30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

18 ਲੱਖ ਸਾਲਾਂ ਤੋਂ ਮਿੱਟੀ ’ਚ ਦੱਬਿਆ ਹਾਥੀ ਦਾ ਪ੍ਰਾਚੀਨ ਦੰਦ ਬੱਚੇ ਨੂੰ ਸਮੁੰਦਰੀ ਤੱਟ ਤੋਂ ਮਿਲਿਆ

ਅਜੀਤ ਡੈਸਕ 02-07-2026

ਲੰਡਨ, 1 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਦੇ ਸਫੋਕ ਸਮੁੰਦਰੀ ਤੱਟ ‘ਤੇ ਇਕ 11 ਸਾਲ ਦੇ ਬੱਚੇ ਨੂੰ ਲਗਭਗ 18 ਲੱਖ ਸਾਲ ਪੁਰਾਣਾ ਹਾਥੀ ਦਾ ਦੰਦ ਮਿਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੱਭਣ ਤੋਂ ਸਿਰਫ਼ 10 ਮਿੰਟ ਪਹਿਲਾਂ ਹੀ ਉਹ ਬੱਚਾ ਆਪਣੀ ਮਾਂ ਨਾਲ ਹਾਥੀਆਂ ਬਾਰੇ ਗੱਲਾਂ ਕਰ ਰਿਹਾ ਸੀ। ਚਾਰਲੀ ਓਰਚਰਡ-ਲਾਇਲ ਨਾਂਅ ਦਾ ਇਹ ਬੱਚਾ ਬੌਡਸੀ ਦੇ ਈਸਟ ਲੇਨ ਬੀਚ ‘ਤੇ ਸੈਰ ਕਰ ਰਿਹਾ ਸੀ, ਜਦੋਂ ਉਸ ਦੀ ਨਜ਼ਰ ਲਹਿਰਾਂ ਵਿਚ ਪਏ ਇੱਕ ਅਜੀਬ ਪੱਥਰ ਵਰਗੀ ਚੀਜ਼ ‘ਤੇ ਪਈ। ਬਾਅਦ ਵਿਚ ਜਦੋਂ ਮਾਹਰਾਂ ਵੱਲੋਂ ਇਸ ਦੀ ਜਾਂਚ ਕੀਤੀ ਗਈ, ਤਾਂ ਪਤਾ ਲੱਗਿਆ ਕਿ ਇਹ ਕੋਈ ਆਮ ਪੱਥਰ ਨਹੀਂ, ਸਗੋਂ ‘ਅਨਾਨਕਸ ਅਰਵਰਨੇਨਸਿਸ’ ਨਾਂਅ ਦੇ ਇੱਕ ਵਿਲੱਖਣ ਪ੍ਰਾਚੀਨ ਹਾਥੀ ਦਾ ਦੰਦ ਹੈ, ਜੋ ਲਗਭਗ 18 ਲੱਖ ਸਾਲ ਪਹਿਲਾਂ ਇਸ ਧਰਤੀ ‘ਤੇ ਪਾਇਆ ਜਾਂਦਾ ਸੀ। ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੇ ਪ੍ਰੋਫੈਸਰ ਐਡਰੀਅਨ ਲਿਸਟਰ ਨੇ ਇਸ ਦੰਦ ਦੇ ਅਸਲੀ ਹੋਣ ਦੀ ਪੁਸ਼ਟੀ ਕੀਤੀ ਹੈ।
‘ਅਨਾਨਕਸ ਅਰਵਰਨੇਨਸਿਸ’ ਅੱਜ ਦੇ ਸਮੇਂ ਦੇ ਹਾਥੀਆਂ ਨਾਲੋਂ ਕਾਫ਼ੀ ਵੱਖਰਾ ਸੀ। ਇਸ ਦੇ ਲਗਭਗ 10 ਫੁੱਟ ਲੰਬੇ ਅਤੇ ਬਿਲਕੁਲ ਸਿੱਧੇ ਦੰਦ ਸਨ, ਜੋ ਕਿ ਇਸ ਦੇ ਪੂਰੇ ਸਰੀਰ ਦੀ ਲੰਬਾਈ ਦੇ ਬਰਾਬਰ ਸਨ। ਇਹ ਹਾਥੀ ਮੋਢੇ ਤੱਕ ਲਗਭਗ 8 ਫੁੱਟ ਉੱਚਾ ਹੁੰਦਾ ਸੀ ਅਤੇ ਇਸ ਦਾ ਵਜ਼ਨ 5 ਤੋਂ 6 ਟਨ ਦੇ ਕਰੀਬ ਸੀ। ਇਹ ਪ੍ਰਾਚੀਨ ਜੀਵ ਯੂਰਪ ਦੇ ਜੰਗਲਾਂ ਵਿਚ ਰਹਿੰਦਾ ਸੀ। ਵਿਗਿਆਨੀਆਂ ਮੁਤਾਬਕ ਸਫੋਕ ਦਾ ਇਹ ਤੱਟਵਰਤੀ ਇਲਾਕਾ ਆਪਣੀ ‘ਰੈੱਡ ਕ੍ਰੈਗ ਫਾਰਮੇਸ਼ਨ’ ਲਈ ਜਾਣਿਆ ਜਾਂਦਾ ਹੈ, ਜਿੱਥੇ ਲੱਖਾਂ ਸਾਲ ਪੁਰਾਣੇ ਸਮੁੰਦਰੀ ਅਤੇ ਤੱਟਵਰਤੀ ਜੀਵਾਂ ਦੇ ਅਵਸ਼ੇਸ਼ ਦੱਬੇ ਹੋਏ ਹਨ।

ਪਿਛਲੀ ਖ਼ਬਰ ਦਾਣਾ ਮੰਡੀ ’ਚ ਨਾਜਾਇਜ਼ ਕਬਜ਼ਾਧਾਰੀਆਂ ਖ਼ਿਲਾਫ਼ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ ਅਗਲੀ ਖ਼ਬਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੇ ਬਿੱਲ ’ਚੋਂ ਇਨਲਿਸਟਮੈਂਟ ਵਰਕਰਾਂ ਨੂੰ ਬਾਹਰ ਰੱਖਣ ਦਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।