09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਰਾਸ਼ਾ ਥਡਾਨੀ ਦਾ ਦੱਖਣ ਦੌਰਾ ਰਿਹਾ ਫਲਾਪ

ਰਾਸ਼ਾ ਥਡਾਨੀ ਦਾ ਦੱਖਣ ਦੌਰਾ ਰਿਹਾ ਫਲਾਪ

ਅਜੀਤ ਡੈਸਕ 09-09-2026

90 ਦੇ ਦਹਾਕੇ ਵਿਚ ਬਾਲੀਵੁੱਡ 'ਤੇ ਰਾਜ ਕਰਨ ਵਾਲੀ 'ਮਸਤ ਮਸਤ ਗਰਲ' ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ ਫ਼ਿਲਮ 'ਆਜ਼ਾਦ' (2025) ਜ਼ਰੀਏ ਬਾਲੀਵੁੱਡ ਵਿਚ ਆਪਣਾ ਐਕਟਿੰਗ ਸਫ਼ਰ ਸ਼ੁਰੂ ਕਰਨ ਤੋਂ ਬਾਅਦ ਦੱਖਣ ਭਾਰਤੀ ਸਿਨੇਮਾ ਵਿਚ ਵੀ ਆਪਣਾ ਪ੍ਰਦਰਸ਼ਨ ਕਰ ਚੁੱਕੀ ਹੈ | ਅਜੈ ਭੂਪਤੀ ਵਲੋਂ ਨਿਰਦੇਸ਼ਤ ਕੀਤੀ ਗਈ ਰਾਸ਼ਾ ਥਡਾਨੀ ਦੀ ਪਹਿਲੀ ਤੇਲਗੂ ਫ਼ਿਲਮ 'ਸ੍ਰੀਨਿਵਾਸ ਮੰਗਾਪੁਰਮ', ਜਿਸ ਜ਼ਰੀਏ ਅਭਿਨੇਤਾ ਕ੍ਰਿਸ਼ਣਾ ਦੇ ਪੋਤੇ ਅਤੇ ਸੁਪਰ ਸਟਾਰ ਮਹੇਸ਼ ਬਾਬੂ ਦੇ ਭਤੀਜੇ ਕ੍ਰਿਸ਼ਣਾ ਘੱਟਮਨੇਨੀ ਨੇ ਐਕਟਿੰਗ ਵਿਚ ਡੈਬਿਊ ਕੀਤਾ ਸੀ, ਪਰ ਇਹ ਐਕਸ਼ਨ ਰੋਮਾਂਟਿਕ ਫ਼ਿਲਮ ਟਿਕਟ ਖਿੜਕੀ 'ਤੇ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ | ਇਸ ਤੋਂ ਪਹਿਲਾਂ ਅਭਿਸ਼ੇਕ ਕਪੂਰ ਨਿਰਦੇਸ਼ਿਤ ਰਾਸ਼ਾ ਥਡਾਨੀ ਦੀ ਹਿੰਦੀ ਫ਼ਿਲਮ 'ਆਜ਼ਾਦ' ਵੀ ਟਿਕਟ ਖਿੜਕੀ 'ਤੇ ਫਲਾਪ ਸਾਬਿਤ ਹੋਈ ਸੀ | ਇਸ ਫ਼ਿਲਮ ਵਿਚ ਉਹ ਅਜੈ ਦੇਵਗਨ ਦੇ ਭਾਣਜੇ ਅਮਨ ਦੇਵਗਨ ਨਾਲ ਦਿਸੀ ਸੀ ਪਰ ਚੰਗੀ ਗੱਲ ਇਹ ਰਹੀ ਕਿ ਫ਼ਿਲਮ ਫਲਾਪ ਹੋਣ ਦੇ ਬਾਵਜੂਦ ਫ਼ਿਲਮ ਵਿਚ ਰਾਸ਼ਾ ਦੇ ਡਾਂਸ ਸਟੈੱਪ ਅਤੇ ਚਿਹਰੇ ਦੇ ਹਾਵ-ਭਾਵ ਨੂੰ  ਦਰਸ਼ਕਾਂ ਨੇ ਪਸੰਦ ਕੀਤਾ ਸੀ | ਰਾਸ਼ਾ ਥਡਾਨੀ ਇਨ੍ਹੀਂ ਦਿਨੀਂ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਦੇ ਬੇਟੇ ਵੀਰ ਹਿਰਾਨੀ ਨਾਲ ਫ਼ਿਲਮ 'ਲਗਨ ਲਾਗੀ ਰੇ' ਕਰ ਰਹੀ ਹੈ | ਦੋਵਾਂ ਦੀ ਜੋੜੀ ਨੂੰ  ਫ਼ਿਲਮ ਦੀ ਇਕ ਬਿਲਕੁਲ ਤਾਜ਼ਾ ਰੋਮਾਂਟਿਕ ਕਹਾਣੀ ਵਿਚ ਪੇਸ਼ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਨਿਰਮਾਤਾ ਜੈ ਸ਼ੇਵਕ੍ਰਮਣੀ ਫ਼ਿਲਮ 'ਲਗਨ ਲਾਗੀ ਰੇ' ਦੇ ਪ੍ਰੋਡਿਊਸਰ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨਾਂ 'ਤੇ ਆਧਾਰਿਤ ਇਸ ਰੋਮਾਂਟਿਕ ਕਹਾਣੀ ਵਿਚ ਵੀਰ ਅਤੇ ਰਾਸ਼ਾ ਦੀ ਜੋੜੀ ਦਰਸ਼ਕਾਂ ਨੂੰ  ਖ਼ਾਸ ਤੌਰ 'ਤੇ ਆਕਰਸ਼ਕ ਕਰੇਗੀ | ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ 'ਜੰਨਤ', 'ਤੁਮ ਮਿਲੇ' ਅਤੇ 'ਸ਼ਿੱਦਤ' ਵਰਗੀਆਂ ਫ਼ਿਲਮਾਂ ਵਿਚ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕੀ ਸੋਨਾਲੀ ਰਤਨ ਦੇਸ਼ਮੁਖ ਸੰਭਾਲ ਰਹੀ ਹੈ | ਫ਼ਿਲਮ ਨੂੰ  ਵੱਡੇ ਪੱਧਰ 'ਤੇ ਬਣਾਈ ਜਾਣ ਦੀ ਯੋਜਨਾ ਹੈ | ਅਦਾਕਾਰ ਵੀਰ ਹਿਰਾਨੀ ਨੇ ਹੁਣੇ ਜਿਹੇ ਜੀਓ ਹਾਟਸਟਾਰ 'ਤੇ ਸਟ੍ਰੀਮ ਹੋਈ ਵੈੱਬ ਸੀਰੀਜ਼ 'ਪ੍ਰੀਤਮ ਪੈਡਰੋ' ਜ਼ਰੀਏ ਓ.ਟੀ.ਟੀ. 'ਤੇ ਦਾਖ਼ਲਾ ਕੀਤਾ ਹੈ, ਜਿਸ ਵਿਚ ਅਰਸ਼ਦ ਵਾਰਸੀ ਅਤੇ ਵਿਕਰਾਂਤ ਮੈਸੀ ਉਨ੍ਹਾਂ ਨਾਲ ਨਜ਼ਰ ਆਏ ਸਨ | ਰਾਸ਼ਾ ਥਡਾਨੀ ਕੋਲ ਇਕ ਹੋਰ ਫ਼ਿਲਮ 'ਲਇਕੀ ਲਇਕਾ' ਵੀ ਹੈ, ਜਿਸ ਵਿਚ ਉਸ ਦੇ ਨਾਲ ਐਕਟਰ ਅਭੈ ਵਰਮਾ ਮੁੱਖ ਐਕਟਰ ਦੇ ਰੋਲ ਵਿਚ ਨਜ਼ਰ ਆਉਣਗੇ |  ਐਲਾਨ ਤੋਂ ਬਾਅਦ ਸੌਰਭ ਗੁਪਤਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ  ਲੈ ਕੇ ਦਰਸ਼ਕਾਂ ਵਿਚ ਚੰਗਾ ਆਕਰਸ਼ਣ ਦੇਖਣ ਨੂੰ  ਮਿਲ ਰਿਹਾ ਹੈ | ਇਹ ਰੋਮਾਂਟਿਕ ਐਕਸ਼ਨ ਫ਼ਿਲਮ ਅਗਲੇ ਸਾਲ ਥੀਏਟਰਾਂ ਵਿਚ ਰਿਲੀਜ਼ ਹੋਵੇਗੀ |

ਪਿਛਲੀ ਖ਼ਬਰ ਕਈ ਭਾਸ਼ਾਵਾਂ ਦੀ ਗਾਇਕਾ ਸੀ ਐੱਸ. ਜਾਨਕੀ ਅਗਲੀ ਖ਼ਬਰ Punjab’s Daughter Harmanpreet : ਕ੍ਰਿਕਟ ਦੇ ਇਤਿਹਾਸ ’ਚ ਪੰਜਾਬ ਦੀ ਧੀ Harmanpreet ਨੇ ਬਣਾਇਆ ‘ਮਹਾਰਿਕਾਰਡ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।