ਸਿਡਨੀ, 18 ਫਰਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸੀਨੀਅਰ ਸਿਟੀਜਨ ਗਰੁੱਪ ਵਲੋਂ ਪੰਜਾਬੀ ਸਕੂਲ ਵਿਚ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਕਰਵਾਇਆ | ਸਮਾਗਮ ਵਿਚ ਵੱਡੀ ਗਿਣਤੀ ਵਿਚ ਸਾਥੀਆਂ ਅਤੇ ਕਵਿਤਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ ¢ ਇਸ ਸਬੰਧੀ ਕੋਆਰਡੀਨੇਟਰ ਜੀਵਨ ਸਿੰਘ ਦੋਸਾਂਝ ਨੇ ਦੱਸਿਆ ਕਿ ਤਕਰੀਬਨ 20 ਦੇ ਕਰੀਬ ਬੁਲਾਰਿਆਂ ਨੇ ਕਵੀ ਦਰਬਾਰ ਵਿਚ ਭਾਗ ਲਿਆ ¢ ਸਮਾਗਮ ਦੀ ਸ਼ੁਰੂਆਤ ਸ਼ੁਕਰ ਦਾਤਿਆ ਦੇ ਗੀਤ ਨਾਲ ਕੀਤੀ ਗਈ, ਜਿਸ ਨਾਲ ਰੂਹਾਨੀ ਮਾਹੌਲ ਬਣ ਗਿਆ ¢ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਭਜਨ ਸਿੰਘ ਸਿੱਧੂ ਨੇ ਬਖੂਬੀ ਨਿਭਾਈ ¢ ਡਾ. ਅਵਤਾਰ ਸਿੰਘ ਸੰਘਾ ਨੇ ਆਪਣੀ ਨਵੀਂ ਲਿਖੀ ਕਹਾਣੀ ਪੇਸ਼ ਕੀਤੀ, ਜਿਸ ਨੂੰ ਹਾਜ਼ਰੀਨਾਂ ਵਲੋਂ ਭਰਪੂਰ ਸਰਾਹਨਾ ਮਿਲੀ ¢ ਦਵਿੰਦਰ ਸਿੰਘ ਧਾਰੀਆਂ ਨੇ ਪੰਜਾਬੀ ਬੋਲੀ ਦੇ ਮਹੱਤਵ 'ਤੇ ਆਧਾਰਿਤ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਭਾਵੁਕ ਕੀਤਾ ¢ ਕਈ ਹੋਰ ਬੁਲਾਰਿਆਂ ਨੇ ਵੀ ਆਪਣੀਆਂ ਲਿਖੀਆਂ ਕਵਿਤਾਵਾਂ ਪੜ੍ਹ ਕੇ ਸਭ ਦਾ ਮਨ ਮੋਹ ਲਿਆ ¢ ਸਮਾਗਮ ਦੌਰਾਨ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਸੰਭਾਲ ਅਤੇ ਪ੍ਰਚਾਰ 'ਤੇ ਵੀ ਜ਼ੋਰ ਦਿੱਤਾ ਗਿਆ ¢ ਅੰਤ ਵਿਚ ਸਿੱਖ ਐਸੋਸੀਏਸ਼ਨ ਦੇ ਡਾਇਰੈਕਟਰ ਅਮੋਲਕ ਸਿੰਘ ਜਸਵਾਲ ਨੇ ਸਾਰੇ ਹਾਜ਼ਰੀਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ | ਇਹ ਕਵੀ ਦਰਬਾਰ ਸਿਡਨੀ ਦੀ ਪੰਜਾਬੀ ਕਮਿਊਨਿਟੀ ਲਈ ਇੱਕ ਯਾਦਗਾਰ ਤੇ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਸਮਾਗਮ ਸਾਬਤ ਹੋਇਆ ¢