ਲੰਡਨ, 14 ਅਪ੍ਰੈਲ (ਪੀ. ਟੀ. ਆਈ.)-ਭਾਰਤੀ ਕ੍ਰਿਕਟਰਾਂ ਨੇ ਵਿਜ਼ਡਨ ਅਲਮੈਨਕ 2026 ਪੁਰਸਕਾਰਾਂ 'ਚ ਆਪਣਾ ਦਬਦਬਾ ਕਾਇਮ ਕਰਦਿਆਂ 9 'ਚੋਂ 7 ਪੁਰਸਕਾਰ ਆਪਣੇ ਨਾਂਅ ਕੀਤੇ ਹਨ, ਜਿਸ 'ਚ ਦੀਪਤੀ ਸ਼ਰਮਾ ਨੂੰ ਮਹਿਲਾ ਕ੍ਰਿਕਟਰ ਅਤੇ ਅਭਿਸ਼ੇਕ ਵਰਮਾ ਨੂੰ ਸਰਬੋਤਮ ਟੀ-20 ਕ੍ਰਿਕਟਰ ਚੁਣਿਆ ਗਿਆ ਹੈ | ਸ਼ੁਭਮਨ ਗਿੱਲ, ਮੁਹੰਮਦ ਸਿਰਾਜ, ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਨੂੰ ਪਿਛਲੇ ਸਾਲ ਇੰਗਲੈਂਡ 'ਚ ਹੋਈ ਟੈਸਟ ਲੜੀ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਜ਼ਡਨ ਦੇ ਸਾਲ ਦੇ 5 ਸਰਬੋਤਮ ਕ੍ਰਿਕਟਰਾਂ 'ਚ ਸ਼ਾਮਿਲ ਕੀਤਾ ਗਿਆ ਹੈ | ਭਾਰਤੀ ਕ੍ਰਿਕਟਰਾਂ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਪੁਰਸਕਾਰ ਲਈ ਚੁਣਿਆ ਗਿਆ, ਉਨ੍ਹਾਂ 'ਚ ਆਸਟ੍ਰੇਲੀਆ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਵਿਸ਼ਵ ਦਾ ਸਰਬੋਤਮ ਪੁਰਸ਼ ਕ੍ਰਿਕਟਰ ਚੁਣਿਆ ਗਿਆ ਹੈ | ਉਨ੍ਹਾਂ ਤੋਂ ਇਲਾਵਾ ਇੰਗਲੈਂਡ ਦੇ ਬੱਲੇਬਾਜ਼ ਹਸੀਬ ਹਮੀਦ ਨੂੰ ਵੀ ਚਾਰ ਭਾਰਤੀ ਖਿਡਾਰੀਆਂ ਦੇ ਨਾਲ ਸਾਲ ਦੇ 5 ਸਰਬੋਤਮ ਕ੍ਰਿਕਟਰਾਂ 'ਚ ਸ਼ਾਮਿਲ ਕੀਤਾ ਗਿਆ ਹੈ | ਦੀਪਤੀ ਨੂੰ ਇਹ ਸਨਮਾਨ ਪਿਛਲੇ ਸਾਲ ਆਈ.ਸੀ.ਸੀ. ਇਕ ਦਿਨਾ ਵਿਸ਼ਵ ਕੱਪ 'ਚ 22 ਵਿਕਟਾਂ ਲੈਣ ਲਈ ਚੁਣਿਆ ਗਿਆ ਹੈ | ਅਭਿਸ਼ੇਕ ਨੇ 2025 ਦੇ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਉਨ੍ਹਾਂ 21 ਮੈਚਾਂ 'ਚ 193 ਦੇ ਬਿਹਤਰੀਨ ਸਟ੍ਰਾਈਕ ਰੇਟ ਨਾਲ 859 ਦੌੜਾਂ ਬਣਾਈਆਂ ਸਨ, ਜਿਸ 'ਚ ਇਕ ਸੈਂਕੜਾ ਅਤੇ 5 ਅਰਧ ਸੈਂਕੜੇ ਸ਼ਾਮਿਲ ਹਨ |
ਵਿਜ਼ਡਨ ਪੁਰਸਕਾਰ: ਅਭਿਸ਼ੇਕ ਸ਼ਰਮਾ ਬਣੇ ਸਰਬੋਤਮ ਟੀ-20 ਕ੍ਰਿਕਟਰ <br/>
ਅਜੀਤ ਡੈਸਕ
15-04-2026