ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਕੁਨਾਲ ਖੇਮੂ ਦੇ ਬਹੁਤ ਮਸ਼ਹੂਰ ਰਿਆਲਿਟੀ ਸ਼ੋਅ 'ਅਲਾਇੰਸ' (2026) ਦੇ ਫਾਈਨਲ ਵਿਚ ਮਸ਼ਹੂਰ ਹੋਸਟ, ਅਦਾਕਾਰਾ ਅਤੇ ਮਾਡਲ ਮਿੰਨੀ ਮਾਥੁਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਡਿਜੀਟਲ ਸਿਰਜਣਹਾਰ ਰੂਹੀ ਦੋਸਾਨੀ ਅਤੇ ਟੀ.ਵੀ. ਅਦਾਕਾਰ ਅਲੀ ਗੋਨੀ ਨੂੰ ਹਰਾ ਕੇ 'ਅਲਾਇੰਸ' ਦੇ ਪਹਿਲੇ ਸੀਜ਼ਨ ਲਈ ਟਰਾਫੀ ਜਿੱਤੀ ਹੈ | ਇਸ ਇਤਿਹਾਸਕ ਜਿੱਤ ਲਈ, ਮਿੰਨੀ ਮਾਥੁਰ ਨੂੰ 50 ਲੱਖ ਦੀ ਇਨਾਮੀ ਰਾਸ਼ੀ ਮਿਲੀ ਹੈ | ਉਦੋਂ ਤੋਂ ਹੀ ਉਹ ਸੁਰਖੀਆਂ ਵਿਚ ਹੈ | 21 ਅਗਸਤ, 1972 ਨੂੰ ਦਿੱਲੀ ਵਿਚ ਜਨਮੀ ਮਿੰਨੀ ਮਾਥੁਰ ਨੇ ਆਪਣੀ ਸ਼ੁਰੂਆਤੀ ਸਿੱਖਿਆ ਦਿੱਲੀ ਪਬਲਿਕ ਸਕੂਲ ਤੋਂ ਪੂਰੀ ਕੀਤੀ ਅਤੇ ਫਿਰ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ੍ਰੀਰਾਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ | ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿੰਨੀ ਮਾਥੁਰ ਨੇ ਐਮ.ਟੀ.ਵੀ. ਇੰਡੀਆ ਲਈ ਇਕ ਵੀਜ਼ੇ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ | ਇਸ ਸਮੇਂ ਦੌਰਾਨ ਉਸ ਨੂੰ 'ਇੰਡੀਅਨ ਆਈਡਲ' ਦੇ ਪਹਿਲੇ ਸੀਜ਼ਨ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ | ਇਸ ਕੰਮ ਨੇ ਉਸ ਨੂੰ ਦੇਸ਼ ਭਰ ਵਿਚ ਮਾਨਤਾ ਪ੍ਰਾਪਤ ਕਰਨ ਵਿਚ ਬਹੁਤ ਮਦਦ ਕੀਤੀ | ਇਸ ਤੋਂ ਬਾਅਦ ਮਿੰਨੀ ਮਾਥੁਰ ਨੇ ਇਕ ਤੋਂ ਬਾਅਦ ਇਕ ਕਈ ਸ਼ੋਅ ਹੋਸਟ ਕੀਤੇ, ਜਿਵੇਂ ਕਿ 'ਇੰਡੀਅਨ ਹਾਲੀਡੇ', 'ਪੌਪਕਾਰਨ', 'ਯੇ ਸ਼ਾਮ ਮਸਤਾਨੀ', 'ਖੂਬਸੂਰਤ', 'ਇਸ ਜੰਗਲ ਸੇ ਮੁਝੇ ਬਚਾਓ' ਅਤੇ 'ਡਿਸਕਵਰੀ ਸਕੂਲ ਸੁਪਰ ਲੀਗ' | ਮਿੰਨੀ ਮਾਥੁਰ ਨੇ ਐਮਾਜ਼ਾਨ ਪ੍ਰਾਈਮ ਵੀਡੀਓ ਦੀ ਕਾਮੇਡੀ-ਡਰਾਮਾ ਵੈੱਬ ਸੀਰੀਜ਼ 'ਮਾਈਾਡ ਦ ਮਲਹੋਤਰਾ ਸੀਜ਼ਨ 1' (2019) ਅਤੇ 'ਮਾਈਾਡ ਦ ਮਲਹੋਤਰਾ ਸੀਜ਼ਨ 2' (2022) ਨਾਲ ਇਕ ਨਵੀਂ ਸ਼ੁਰੂਆਤ ਕੀਤੀ | ਉਹ ਇਕ ਹੋਰ ਵੈੱਬ ਸੀਰੀਜ਼, 'ਕਾਲ ਮੀ ਬੇ' (2024) ਵਿਚ ਵੀ ਦਿਖਾਈ ਦਿੱਤੀ | ਮਿੰਨੀ ਮਾਥੁਰ ਦਾ ਵਿਆਹ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਕਬੀਰ ਖਾਨ ਨਾਲ ਹੋਇਆ ਹੈ, ਜਿਨ੍ਹਾਂ ਨੇ 'ਬਜਰੰਗੀ ਭਾਈਜਾਨ,' 'ਏਕ ਥਾ ਟਾਈਗਰ,' ਅਤੇ '83' ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ |
'ਅਲਾਇੰਸ' ਦੀ ਜੇਤੂ ਮਿੰਨੀ ਮਾਥੁਰ
'ਅਲਾਇੰਸ' ਦੀ ਜੇਤੂ ਮਿੰਨੀ ਮਾਥੁਰ
ਅਜੀਤ ਡੈਸਕ
23-09-2026