09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗੱਠਜੋੜ ਦੀਆਂ ਕਿਆਸ ਅਰਾਈਆਂ

ਗੱਠਜੋੜ ਦੀਆਂ ਕਿਆਸ ਅਰਾਈਆਂ

ਅਜੀਤ ਡੈਸਕ 09-08-2026

ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਣ ਤੋਂ ਬਾਅਦ ਸ਼ੁੱਕਰਵਾਰ ਨੂੰ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਫ਼ਤਰ ਵਿਚ ਇਕ ਸੰਖੇਪ ਮੀਟਿੰਗ ਹੋਈ, ਜਿਸ ਦੀ ਰਾਜਨੀਤਕ ਹਲਕਿਆਂ ਵਿਚ ਵੱਡੀ ਪੱਧਰ 'ਤੇ ਚਰਚਾ ਹੋ ਰਹੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਕੁਝ ਮਹੀਨੇ ਬਾਅਦ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਵੱਖ-ਵੱਖ ਪਾਰਟੀਆਂ ਇਸ ਲਈ ਆਪੋ-ਆਪਣੀ ਨੀਤੀ ਬਣਾਉਣ ਵਿਚ ਜੁਟੀਆਂ ਹੋਈਆਂ ਹਨ। ਅਕਾਲੀ ਦਲ (ਬ) ਅਤੇ ਭਾਜਪਾ ਦਾ ਬੜਾ ਲੰਮਾ ਸਮਾਂ ਸਾਥ ਬਣਿਆ ਰਿਹਾ ਸੀ, ਭਾਵੇਂ ਕਿ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਨ੍ਹਾਂ ਦੋਹਾਂ ਪਾਰਟੀਆਂ ਨੇ ਵੱਖੋ-ਵੱਖ ਲੜੀਆਂ ਸਨ।
ਇਨ੍ਹਾਂ ਦੋਵਾਂ ਹੀ ਚੋਣਾਂ ਵਿਚ ਦੋਹਾਂ ਪਾਰਟੀਆਂ ਨੂੰ ਨਿਰਾਸ਼ਾਜਨਕ ਹਾਰ ਹੋਈ ਸੀ, ਜਿਸ ਤੋਂ ਇਹ ਨਤੀਜਾ ਕੱਢਿਆ ਜਾਣ ਲੱਗਾ ਸੀ ਕਿ ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਚੋਣਾਂ ਲੜਦੀਆਂ ਤਾਂ ਪਿਛਲੇ ਨਤੀਜੇ ਬਿਹਤਰ ਆ ਸਕਦੇ ਸਨ। ਪ੍ਰਧਾਨ ਮੰਤਰੀ ਮੋਦੀ ਦੇ ਸਵਰਗਵਾਸੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹਮੇਸ਼ਾ ਚੰਗੇ ਸੰਬੰਧ ਬਣੇ ਰਹੇ ਸਨ। ਸ. ਬਾਦਲ ਨੇ ਹੀ ਸਾਲ 1997 ਵਿਚ ਭਾਜਪਾ ਨਾਲ ਸਾਂਝ-ਭਿਆਲੀ ਪਾਉਣ ਲਈ ਹੱਥ ਅੱਗੇ ਵਧਾਇਆ ਸੀ। ਉਸ ਤੋਂ ਬਾਅਦ ਪੰਜਾਬ ਵਿਚ ਸਾਲ 1997, 2007 ਅਤੇ 2012 ਵਿਚ ਅਕਾਲੀ-ਭਾਜਪਾ ਸਰਕਾਰਾਂ ਬਣੀਆਂ ਸਨ ਅਤੇ ਦੋਵਾਂ ਪਾਰਟੀਆਂ ਦੇ ਚੰਗੇ ਸੰਬੰਧ ਬਣੇ ਰਹੇ ਸਨ। ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦਾ ਮੈਂਬਰ ਰਿਹਾ ਸੀ। ਸਾਲ 2020 ਵਿਚ ਕੇਂਦਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਉਸ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਸੰਬੰਧਾਂ ਵਿਚ ਦੂਰੀਆਂ ਬਣੀਆਂ ਰਹੀਆਂ ਹਨ, ਜੋ ਅੱਜ ਤੱਕ ਵੀ ਜਾਰੀ ਹਨ। ਇਸੇ ਸਮੇਂ ਵਿਚ ਅਕਾਲੀ ਦਲ ਬਾਦਲ ਵਿਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਵੱਡਾ ਵਿਦਰੋਹ ਖੜ੍ਹਾ ਹੋ ਗਿਆ ਸੀ, ਜਿਸ ਤੋਂ ਬਾਅਦ ਅਕਾਲੀ ਦਲ (ਪੁਨਰ ਸੁਰਜੀਤ) ਹੋਂਦ ਵਿਚ ਆਇਆ ਸੀ। ਇਸੇ ਸਮੇਂ ਦੌਰਾਨ ਹੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਵੱਖਰੀ ਹੋਂਦ ਵੀ ਬਣੀ। ਇਹ ਨਵਾਂ ਦਲ ਵੀ ਸਿਆਸੀ ਖੇਤਰ ਵਿਚ ਕਾਫੀ ਸਰਗਰਮ ਹੋਇਆ ਦਿਖਾਈ ਦਿੰਦਾ ਹੈ।

ਜਿੱਥੋਂ ਤੱਕ ਭਾਜਪਾ ਦਾ ਸੰਬੰਧ ਹੈ ਇਹ ਸੂਬੇ ਵਿਚ ਸਾਲ 2024 ਵਿਚ ਲੋਕ ਸਭਾ ਦੀਆਂ ਚੋਣਾਂ ਇਕੱਲੇ ਰੂਪ ਵਿਚ ਲੜੀ ਸੀ, ਜਿਸ ਵਿਚ ਸੰਸਦ ਦੀਆਂ 13 ਸੀਟਾਂ ਵਿਚੋਂ ਭਾਜਪਾ ਨੂੰ ਕੋਈ ਵੀ ਸੀਟ ਪ੍ਰਾਪਤ ਨਹੀਂ ਸੀ ਹੋਈ, ਪਰ ਇਸ ਦੀ ਵੋਟ ਪ੍ਰਤੀਸ਼ਤਤਾ 18 ਫ਼ੀਸਦੀ ਤੱਕ ਪਹੁੰਚ ਗਈ ਸੀ। ਪਿਛਲੇ ਸਮੇਂ ਤੋਂ ਸੂਬੇ ਦੀਆਂ ਚੋਣਾਂ ਲੜਨ ਲਈ ਭਾਜਪਾ ਗੰਭੀਰਤਾ ਨਾਲ ਤਿਆਰੀ ਕਰਦੀ ਦਿਖਾਈ ਦਿੰਦੀ ਰਹੀ ਹੈ, ਜਿਸ ਤਰ੍ਹਾਂ ਇਹ ਇੱਥੇ ਵਿਚਰਦੀ ਰਹੀ ਹੈ ਅਤੇ ਜਿਵੇਂ ਇਸ ਨੇ ਆਪਣੇ ਖੇਤਰ ਅਤੇ ਪ੍ਰਭਾਵ ਨੂੰ ਵਧਾਇਆ ਹੈ ਅਤੇ ਦੋ ਵੱਡੀਆਂ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕੀਤਾ ਹੈ, ਉਨ੍ਹਾਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜ਼ਿਆ ਹੈ, ਉਸ ਤੋਂ ਇਸ ਦੀ ਨਿਰੰਤਰ ਸਰਗਰਮੀ ਦਾ ਪਤਾ ਲਗਦਾ ਹੈ। ਸੁਨੀਲ ਜਾਖੜ ਵਰਗੇ ਕਾਂਗਰਸ ਦੇ ਸੂਬੇ ਦੇ ਪ੍ਰਮੁੱਖ ਆਗੂ ਨੂੰ ਲੰਮੇ ਸਮੇਂ ਤੱਕ ਪਾਰਟੀ ਦਾ ਪ੍ਰਧਾਨ ਬਣਾਈ ਰੱਖਿਆ ਗਿਆ। ਹੁਣ ਕਦੀ ਕਾਂਗਰਸ ਦੇ ਵੱਡੇ ਆਗੂ ਰਹੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਥਾਪਿਆ ਗਿਆ ਹੈ। ਉਸ ਤੋਂ ਵੀ ਲਗਾਤਾਰ ਇਹ ਪ੍ਰਭਾਵ ਮਿਲਦਾ ਰਿਹਾ ਹੈ ਕਿ ਪਾਰਟੀ ਪੰਜਾਬ ਵਿਚ ਹਰ ਪੱਧਰ 'ਤੇ ਅਤੇ ਹਰ ਖੇਤਰ ਵਿਚ ਆਪਣਾ ਪ੍ਰਭਾਵ ਵਧਾਉਣ ਲਈ ਬੇਹੱਦ ਯਤਨਸ਼ੀਲ ਹੈ। ਉਸ ਦੀਆਂ ਇਨ੍ਹਾਂ ਸਰਗਰਮੀਆਂ ਤੋਂ ਇਹ ਗੱਲ ਵੀ ਲੁਕੀ ਛੁਪੀ ਨਹੀਂ ਰਹੀ ਕਿ ਉਹ ਆਉਂਦੀਆਂ ਚੋਣਾਂ ਵਿਚ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਪਿਛਲੇ ਸਮੇਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਵੀ ਆਪਣੇ ਪੰਜਾਬ ਦੇ ਦੌਰਿਆਂ ਵਿਚ ਸਪੱਸ਼ਟ ਰੂਪ ਵਿਚ ਇਹ ਬਿਆਨ ਦਿੱਤੇ ਸਨ ਕਿ ਉਨ੍ਹਾਂ ਦੀ ਪਾਰਟੀ ਇਕੱਲਿਆਂ ਹੀ ਸੂਬੇ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ। ਨਵੇਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਪਿਛਲੇ ਦਿਨਾਂ ਵਿਚ ਵਾਰ-ਵਾਰ ਇਹ ਦੁਹਰਾਇਆ ਹੈ ਕਿ ਪਾਰਟੀ ਸਾਰੀਆਂ ਹੀ 117 ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ। ਜਿਸ ਤਰ੍ਹਾਂ ਉਹ ਸਾਰੇ ਹਲਕਿਆਂ ਵਿਚ ਆਪਣੀਆਂ ਜ਼ਿਲ੍ਹਾ ਪੱਧਰ ਦੀਆਂ ਟੀਮਾਂ ਤਿਆਰ ਕਰ ਰਹੀ ਹੈ ਅਤੇ ਉਨ੍ਹਾਂ ਦੇ ਨਾਵਾਂ ਦਾ ਐਲਾਨ ਕਰ ਰਹੀ ਹੈ, ਉਸ ਨਾਲ ਵੀ ਉਸ ਦੀ ਮਨਸ਼ਾ ਦਾ ਪਤਾ ਲਗਦਾ ਹੈ। ਅਮਲੀ ਰੂਪ ਵਿਚ ਸਾਰੇ ਜ਼ਿਲ੍ਹਿਆਂ ਦੇ ਆਪਣੇ ਵਰਕਰਾਂ ਅਤੇ ਲੀਡਰਾਂ ਦੇ ਤਾਣੇ-ਬਾਣੇ ਨੂੰ ਜਿਵੇਂ ਉਹ ਵਡੇਰਾ ਕਰ ਰਹੀ ਹੈ ਤਾਂ ਉਸ ਕਾਰਨ ਹੁਣ ਉਸ ਲਈ ਕਿਸੇ ਹੋਰ ਪਾਰਟੀ ਨਾਲ ਸੀਟਾਂ ਦਾ ਲੈਣ-ਦੇਣ ਕਰਨਾ ਬੇਹੱਦ ਮੁਸ਼ਕਿਲ ਹੋਵੇਗਾ, ਕਿਉਂਕਿ ਦੂਜੀਆਂ ਪਾਰਟੀਆਂ ਤੋਂ ਗਏ ਨੇਤਾਵਾਂ ਦੀ ਵੀ ਇਹ ਇੱਛਾ ਹੋਵੇਗੀ ਕਿ ਉਨ੍ਹਾਂ ਨੂੰ ਚੋਣਾਂ ਲੜਨ ਲਈ ਟਿਕਟਾਂ ਦਿੱਤੀਆਂ ਜਾਣ। ਪਹਿਲਾਂ ਹੀ ਪਾਰਟੀ ਢਾਂਚੇ ਨੂੰ ਵਿਸਥਾਰ ਦੇਣ ਕਰਕੇ ਉਸ ਅੰਦਰ ਨਾਰਾਜ਼ਗੀਆਂ ਅਤੇ ਗੁੱਸੇ-ਗਿਲੇ ਉੱਭਰਨੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵੱਲ ਧਿਆਨ ਦੇਣਾ ਉਸ ਲਈ ਜ਼ਰੂਰੀ ਹੋਵੇਗਾ। ਅਜਿਹੀ ਸੂਰਤ ਵਿਚ ਕਿਸੇ ਹੋਰ ਪਾਰਟੀ ਨਾਲ ਚੋਣ ਗੱਠਜੋੜ ਨੂੰ ਵਿਵਹਾਰਕ ਰੂਪ ਦੇਣਾ ਉਸ ਲਈ ਬੇਹੱਦ ਮੁਸ਼ਕਿਲ ਸਾਬਿਤ ਹੋਵੇਗਾ, ਜੋ ਪਾਰਟੀ ਅੰਦਰ ਉੱਠ ਰਹੀ ਆਲੋਚਨਾ ਨੂੰ ਹੋਰ ਵੀ ਵਧਾਉਣ ਦਾ ਕਾਰਨ ਬਣੇਗਾ। ਸੋ, ਕਿਹਾ ਜਾ ਸਕਦਾ ਹੈ ਕਿ ਰਾਜਨੀਤੀ ਵਿਚ ਭਾਵੇਂ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ, ਪਰ ਅਕਾਲੀ-ਭਾਜਪਾ ਗੱਠਜੋੜ ਨੂੰ ਨੇਪਰੇ ਚਾੜ੍ਹਨਾ ਹੁਣ ਪਹਿਲਾਂ ਜਿੰਨਾ ਆਸਾਨ ਨਹੀਂ ਹੈ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਮੈਕਰੋ ਗਲੋਬਲ ਦੇ ਵਿਦਿਆਰਥੀਆਂ ਦਾ ਆਈਲਟਸ ਨਤੀਜਾ ਰਿਹਾ ਸ਼ਾਨਦਾਰ-ਗੁਰਮਿਲਾਪ ਸਿੰਘ ਡੱਲਾ ਅਗਲੀ ਖ਼ਬਰ ਫ਼ੈਲਦੇ ਬਾਜ਼ਾਰ ਵਿਚ ਅਸੁਰੱਖਿਅਤ ਹੁੰਦਾ ਜਾ ਰਿਹਾ ਕਿਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।