ਅੰਮਿ੍ਤਸਰ, 18 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਹਾਕੀ ਟੀਮ ਦੇ ਕਪਤਾਨ ਸ਼ਕੀਲ ਅਮਦ ਬੱਟ ਨੇ ਆਸਟ੍ਰੇਲੀਆ ਦੇ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਆਪਣੀ ਨੈਸ਼ਨਲ ਫੈਡਰੇਸ਼ਨ ਦੀ ਸਖ਼ਤ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਉਨ੍ਹਾਂ ਦੀ ਟੀਮ ਨੂੰ ਨਾ ਸਿਰਫ਼ ਹੋਟਲ ਬੁਕਿੰਗ ਦੀ ਘਾਟ ਕਾਰਨ ਸੜਕਾਂ 'ਤੇ ਘੁੰਮਣਾ ਪਿਆ, ਸਗੋਂ ਮੈਚ ਖੇਡਣ ਲਈ ਜਾਣ ਤੋਂ ਪਹਿਲਾਂ ਭਾਂਡੇ ਵੀ ਧੋਣੇ ਪਏ | ਲਾਹੌਰ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਟ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ. ਐੱਚ. ਐੱਫ.) ਨੇ ਖਿਡਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਮੀਡੀਆ ਨਾਲ ਗੱਲ ਕਰਨਗੇ ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ | ਬਗ਼ਾਵਤ ਦਾ ਐਲਾਨ ਕਰਦੇ ਹੋਏ ਬੱਟ ਨੇ ਕਿਹਾ ਕਿ ਅਸੀਂ ਫੈਡਰੇਸ਼ਨ ਦੇ ਮੌਜੂਦਾ ਪ੍ਰਬੰਧਨ ਅਧੀਨ ਖੇਡਣਾ ਜਾਰੀ ਨਹੀਂ ਰੱਖ ਸਕਦੇ | ਜਦੋਂ ਖਿਡਾਰੀਆਂ ਨੂੰ ਮੈਚ ਖੇਡਣ ਲਈ ਜਾਣ ਤੋਂ ਪਹਿਲਾਂ ਰਸੋਈ ਸਾਫ਼ ਕਰਨੀ ਪੈਂਦੀ ਹੋਵੇ ਅਤੇ ਭਾਂਡੇ ਧੋਣੇ ਪੈਂਦੇ ਹੋਣ ਤਾਂ ਤੁਸੀਂ ਸਾਡੇ ਤੋਂ ਚੰਗੇ ਨਤੀਜਿਆਂ ਦੀ ਉਮੀਦ ਕਿਵੇਂ ਕਰ ਸਕਦੇ ਹੋ | ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਹਾਕੀ ਟੀਮ ਨੂੰ ਕੈਨਬਰਾ ਲਈ ਆਪਣੀ ਅਗਲੀ ਉਡਾਣ 'ਚ ਚੜ੍ਹਨ ਤੋਂ ਪਹਿਲਾਂ ਸਿਡਨੀ ਹਵਾਈ ਅੱਡੇ 'ਤੇ 13-14 ਘੰਟੇ ਇੰਤਜ਼ਾਰ ਕਰਨਾ ਪਿਆ | ਇਸ ਤੋਂ ਬਾਅਦ ਜਦੋਂ ਟੀਮ ਆਪਣੇ ਹੋਟਲ ਪਹੁੰਚੀ ਤਾਂ ਉੱਥੇ ਕੋਈ ਬੁਕਿੰਗ ਨਹੀਂ ਸੀ, ਜਿਸ ਕਾਰਨ ਖਿਡਾਰੀਆਂ ਨੂੰ ਕਈ ਘੰਟੇ ਗਲੀਆਂ 'ਚ ਭਟਕਣਾ ਪਿਆ | ਹਾਲਾਂਕਿ, ਅਗਲੀ ਦੁਪਹਿਰ ਉਨ੍ਹਾਂ ਦਾ ਆਸਟ੍ਰੇਲੀਆ ਵਿਰੁੱਧ ਮੈਚ ਸੀ, ਜਿਹੜਾ ਟੀਮ 2-3 ਨਾਲ ਹਾਰ ਗਈ | ਆਸਟ੍ਰੇਲੀਆ ਦੌਰੇ ਦੌਰਾਨ ਪਾਕਿ ਜਰਮਨੀ ਤੋਂ ਵੀ ਮੈਚ ਹਾਰ ਗਈ | ਸਰਕਾਰੀ ਮਾਲਕੀ ਵਾਲੇ ਪਾਕਿਸਤਾਨ ਸਪੋਰਟਸ ਬੋਰਡ (ਪੀ. ਐੱਸ. ਬੀ.) ਦੇ ਡਾਇਰੈਕਟਰ ਜਨਰਲ ਨੂਰ ਉਸ ਸਬਾਹ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ |