ਅੱਜ ਮਿਤੀ 8 ਅਕਤੂਬਰ 2026 ਨੂੰ ਜਿਵੇਂ ਹੀ ਬਹੁਪੱਖੀ ਦਿੱਗਜ ਕਲਾਕਾਰ ਨਾਨਾ ਪਾਟੇਕਰ ਦੇ ਦਿਹਾਂਤ ਦੀ ਖ਼ਬਰ ਆਈ ਤਾਂ ਫਿਲਮੀ ਜਗਤ ਵਿਚ ਇਕਦਮ ਉਦਾਸੀ ਛਾ ਗਈ | ਉਂਝ ਤਾਂ ਭਾਰਤੀ ਸਿਨੇਮੇ ਵਿਚ ਸਿਤਾਰਿਆਂ ਦੀ ਕੋਈ ਕਮੀ ਨਹੀਂ ਤੇ ਹਰ ਦੌਰ 'ਚ ਕੁਝ ਅਜਿਹੇ ਕਲਾਕਾਰ ਆਏ, ਜਿਨ੍ਹਾਂ ਨੇ ਆਪਣੀ ਖੂਬਸੂਰਤੀ, ਸੰਵਾਦ ਕਲਾ ਤੇ ਅਦਾਕਾਰੀ ਦੇ ਬਲਬੂਤੇ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਵੱਖਰੀ ਥਾਂ ਬਣਾਈ | ਪਰ ਕੁਝ ਕਲਾਕਾਰ ਅਜਿਹੇ ਵੀ ਆਏ, ਜਿਨ੍ਹਾਂ ਦੀ ਪਛਾਣ ਸਿਰਫ਼ ਉਨ੍ਹਾਂ ਦੀ ਫ਼ਿਲਮੀ ਕਾਮਯਾਬੀ ਤੱਕ ਸੀਮਤ ਨਹੀਂ, ਸਗੋਂ ਉਹ ਆਪਣੇ ਸੰਘਰਸ਼, ਸ਼ਖ਼ਸੀਅਤ, ਵਿਚਾਰਾਂ ਤੇ ਅਦਾਕਾਰੀ ਦੀ ਵਿਲੱਖਣ ਸ਼ੈਲੀ ਕਾਰਨ ਸਿਨੇਮਾ ਇਤਿਹਾਸ ਦਾ ਅਹਿਮ ਹਿੱਸਾ ਬਣ ਜਾਂਦੇ ਰਹੇ ਹਨ | ਨਿਸ਼ਚਿਤ ਤੌਰ 'ਤੇ ਨਾਨਾ ਪਾਟੇਕਰ ਵੀ ਅਜਿਹੇ ਹੀ ਕਲਾਕਾਰਾਂ 'ਚੋਂ ਇਕ ਸਨ |

ਉਨ੍ਹਾਂ ਦਾ ਅਸਲ ਨਾਂਅ ਵਿਸ਼ਵਨਾਥ ਪਾਟੇਕਰ ਸੀ | ਉਨ੍ਹਾਂ ਦਾ ਜਨਮ 1 ਜਨਵਰੀ 1951 ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਮੁਰੂਡ-ਜੰਜੀਰਾ 'ਚ ਹੋਇਆ | ਉਨ੍ਹਾਂ ਦਾ ਬਚਪਨ ਆਮ ਹਾਲਾਤ ਤੇ ਸੰਘਰਸ਼ਾਂ ਵਿਚਕਾਰ ਬੀਤਿਆ | ਆਰਥਿਕ ਮੁਸ਼ਕਿਲਾਂ ਨੇ ਉਨ੍ਹਾਂ ਨੂੰ ਬਹੁਤ ਛੋਟੀ ਉਮਰ 'ਚ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਜਾਣੂ ਕਰਾਇਆ | ਇਹੀ ਸੰਘਰਸ਼ ਅੱਗੇ ਚੱਲ ਕੇ ਉਨ੍ਹਾਂ ਦੀ ਸ਼ਖ਼ਸੀਅਤ ਤੇ ਅਦਾਕਾਰੀ ਦੀ ਸਭ ਤੋਂ ਵੱਡੀ ਪੂੰਜੀ ਬਣਿਆ | ਉਨ੍ਹਾਂ ਨੇ ਮੁੰਬਈ ਦੇ ਸਰ ਜੇ.