ਨਾਗੋਆ, 26 ਸਤੰਬਰ (ਪੀ. ਟੀ. ਆਈ.)-ਏਸ਼ਿਆਈ ਖੇਡਾਂ ਵਿਚ ਲਗਾਤਾਰ ਤੀਜਾ ਸੋਨ ਤਗਮਾ ਜਿੱਤਣ ਦੀ ਸ਼ਾਟ ਪੁਟਰ ਤਜਿੰਦਰਪਾਲ ਸਿੰਘ ਤੂਰ (31) ਦੀ ਕੋਸ਼ਿਸ਼ ਚਾਂਦੀ ਦੇ ਤਗਮੇ ’ਤੇ ਖਤਮ ਹੋਈ, ਕਿਉਂਕਿ ਸੱਟਾਂ ਨਾਲ ਜੂਝ ਰਹੇ ਇਸ ਖਿਡਾਰੀ ਨੂੰ ਮੈਦਾਨ ’ਤੇ ਮੀਂਹ ਕਾਰਨ ਗਿੱਲੇ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ।ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਖੋਸਾ ਪਾਂਡੋ ਦੇ ਜੰਮਪਲ ਤੂਰ ਨੇ 20.64 ਮੀਟਰ ਦਾ ਆਪਣਾ ਸਰਬੋਤਮ ਥਰੋਅ ਕੀਤਾ ਅਤੇ ਦੂਜਾ ਸਥਾਨ ’ਤੇ ਰਹਿੰਦਿਆਂ ਏਸ਼ਿਆਈ ਖੇਡਾਂ ਵਿਚ ਸ਼ਾਟ ਪੁਟ ’ਚ ਲਗਾਤਾਰ ਆਪਣਾ ਤੀਜਾ ਤਗਮਾ ਜਿੱਤਿਆ। ਈਰਾਨ ਦੇ ਮੁਹੰਮਦਰੇਜ਼ਾ ਤਯੇਬੀਸੇ ਨੇ 20.81 ਮੀਟਰ ਦੇ ਖੇਡਾਂ ਦੇ ਰਿਕਾਰਡ ਥਰੋਅ ਨਾਲ ਸੋਨ ਤਗਮਾ ਜਿੱਤਿਆ, ਜੋ 2018 ਵਿਚ ਤੂਰ ਵਲੋਂ ਬਣਾਏ ਗਏ 20.75 ਮੀਟਰ ਦੇ ਪਿਛਲੇ ਰਿਕਾਰਡ ਨਾਲੋਂ ਬਿਹਤਰ ਸੀ। ਸਾਊਦੀ ਅਰਬ ਦੇ ਮੁਹੰਮਦ ਤੋਲੂ ਨੇ 20.48 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗਮਾ ਜਿੱਤਿਆ। ਤੂਰ ਨੇ ਕਿਹਾ ਕਿ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਅਤੇ 21 ਮੀਟਰ ਦੇ ਟੀਚੇ ਤੱਕ ਪਹੁੰਚਣ ਦੇ ਭਰੋਸੇ ਨਾਲ ਮੁਕਾਬਲੇ ਵਿਚ ਉਤਰਿਆ ਸੀ ਪਰ ਉਹ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਹੈ। ਤੂਰ ਨੇ ਕਿਹਾ ਕਿ ਮੈਂ ਪਿਛਲੇ ਤਿੰਨ ਮਹੀਨਿਆਂ ਤੋਂ ਮਾਮੂਲੀ ਸੱਟਾਂ ਦਾ ਸਾਹਮਣਾ ਕਰ ਰਿਹਾ ਹਾਂ। ਮੀਂਹ ਕਾਰਨ ਚੰਗੀ ਪਕੜ ਬਣਾਉਣਾ ਵੀ ਮੁਸ਼ਕਲ ਸੀ ਅਤੇ ਮੋੜ ਲੈਂਦੇ ਸਮੇਂ ਤਿਲਕਣ ਦਾ ਡਰ ਵੀ ਬਣਿਆ ਰਹਿੰਦਾ ਹੈ।ਜਦੋਂ ਤੂਰ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕੌਣ ਪ੍ਰੇਰਿਤ ਕਰਦਾ ਹੈ ਤਾਂ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਪ੍ਰੇਰਣਾ ਅੰਦਰੋਂ ਹੀ ਮਿਲਣੀ ਚਾਹੀਦੀ ਹੈ।ਕੋਈ ਵੀ ਤੁਹਾਨੂੰ ਪ੍ਰੇਰਿਤ ਨਹੀਂ ਕਰ ਸਕਦਾ। ਤੁਹਾਨੂੰ ਖੁਦ ਨੂੰ ਪ੍ਰੇਰਿਤ ਕਰਨਾ ਪੈਂਦਾ ਹੈ ਅਤੇ ਖ਼ੁਦ ਨੂੰ ਸੰਭਾਲ ਕੇ ਅੱਗੇ ਵਧਣਾ ਪੈਂਦਾ ਹੈ।