21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜੰਮੂ ਕਸ਼ਮੀਰ ਦਾ ਪੰਜਾਬੀ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਬਿਕਰਮਜੀਤ

ਜੰਮੂ ਕਸ਼ਮੀਰ ਦਾ ਪੰਜਾਬੀ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਬਿਕਰਮਜੀਤ

ਅਜੀਤ ਡੈਸਕ 21-10-2026

 ਬਿਕਰਮਜੀਤ ਜੰਮੂ ਕਸ਼ਮੀਰ ਵਿਚ ਪੰਜਾਬੀ ਥੀਏਟਰ, ਟੈਲੀਵਿਜ਼ਨ ਅਤੇ ਇਸ ਖਿੱਤੇ ਵਿਚ ਬਣਨ ਵਾਲੀਆਂ ਪੰਜਾਬੀ ਫ਼ਿਲਮਾਂ ਦਾ ਇਕ ਜਾਣਿਆ ਪਛਾਣਿਆ ਚਿਹਰਾ ਹਨ | ਪਿਛਲੇ ਲੰਮੇ ਸਮੇਂ ਤੋਂ ਥੀਏਟਰ ਨਾਲ ਜੁੜੇ ਬਿਕਰਮਜੀਤ ਉਰਫ਼ ਬਿਕਰਮ ਸਿੰਘ ਨੂੰ ਇਕ ਅਦਾਕਾਰ ਹੋਣ ਦੇ ਨਾਲ ਨਾਲ ਫ਼ਿਲਮ, ਟੈਲੀਵਿਜ਼ਨ ਅਤੇ ਰੰਗਮੰਚ ਦੇ ਲੇਖਕ, ਨਾਟ ਨਿਰਦੇਸ਼ਕ.ਅਤੇ ਜੰਮੂ ਕਸ਼ਮੀਰ ਵਿਚ ਬਣਨ ਵਾਲੀਆਂ ਪੰਜਾਬੀ ਫ਼ਿਲਮਾਂ ਦੇ ਪਟਕਥਾ ਲੇਖਕ, ਨਿਰਮਾਤਾ ਨਿਰਦੇਸ਼ਕ ਵਜੋਂ ਵੀ ਜਾਣਿਆ ਜਾਂਦਾ ਹੈ | ਪੰਜਾਬੀ ਸਾਹਿਤ ਦੇ ਖੇਤਰ ਵਿਚ ਇਨ੍ਹਾਂ ਵਲੋਂ ਕਈ ਸਾਲਾਂ ਦੀ ਸਖ਼ਤ ਮਿਹਨਤ ਅਤੇ ਖੋਜ ਉਪਰੰਤ ਲਿਖੀ ਗਈ ਵੱਡ ਆਕਾਰੀ ਪੁਸਤਕ ਜੰਮੂ ਕਸ਼ਮੀਰ ਦਾ ਪੰਜਾਬੀ ਨਾਟਕ ਤੇ ਰੰਗਮੰਚ ਦਾ ਇਤਿਹਾਸ (1947 ਤੋਂ 2021) ਸਾਂਭਣ ਦਾ ਇਕ ਇਤਿਹਾਸਕ ਦਸਤਾਵੇਜ਼ ਹੈ | 