ਜੇ. ਸਕੂਲ ਆਫ਼ ਆਰਟ ਤੋਂ ਸਿੱਖਿਆ ਹਾਸਲ ਕੀਤੀ | ਉਨ੍ਹਾਂ ਨੇ ਰੰਗਮੰਚ ਤੋਂ ਅਦਾਕਾਰੀ ਜੀਵਨ ਦੀ ਸ਼ੁਰੂਆਤ ਕੀਤੀ | ਥੀਏਟਰ ਨੇ ਉਨ੍ਹਾਂ ਨੂੰ ਅਦਾਕਾਰੀ ਦੀ ਉਹ ਬੁਨਿਆਦੀ ਸਮਝ ਦਿੱਤੀ, ਜਿਸ ਨੇ ਬਾਅਦ 'ਚ ਉਨ੍ਹਾਂ ਨੂੰ ਫ਼ਿਲਮੀ ਪਰਦੇ ਦੇ ਅਨੇਕ ਵੱਡੇ ਸਿਤਾਰਿਆਂ ਤੋਂ ਵੱਖਰੀ ਪਛਾਣ ਦਿਵਾਈ | ਫ਼ਿਲਮਾਂ 'ਚ ਆਉਣ ਤੋਂ ਬਾਅਦ ਸ਼ੁਰੂਆਤੀ ਦੌਰ ਵਿਚ ਉਨ੍ਹਾਂ ਨੂੰ ਵੱਡੇ ਮੌਕਿਆਂ ਲਈ ਇੰਤਜ਼ਾਰ ਕਰਨਾ ਪਿਆ ਤੇ ਹੌਲ਼ੀ-ਹੌਲ਼ੀ ਉਨ੍ਹਾਂ ਆਪਣੀ ਥਾਂ ਬਣਾ ਲਈ | ਗਮਨ, ਆਜ ਕੀ ਆਵਾਜ਼, ਪ੍ਰਤੀਘਾਤ ਤੇ ਸਲਾਮ ਬੰਬੇ ਵਰਗੀਆਂ ਫ਼ਿਲਮਾਂ ਨੇ ਉਨ੍ਹਾਂ ਅੰਦਰ ਲੁਕੀ ਗੰਭੀਰ ਅਦਾਕਾਰੀ ਨੂੰ ਸਾਹਮਣੇ ਲਿਆਉਣਾ ਸ਼ੁਰੂ ਕੀਤਾ |
ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਉਨ੍ਹਾਂ ਨੇ ਕਦੇ ਰਵਾਇਤੀ 'ਹੀਰੋ' ਬਣਨ ਦੀ ਦੌੜ ਤੱਕ ਖ਼ੁਦ ਨੂੰ ਸੀਮਤ ਨਹੀਂ ਰੱਖਿਆ | ਜਿਹੜੀ ਭੂਮਿਕਾ ਉਨ੍ਹਾਂ ਲਈ ਮਹੱਤਵਪੂਰਨ ਹੁੰਦੀ ਤੇ ਜਿਸ 'ਚ ਅਦਾਕਾਰੀ ਦੀ ਸੰਭਾਵਨਾ ਹੁੰਦੀ, ਉਹ ਉਸ ਨੂੰ ਪੂਰੀ ਤਾਕਤ ਨਾਲ ਨਿਭਾਉਂਦੇ | ਕਿਰਦਾਰ ਛੋਟਾ ਹੋਵੇ ਜਾਂ ਵੱਡਾ, ਉਹ ਉਸ ਵਿਚ ਆਪਣੀ ਪੂਰੀ ਊਰਜਾ ਲਾਉਣ ਦੀ ਕੋਸ਼ਿਸ਼ ਕਰਦੇ ਸਨ | 1989 'ਚ ਆਈ ਫ਼ਿਲਮ 'ਪਰਿੰਦਾ' ਉਨ੍ਹਾਂ ਦੇ ਕਰੀਅਰ ਦਾ ਮਹੱਤਵਪੂਰਨ ਪੜਾਅ ਬਣੀ | ਇਸ ਫ਼ਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੇ ਦਰਸ਼ਕਾਂ ਤੇ ਫ਼ਿਲਮ ਸਮੀਖਿਆਕਾਰਾਂ ਦੋਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ | ਉਨ੍ਹਾਂ ਦੀ ਅਦਾਕਾਰੀ 'ਚ ਹਿੰਸਾ, ਕਰੂਰਤਾ ਤੇ ਮਾਨਸਿਕ ਜਟਿਲਤਾ ਦਾ ਜੋ ਮਿਲਾਪ ਦਿਖਾਈ ਦਿੱਤਾ, ਉਹ ਆਮ ਖ਼ਲਨਾਇਕੀ ਤੋਂ ਬਿਲਕੁਲ ਵੱਖਰਾ ਸੀ | ਇਸ ਫ਼ਿਲਮ ਲਈ ਉਨ੍ਹਾਂ ਨੂੰ 'ਰਾਸ਼ਟਰੀ ਫ਼ਿਲਮ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ |
ਮੈਂ ਆਪਣੇ ਵਿਦਿਆਰਥੀ ਜੀਵਨ ਵਿਚ ਉਨ੍ਹਾਂ ਦੀ 1994 ਵਿਚ ਆਈ ਫ਼ਿਲਮ 'ਕ੍ਰਾਂਤੀਵੀਰ' ਦੇਖੀ ਸੀ | ਇਸ ਫ਼ਿਲਮ ਨੇ ਨਾਨਾ ਨੂੰ ਪ੍ਰਸਿੱਧ ਦੇ ਇਕ ਨਵੀਂ ਸਿਖਰ 'ਤੇ ਪਹੁੰਚਾ ਦਿੱਤਾ | 'ਕ੍ਰਾਂਤੀਵੀਰ' ਲਈ ਉਨ੍ਹਾਂ ਨੂੰ 'ਰਾਸ਼ਟਰੀ ਫ਼ਿਲਮ ਪੁਰਸਕਾਰ' ਦੇ ਨਾਲ 'ਫ਼ਿਲਮਫੇਅਰ ਸਰਬੋਤਮ ਅਦਾਕਾਰ' ਦਾ ਪੁਰਸਕਾਰ ਵੀ ਮਿਲਿਆ | ਉਨ੍ਹਾਂ ਦੀ ਅਦਾਕਾਰੀ ਸ਼ੈਲੀ ਨੂੰ ਕਿਸੇ ਇਕ ਪਰਿਭਾਸ਼ਾ ਵਿਚ ਬੰਨ੍ਹਣਾ ਮੁਸ਼ਕਿਲ ਹੈ | ਉਹ ਕਦੇ ਬਹੁਤ ਉੱਚੀ ਆਵਾਜ਼ 'ਚ ਬੋਲ ਕੇ ਪ੍ਰਭਾਵ ਪੈਦਾ ਕਰਦੇ ਅਤੇ ਕਦੇ ਸਿਰਫ਼ ਅੱਖਾਂ ਤੇ ਚਿਹਰੇ ਦੇ ਹਾਵ-ਭਾਵਾਂ ਨਾਲ ਪੂਰੇ ਦਿ੍ਸ਼ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੇ ਸਨ | ਉਨ੍ਹਾਂ ਦੀ ਸਦਾਬਹਾਰ ਫ਼ਿਲਮ 'ਵੈਲਕਮ' ਅੱਜ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੈ | ਇਹ ਵੀ ਇਤਫ਼ਾਕ ਹੀ ਹੈ ਕਿ ਇਕ ਮਹੀਨੇ ਦੇ ਅੰਦਰ ਹੀ 'ਵੈਲਕਮ' ਫ਼ਿਲਮ ਦੇ ਦੋ ਅਦਾਕਾਰ ਹਮੇਸ਼ਾ ਲਈ ਅਲਵਿਦਾ ਆਖ ਗਏ, ਇਕ ਬੱਲੂ (ਮੁਸ਼ਤਾਕ) ਤੇ ਦੂਜਾ ਉਦੈ ਸ਼ੈਟੀ (ਨਾਨਾ ਪਾਟੇਕਰ) | ਨਾਨਾ ਪਾਟੇਕਰ ਦੇ ਅਦਾਕਾਰੀ ਜੀਵਨ ਦੀ ਚਰਚਾ 'ਨਟਸਮਰਾਟ' ਦੇ ਬਿਨਾਂ ਅਧੂਰੀ ਰਹੇਗੀ | ਇਸ ਫ਼ਿਲਮ ਵਿਚ ਉਨ੍ਹਾਂ ਨੇ ਗਣਪਤ ਬੇਲਵਲਕਰ ਦਾ ਕਿਰਦਾਰ ਨਿਭਾਇਆ—ਇਕ ਅਜਿਹੇ ਰੰਗਮੰਚੀ ਕਲਾਕਾਰ ਦਾ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਅਦਾਕਾਰੀ ਨੂੰ ਸਮਰਪਿਤ ਕਰ ਦਿੱਤੀ, ਪਰ ਉਮਰ ਦੇ ਆਖ਼ਰੀ ਪੜਾਅ ਵਿਚ ਇਕੱਲੇਪਣ, ਅਣਗਹਿਲੀ ਤੇ ਪਰਿਵਾਰਕ ਵਿਡੰਬਨਾਵਾਂ ਨਾਲ ਜੂਝਦਾ ਹੈ | ਇਹ ਭੂਮਿਕਾ ਸਿਰਫ਼ ਸੰਵਾਦਾਂ ਦੀ ਨਹੀਂ ਸੀ | ਇਸ ਵਿਚ ਇਕ ਕਲਾਕਾਰ ਦੇ ਟੁੱਟਣ, ਹੰਕਾਰ, ਪਿਆਰ, ਇਕੱਲਾਪਣ ਤੇ ਸਵੈਮਾਣ ਸਭ ਕੁਝ ਸ਼ਾਮਿਲ ਸੀ | ਨਾਨਾ ਪਾਟੇਕਰ ਸਿਰਫ਼ ਅਦਾਕਾਰ ਹੀ ਨਹੀਂ ਸਨ, ਉਨ੍ਹਾਂ ਨੇ ਨਿਰਦੇਸ਼ਨ ਖੇਤਰ 'ਚ ਵੀ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ | 'ਪ੍ਰਹਾਰ : ਦ ਫਾਈਨਲ ਅਟੈਕ' ਦਾ ਨਿਰਦੇਸ਼ਨ ਉਨ੍ਹਾਂ ਨੇ ਖ਼ੁਦ ਕੀਤਾ ਸੀ | ਉਨ੍ਹਾਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਵੀ ਆਪਣੀ ਬੇਬਾਕ ਰਾਏ ਰੱਖੀ | ਇਸ ਸੰਦਰਭ 'ਚ ਮਹਾਰਾਸ਼ਟਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਪੇਂਡੂ ਸਮਾਜ ਦੀਆਂ ਆਰਥਿਕ ਮੁਸ਼ਕਿਲਾਂ ਪ੍ਰਤੀ ਉਨ੍ਹਾਂ ਨੇ ਸਮੇਂ-ਸਮੇਂ 'ਤੇ ਚਿੰਤਾ ਪ੍ਰਗਟਾਈ ਤੇ ਮਦਦ ਦੇ ਯਤਨਾਂ ਨਾਲ ਵੀ ਜੁੜੇ ਰਹੇ | ਕਿਸਾਨ ਖ਼ੁਦਕੁਸ਼ੀਆਂ ਤੇ ਪੇਂਡੂ ਸੰਕਟ ਨੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਪ੍ਰਭਾਵਿਤ ਕੀਤਾ | ਉਨ੍ਹਾਂ ਨੇ ਇਸ ਮੁੱਦੇ ਨੂੰ ਸਿਰਫ਼ ਭਾਸ਼ਨਾਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦਾ ਯਤਨ ਵੀ ਕੀਤਾ | ਇਹ ਪਹਿਲ ਦੱਸਦੀ ਹੈ ਕਿ ਕਿਸੇ ਕਲਾਕਾਰ ਦੀ ਸਮਾਜਿਕ ਜ਼ਿੰਮੇਵਾਰੀ ਸਿਰਫ਼ ਪਰਦੇ 'ਤੇ ਸੰਦੇਸ਼ ਦੇਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ |
ਇਕ ਆਮ ਸ਼ਹਿਰ ਤੇ ਸੰਘਰਸ਼ਪੂਰਨ ਹਾਲਾਤ 'ਚੋਂ ਨਿਕਲ ਕੇ ਰਾਸ਼ਟਰੀ ਪੱਧਰ ਦੇ ਸਨਮਾਨਾਂ ਤੱਕ ਪਹੁੰਚਣਾ, ਥੀਏਟਰ ਤੋਂ ਫ਼ਿਲਮਾਂ ਤੱਕ ਆਪਣੀ ਪਛਾਣ ਬਣਾਉਣਾ, ਨਾਇਕ ਤੇ ਖ਼ਲਨਾਇਕ ਦੋਵਾਂ ਤਰ੍ਹਾਂ ਦੇ ਕਿਰਦਾਰਾਂ ਨੂੰ ਇਕੋ ਜਿਹੀ ਤਾਕਤ ਨਾਲ ਨਿਭਾਉਣਾ, ਨਿਰਦੇਸ਼ਨ ਕਰਨਾ ਅਤੇ ਸਮਾਜਿਕ ਮੁੱਦਿਆਂ 'ਤੇ ਆਪਣੀ ਆਵਾਜ਼ ਉਠਾਉਣਾ, ਨਾਨਾ ਪਾਟੇਕਰ ਦੀ ਜ਼ਿੰਦਗੀ ਇਨ੍ਹਾਂ ਸਾਰੇ ਪੜਾਵਾਂ 'ਚੋਂ ਲੰਘੀ ਹੈ | ਉਨ੍ਹਾਂ ਨੇ ਅਦਾਕਾਰੀ ਕੀਤੀ ਨਹੀਂ, ਸਗੋਂ ਅਦਾਕਾਰੀ ਨੂੰ ਜੀਵਿਆ ਹੈ | ਸ਼ਾਇਦ ਇਹੀ ਵਜ੍ਹਾ ਹੈ ਕਿ ਅੱਜ ਵੀ ਜਦੋਂ ਉਨ੍ਹਾਂ ਦਾ ਕੋਈ ਸੰਵਾਦ ਪਰਦੇ 'ਤੇ ਗੂੰਜਦਾ ਹੈ ਤਾਂ ਦਰਸ਼ਕ ਸਿਰਫ਼ ਇਕ ਅਦਾਕਾਰ ਦੀ ਆਵਾਜ਼ ਨਹੀਂ ਸੁਣਦੇ, ਸਗੋਂ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਸਮਾਜ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਇਹੀ ਕਿਸੇ ਸੱਚੇ ਕਲਾਕਾਰ ਦੀ ਸਭ ਤੋਂ ਵੱਡੀ ਕਾਮਯਾਬੀ ਹੁੰਦੀ ਹੈ |
-ਮਲੇਰਕੋਟਲਾ, ਪੰਜਾਬ |
ਮੋਬਾਈਲ : 9855259650