ਲੈਸਟਰ (ਇੰਗਲੈਂਡ), 21 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਵੇਲਜ਼ ਦੀ ਇੱਕ ਤੇਜ਼ ਰਫ਼ਤਾਰ ਮੁੱਖ ਸੜਕ 'ਤੇ ਉਸ ਸਮੇਂ ਵੱਡੀ ਅਣਹੋਣੀ ਟਲ ਗਈ ਜਦੋਂ 12 ਸਾਲਾ ਬੱਚੇ ਨੇ ਬੇਹੋਸ਼ ਹੋਈ ਮਾਂ ਦੀ ਕਾਰ ਨੂੰ ਸੂਝ-ਬੂਝ ਨਾਲ ਸੜਕ ਦੇ ਕਿਨਾਰੇ ਸੁਰੱਖਿਅਤ ਢੰਗ ਨਾਲ ਰੋਕ ਲਿਆ ¢ ਇਸ ਘਟਨਾ ਨੇ ਨਾ ਸਿਰਫ਼ ਮਾਂ ਦੀ ਜਾਨ ਬਚਾਈ, ਸਗੋਂ ਵੱਡਾ ਸੜਕ ਹਾਦਸਾ ਹੋਣ ਤੋਂ ਬਚਾਅ ਲਿਆ | ਜਾਣਕਾਰੀ ਅਨੁਸਾਰ ਮਹਿਲਾ ਆਪਣੀ ਕਾਰ ਚਲਾ ਰਹੀ ਸੀ ਕਿ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਹ ਸਟੀਅਰਿੰਗ 'ਤੇ ਹੀ ਬੇਹੋਸ਼ ਹੋ ਗਈ ¢ ਇਸ ਕਾਰਨ ਕਾਰ ਬੇਕਾਬੂ ਹੋਣ ਲੱਗੀ ¢ ਕਾਰ ਵਿਚ ਮੌਜੂਦ 12 ਸਾਲਾ ਬੱਚੇ ਨੇ ਹੌਂਸਲਾ ਦਿਖਾਉਂਦਿਆਂ ਤੁਰੰਤ ਸਥਿਤੀ ਨੂੰ ਸਮਝਿਆ ਤੇ ਸਟੀਅਰਿੰਗ ਆਪਣੇ ਕਾਬੂ ਵਿਚ ਲੈ ਲਿਆ¢ ਬੱਚੇ ਨੇ ਮਾਂ ਦੇ ਪੈਰ ਨੂੰ ਗਤੀ ਵਧਾਉਣ ਵਾਲੇ ਪੈਡਲ ਤੋਂ ਹਟਾਇਆ, ਹੌਲੀ-ਹੌਲੀ ਬਰੇਕ ਲਗਾਈ ਅਤੇ ਕਾਰ ਨੂੰ ਸੜਕ ਦੇ ਕਿਨਾਰੇ ਲਿਆ ਕੇ ਰੋਕ ਦਿੱਤਾ ¢ ਤੇਜ਼ ਰਫ਼ਤਾਰ ਨਾਲ ਦੌੜ ਰਹੇ ਵਾਹਨਾਂ ਵਿਚਕਾਰ ਇਹ ਕੰਮ ਕਰਨਾ ਬਹੁਤ ਜੋਖ਼ਮ ਭਰਿਆ ਸੀ, ਪਰ ਬੱਚੇ ਨੇ ਬੇਹੱਦ ਸਿਆਣਪ ਅਤੇ ਧੀਰਜ ਨਾਲ ਇਹ ਕਾਰਨਾਮਾ ਕਰ ਦਿਖਾਇਆ¢ ਕਾਰ ਨੂੰ ਸੁਰੱਖਿਅਤ ਢੰਗ ਨਾਲ ਰੋਕਣ ਤੋਂ ਬਾਅਦ ਬੱਚੇ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਦੇ ਨੰਬਰ 'ਤੇ ਫ਼ੋਨ ਕਰਕੇ ਮਦਦ ਮੰਗੀ ਅਤੇ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ ¢ ਕੁਝ ਹੀ ਸਮੇਂ ਵਿੱਚ ਬਚਾਵ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਮਹਿਲਾ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਹਸਪਤਾਲ ਲਿਜਾਇਆ ਗਿਆ ¢ ਡਾਕਟਰਾਂ ਮੁਤਾਬਕ ਮਹਿਲਾ ਦੀ ਹਾਲਤ ਹੁਣ ਸਥਿਰ ਹੈ¢ ਬਚਾਵ ਕਰਮਚਾਰੀਆਂ ਅਤੇ ਪੁਲਿਸ ਅਧਿਕਾਰੀਆਂ ਵਲੋਂ 12 ਸਾਲਾ ਬੱਚੇ ਦੀ ਹਿੰਮਤ, ਸਮਝਦਾਰੀ ਅਤੇ ਸੂਝ-ਬੂਝ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ ¢