ਬਿਕਰਮਜੀਤ ਨੇ ਅਦਾਕਾਰੀ ਦਾ ਸਫ਼ਰ ਰੰਗਮੰਚ ਤੋਂ ਸ਼ੁਰੂ ਕੀਤਾ | ਅਭਿਨਵ ਥੀਏਟਰ ਵਿਚ ਹੁੰਦੀਆਂ ਨਾਟ ਪੇਸ਼ਕਾਰੀਆਂ ਨੂੰ ਦੇਖਦੇ ਦੇਖਦੇ ਇਨ੍ਹਾਂ ਦੇ ਮਨ ਵਿਚ ਵੀ ਰੰਗਮੰਚ ਨਾਲ ਜੁੜਨ ਦੀ ਖਾਹਿਸ਼ ਪੈਦਾ ਹੋਈ | ਜੰਮੂ ਕਸ਼ਮੀਰ ਅਕਾਦਮੀ ਦੇ ਡਰਾਮਾ ਇੰਸਟ੍ਰਕਟਰ ਸ੍ਰੀ ਕਵੀ ਰਤਨ ਦੀ ਹੱਲਾਸ਼ੇਰੀ ਨਾਲ ਇਨ੍ਹਾਂ ਨੇ ਅਕਾਦਮੀ ਵਿਚ ਹੋਣ ਵਾਲੀਆਂ ਰੰਗਮੰਚ ਵਰਕਸ਼ਾਪਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਕ ਸਾਲ ਬਾਅਦ ਹੀ ਇਨ੍ਹਾਂ ਨੇ ਬਤੌਰ ਨਾਟ ਲੇਖਕ ਨਿਰਦੇਸ਼ਕ ਆਪਣਾ ਪਹਿਲਾ ਨਾਟਕ 'ਕੁਦਰਤ ਦੇ ਸੱਭ ਬੰਦੇ' ਪੰਜਾਬੀ ਰੰਗਮੰਚ 'ਤੇ ਖੇਡਿਆ ਜਿਸ ਨੂੰ ਮਗਰੋਂ ਜੰਮੂ ਕਸ਼ਮੀਰ ਦੇ ਨਾਟਕ ਮੇਲੇ ਵਿਚ ਵੀ ਸ਼ਾਮਿਲ ਕੀਤਾ ਗਿਆ | ਇਸ ਤਰ੍ਹਾਂ ਇਨ੍ਹਾਂ ਨੇ ਆਪਣੇ ਰੰਗਮੰਚ ਦੇ ਸਫ਼ਰ ਦਾ ਸ਼ਾਨਦਾਰ ਆਗਾਜ਼ ਕੀਤਾ | 
 ਪੰਜਾਬੀ ਰੰਗਮੰਚ ਵਿਚ ਬਤੌਰ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਦੇ ਤੌਰ 'ਤੇ ਅਨੇਕਾਂ ਪੇਸ਼ਕਾਰੀ ਦੇ ਚੁੱਕੇ ਬਿਕਰਮਜੀਤ ਨੇ ਦੂਰਦਰਸ਼ਨ ਜੰਮੂ, ਸ੍ਰੀਨਗਰ, ਅਤੇ ਦਿੱਲੀ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਣ ਵਾਲੇ ਅਨੇਕਾਂ ਲੜੀਵਾਰਾਂ ਜਿਨ੍ਹਾਂ ਵਿਚ ਰਾਤ ਔਰ ਚਾਂਦ, ਦਾਨਿਸ਼, ਨਿਮਾਣੇ, ਸਮਕਾਲੀ ਪੰਜਾਬੀ ਲੇਖਕ, ਸਰਬੰਧ, ਇਕ ਪਰਛਾਵਾਂ ਬੱਦਲੀ ਦਾ, ਘਰ ਪਰਿਵਾਰ, ਮਜਲੂਮ, ਡਾਕਟਰ, ਬੰਦ ਮੁੱਠੀ, ਵਾਪਸੀ ਅਤੇ ਉਜੜਤਾ ਚਮਨ ਵਿਚ ਅਦਾਕਾਰੀ ਕੀਤੀ | ਇਸ ਤੋਂ ਇਲਾਵਾ ਸ਼ਿਵ ਦੱਤ ਦੀ ਪਹਾੜੀ ਫ਼ਿਲਮ ਲਕੀਰ ਅਤੇ ਬਲਜੀਤ ਰੈਨਾ ਦੀ ਹਿੰਦੀ ਫੀਚਰ ਫ਼ਿਲਮ ਫ਼ਨਟੈਸੀਆ ਵਿਚ ਵੀ ਬਤੌਰ ਅਦਾਕਾਰ ਅਤੇ ਸਹਿ ਨਿਰਦੇਸ਼ਕ ਕੰਮ ਕੀਤਾ | ਦੂਰਦਰਸ਼ਨ ਜੰਮੂ ਤੋਂ ਪ੍ਰਸਾਰਿਤ ਪੰਜਾਬੀ ਲੜੀਵਾਰਾਂ ਮਜ਼ਲੂਮ, ਘਰ ਪਰਿਵਾਰ ਅਤੇ ਡਾਕਟਰ ਦਾ ਨਿਰਮਾਣ ਵੀ ਇਨ੍ਹਾਂ ਨੇ ਹੀ ਕੀਤਾ ਸੀ ਜਿਸ ਵਿਚ ਅਦਾਕਾਰੀ ਦੇ ਨਾਲ ਨਾਲ ਲੇਖਕ ਅਤੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਵੀ ਨਿਭਾਈ ਅਤੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੀ ਪਹਿਲੀ ਪੰਜਾਬੀ ਫੀਚਰ ਫ਼ਿਲਮ 'ਜ਼ਿੱਦੀ ਮਾਹੀ' ਅਤੇ ਇਕ ਹੋਰ ਪੰਜਾਬੀ ਫ਼ਿਲਮ 'ਮੇਰੀ ਜਿੰਦ ਜਾਨ' ਦਾ ਲੇਖਨ, ਨਿਰਮਾਣ ਅਤੇ ਨਿਰਦੇਸ਼ਨ ਦਾ ਕਾਰਜ ਅਤੇ ਇਸ ਦੇ ਨਾਲ ਇਹ ਬਤੌਰ ਨਾਇਕ ਇਸ ਫ਼ਿਲਮ ਵਿਚ ਦਿਖਾਈ ਦਿੱਤੇ | 
ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮਾਂ ਵਿਚ ਵਿਲੱਖਣ ਪੈੜਾਂ ਪਾਉਣ ਤੋਂ ਬਾਅਦ ਪੰਜਾਬੀ ਸਾਹਿਤ ਵਿਚ ਵੀ ਇਨ੍ਹਾਂ ਨੇ ਅਹਿਮ ਯੋਗਦਾਨ ਪਾਇਆ | ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਮੈਗਜ਼ੀਨ ਆਧਾਰ ਦੇ ਸੰਨ 2001 ਤੋਂ 2003 ਤੱਕ ਇਹ ਸੰਪਾਦਕ ਅਤੇ ਪ੍ਰਕਾਸ਼ਕ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ | 

-ਅੰਗਰੇਜ ਸਿੰਘ ਵਿਰਦੀ

ਪਿਛਲੀ ਖ਼ਬਰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਐਡਵੋਕੇਟ ਅਭਿਰਾ, ਸਮਿ੍ਧੀ ਸ਼ੁਕਲਾ ਅਗਲੀ ਖ਼ਬਰ ਪਾਲੀਵੁੱਡ ਤੋਂ ਬਾਲੀਵੁੱਡ ਤੱਕ 'ਪਤੀਲਾ' ਦੀ ਧਮਾਲ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।