੍ਰਥਾਵਾਂ ਨੇ ਉਸੇ ਬਾਟੇ ਨੂੰ ਵੀ ਵੰਡਣ ਦਾ ਯਤਨ ਕੀਤਾ ਹੈ । ਇਹ ਰੁਝਾਨ ਗੁਰਮਤਿ ਦੇ ਸਮਾਨਤਾ ਵਾਲੇ ਮੂਲ ਸਿਧਾਂਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਆਧਾਰ ’ਤੇ ਕੀਤੀ ਜਾਣ ਵਾਲੀ ਸੱਚ ਦੀ ਵਿਚਾਰ ਦਾ ਤਰਕਪੂਰਨ ਜਵਾਬ ਦੇਣਾ ਵਿਰੋਧੀਆਂ ਲਈ ਸੰਭਵ ਨਹੀਂ ਹੁੰਦਾ। ਇਸੇ ਲਈ ਸੱਚ ਦੇ ਸਾਹਮਣੇ ਝੂਠ ਅਤੇ ਪਖੰਡ ਆਪਣੇ ਆਪ ਬੇਨਕਾਬ ਹੋ ਜਾਂਦੇ ਹਨ। ਇਸ ਮੌਕੇ ਦੂਰ-ਨੇੜੇ ਤੋਂ ਪੁੱਜੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਰਵਣ ਕੀਤਾ ਅਤੇ ਗੁਰਮਤਿ ਜੀਵਨ ਅਪਣਾਉਣ ਦਾ ਸੰਕਲਪ ਦੁਹਰਾਇਆ।