09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਲੋਕਤੰਤਰ ਦੀ ਸ਼ਕਤੀਸ਼ਾਲੀ ਆਵਾਜ਼ ਹੈ ਵਿਦਿਆਰਥੀ ਅੰਦੋਲਨ

ਲੋਕਤੰਤਰ ਦੀ ਸ਼ਕਤੀਸ਼ਾਲੀ ਆਵਾਜ਼ ਹੈ ਵਿਦਿਆਰਥੀ ਅੰਦੋਲਨ

ਅਜੀਤ ਡੈਸਕ 09-08-2026

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮੇਂ-ਸਮੇਂ 'ਤੇ ਭਾਰਤ ਵਿਚ ਨੌਜਵਾਨਾਂ ਦੇ ਅਨੇਕਾਂ ਅੰਦੋਲਨਾਂ ਨੇ ਸਮਾਜ ਅਤੇ ਸ਼ਾਸਨ ਨੂੰ ਨਵੀਂ ਦਿਸ਼ਾ ਦਿੱਤੀ ਹੈ। ਜਦੋਂ ਵੀ ਨੌਜਵਾਨਾਂ ਨੇ ਆਪਣੇ ਹੱਕਾਂ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ ਹੈ, ਉਸ ਦੀ ਗੂੰਜ ਸੱਤਾ ਦੇ ਗਲਿਆਰਿਆਂ ਤੱਕ ਪਹੁੰਚੀ ਹੈ ਅਤੇ ਉਸ ਨੇ ਬਦਲਾਅ ਦਾ ਇਕ ਨਵਾਂ ਇਤਿਹਾਸ ਰਚਿਆ ਹੈ। 1979-85 ਦਾ ਅਸਾਮ ਅੰਦੋਲਨ, 1990 ਦੇ ਮੰਡਲ ਵਿਰੋਧੀ ਪ੍ਰਦਰਸ਼ਨ, ਇੰਡੀਆ ਅਗੇਂਸਟ ਕੁਰੱਪਸ਼ਨ ਮੁਹਿੰਮ, 2019 ਦਾ ਸੀ.ਏ.ਏ-ਐਨ.ਆਰ.ਸੀ ਵਿਰੋਧੀ ਅੰਦੋਲਨ, ਨਿਰਭਯਾ ਅੰਦੋਲਨ ਅਤੇ ਇਸ ਤੋਂ ਪਹਿਲਾਂ 1974-75 ਦਾ ਜੇ.ਪੀ ਅੰਦੋਲਨ-ਇਨ੍ਹਾਂ ਸਭ ਦੀ ਅਗਵਾਈ ਮੁੱਖ ਤੌਰ 'ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਕੀਤੀ ਸੀ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਕੈਂਪਸ ਲੋਕਤੰਤਰਿਕ ਅਸਹਿਮਤੀ ਦੇ ਸਭ ਤੋਂ ਮਹੱਤਵਪੂਰਨ ਕੇਂਦਰ ਬਣੇ।

ਕਾਕਰੋਚ ਪਾਰਟੀ ਦੀ ਅਗਵਾਈ ਹੇਠ ਨੀਟ-ਯੂ.ਜੀ ਪ੍ਰਸ਼ਨ-ਪੱਤਰ ਲੀਕ ਦੇ ਵਿਰੋਧ ਅਤੇ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਦੀ ਮੰਗ ਲਈ ਚਲਾਇਆ ਗਿਆ ਯੁਵਾ ਅੰਦੋਲਨ ਵੀ ਅਜਿਹਾ ਹੀ ਇਕ ਇਤਿਹਾਸਕ ਅੰਦੋਲਨ ਸੀ। ਇਸ ਦੀ ਆਵਾਜ਼ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੀ। ਇਸ ਅੰਦੋਲਨ ਨੂੰ ਕੁਚਲਣ ਦੇ ਉਦੇਸ਼ ਨਾਲ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ 'ਤੇ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ ਨਾ ਸਿਰਫ਼ ਲੋਕਤੰਤਰਿਕ ਅਸਹਿਮਤੀ ਪ੍ਰਤੀ ਸੱਤਾ ਦੀ ਅਸਹਿਣਸ਼ੀਲਤਾ ਨੂੰ ਬੇਨਕਾਬ ਕਰਦਾ ਹੈ, ਸਗੋਂ ਆਜ਼ਾਦ ਭਾਰਤ ਦੇ ਇਤਿਹਾਸ ਦੀ ਇਕ ਬਹੁਤ ਹੀ ਦੁਖਦਾਈ ਅਤੇ ਅਫ਼ਸੋਸਨਾਕ ਘਟਨਾ ਵਜੋਂ ਵੀ ਯਾਦ ਕੀਤਾ ਜਾਵੇਗਾ।
ਇਤਿਹਾਸ ਇਹ ਵੀ ਸਿਖਾਉਂਦਾ ਹੈ ਕਿ ਲੋਕਤੰਤਰ ਵਿਚ ਕਿਸੇ ਵੀ ਨਾਗਰਿਕ-ਖ਼ਾਸ ਕਰਕੇ ਨੌਜਵਾਨਾਂ ਦੀ ਆਵਾਜ਼ ਨੂੰ ਬਲ ਦੇ ਜ਼ੋਰ 'ਤੇ ਦਬਾਉਣ ਨਾਲ ਅੰਦੋਲਨ ਖ਼ਤਮ ਨਹੀਂ ਹੁੰਦੇ। ਬਲ-ਪ੍ਰਯੋਗ ਸਿਰਫ਼ ਅਸੰਤੋਸ਼ ਨੂੰ ਹੋਰ ਡੂੰਘਾ ਕਰਦਾ ਹੈ ਅਤੇ ਬਦਲਾਅ ਦੀ ਮੰਗ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਸਾਡੇ ਸਾਂਝੇ ਅਨੁਭਵ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸ਼ਬਦਾਂ ਜਾਂ ਕਰਮਾਂ ਰਾਹੀਂ ਮਨੁੱਖੀ ਮਾਣ-ਸਨਮਾਨ 'ਤੇ ਕੀਤਾ ਗਿਆ ਹਰ ਆਘਾਤ ਰੂਹ 'ਤੇ ਅਜਿਹਾ ਜ਼ਖ਼ਮ ਛੱਡ ਜਾਂਦਾ ਹੈ, ਜਿਸ ਦੀ ਪ੍ਰਤੀਕਿਰਿਆ ਆਖ਼ਰਕਾਰ ਸਾਹਮਣੇ ਆਉਂਦੀ ਹੀ ਹੈ। ਸੀ.ਜੇ.ਪੀ ਅੰਦੋਲਨ ਦਾ ਜਨਮ ਇਸ ਦਾ ਸਪੱਸ਼ਟ ਉਦਾਹਰਨ ਹੈ। ਜਿਸ ਹਿੰਮਤ, ਧੀਰਜ ਅਤੇ ਅਟੱਲ ਵਿਸ਼ਵਾਸ ਨਾਲ ਨੌਜਵਾਨਾਂ ਨੇ ਮੁਸ਼ਕਿਲ ਹਾਲਾਤ ਦਾ ਸਾਹਮਣਾ ਕੀਤਾ ਅਤੇ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ, ਉਹ ਉਨ੍ਹਾਂ ਦੀ ਏਕਤਾ ਅਤੇ ਦ੍ਰਿੜ੍ਹ ਸੰਕਲਪ ਦਾ ਜੀਵੰਤ ਸਬੂਤ ਹੈ। ਇਹ ਇਸ ਸੱਚਾਈ ਦੀ ਵੀ ਪੁਸ਼ਟੀ ਕਰਦਾ ਹੈ ਕਿ ਕਿਸੇ ਵੀ ਲੋਕਤੰਤਰਿਕ ਸਰਕਾਰ ਲਈ ਸੰਵਿਧਾਨ ਅਤੇ ਲੋਕਤੰਤਰਿਕ ਮੁੱਲਾਂ ਦਾ ਆਦਰ ਕਰਨਾ ਬਹੁਤ ਜ਼ਰੂਰੀ ਹੈ। ਭਾਰਤ ਦੀ ਆਤਮਾ ਨਿਆਂ, ਸਮਾਨਤਾ ਅਤੇ ਲੋਕਤੰਤਰ ਵਿਚ ਅਟੱਲ ਵਿਸ਼ਵਾਸ ਨਾਲ ਹੀ ਪਰਿਭਾਸ਼ਿਤ ਹੁੰਦੀ ਹੈ।
ਇਸੇ ਕਰਕੇ ਰੈਲੀਆਂ, ਧਰਨਿਆਂ ਅਤੇ ਪ੍ਰਦਰਸ਼ਨਾਂ ਰਾਹੀਂ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਉਣ ਦਾ ਅਧਿਕਾਰ ਸੰਵਿਧਾਨ ਵਲੋਂ ਮੁਹੱਈਆ ਕੀਤਾ ਇਕ ਪਵਿੱਤਰ ਮੌਲਿਕ ਅਧਿਕਾਰ ਹੈ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਟੁੱਟ ਹਿੱਸਾ ਵੀ ਹੈ। ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣਾ ਵੀ ਓਨਾ ਹੀ ਜ਼ਰੂਰੀ ਹੈ ਕਿ ਸ਼ਾਂਤਮਈ ਇਕੱਠ ਅਤੇ ਵਿਰੋਧ-ਪ੍ਰਦਰਸ਼ਨ ਆਪਣੀਆਂ ਸੰਵਿਧਾਨਕ ਅਤੇ ਨੈਤਿਕ ਹੱਦਾਂ ਦੀ ਉਲੰਘਣਾ ਨਾ ਕਰਨ। ਕਿਸੇ ਵੀ ਵਿਅਕਤੀ ਵੱਲੋਂ, ਕਿਸੇ ਵੀ ਕਾਰਨ ਕਰਕੇ, ਬੋਲ ਜਾਂ ਕਰਮ ਰਾਹੀਂ ਕੀਤੀ ਗਈ ਹਿੰਸਾ ਆਖ਼ਰਕਾਰ ਹੋਰ ਹਿੰਸਾ ਨੂੰ ਹੀ ਜਨਮ ਦਿੰਦੀ ਹੈ। ਮਹਾਤਮਾ ਗਾਂਧੀ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਭਾਵੇਂ ਉਦੇਸ਼ ਕਿੰਨਾ ਵੀ ਉੱਚਾ ਅਤੇ ਪਵਿੱਤਰ ਕਿਉਂ ਨਾ ਹੋਵੇ, ਉਸ ਦੀ ਪ੍ਰਾਪਤੀ ਲਈ ਅਪਣਾਏ ਜਾਣ ਵਾਲੇ ਸਾਧਨਾਂ ਦੀ ਨੈਤਿਕਤਾ ਅਤੇ ਵਾਜਬੀਅਤਾ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜੰਤਰ-ਮੰਤਰ ਵਿਖੇ ਹੋਇਆ ਇਹ ਸਫ਼ਲ ਅੰਦੋਲਨ ਇਸ ਗੱਲ ਦਾ ਜੀਵੰਤ ਸਬੂਤ ਹੈ ਕਿ ਕੋਈ ਵੀ ਸਰਕਾਰ ਆਪਣੇ ਨਾਗਰਿਕਾਂ ਦੇ ਮੌਲਿਕ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਅਣਡਿੱਠਾ ਨਹੀਂ ਕਰ ਸਕਦੀ। ਇਸ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਲੋਕਤੰਤਰ ਦੀ ਅਸਲ ਤਾਕਤ ਲੋਕਾਂ ਦੀ ਆਵਾਜ਼ ਵਿਚ ਨਿਹਿਤ ਹੁੰਦੀ ਹੈ ਅਤੇ ਉਸ ਦੀ ਰੱਖਿਆ ਨਾਗਰਿਕਾਂ ਦੀ ਜਾਗਰੂਕਤਾ, ਏਕਤਾ ਅਤੇ ਦ੍ਰਿੜ੍ਹ ਇੱਛਾ-ਸ਼ਕਤੀ 'ਤੇ ਨਿਰਭਰ ਕਰਦੀ ਹੈ। ਜਦੋਂ ਲੋਕਾਂ ਵੱਲੋਂ ਚੁਣੀਆਂ ਗਈਆਂ ਸਰਕਾਰਾਂ ਆਪਣੇ ਅਸੂਲਾਂ ਅਤੇ ਲੋਕਤੰਤਰਿਕ ਮੁੱਲਾਂ ਤੋਂ ਭਟਕਣ ਲੱਗ ਪੈਣ, ਤਦੋਂ ਸ਼ਾਂਤਮਈ ਜਨ-ਅੰਦੋਲਨ ਲੋਕਤੰਤਰ ਨੂੰ ਸਹੀ ਦਿਸ਼ਾ ਦੇਣ ਅਤੇ ਉਸ ਨੂੰ ਹੋਰ ਮਜ਼ਬੂਤ ਕਰਨ ਦਾ ਸਭ ਤੋਂ ਉਚਿਤ ਸਾਧਨ ਬਣ ਜਾਂਦਾ ਹੈ। ਜਿਵੇਂ ਇਕ ਸ਼ਾਇਰ ਨੇ ਕਿਹਾ-
'ਅਸੂਲਾਂ 'ਤੇ ਜਦੋਂ ਆਂਚ ਆਵੇ, ਟਕਰਾਉਣਾ ਲਾਜ਼ਮੀ ਹੈ,
ਜੇ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਉਣਾ ਲਾਜ਼ਮੀ ਹੈ।'
ਨੌਜਵਾਨ ਹਮੇਸ਼ਾ ਉੱਚੇ ਆਦਰਸ਼ਾਂ, ਸਿਧਾਂਤਾਂ ਅਤੇ ਪ੍ਰਗਤੀਸ਼ੀਲ ਬਦਲਾਅ ਤੋਂ ਪ੍ਰੇਰਿਤ ਰਹਿੰਦੇ ਹਨ। ਉਨ੍ਹਾਂ ਦੇ ਮਨ ਵਿਚ ਸਮਾਜ ਅਤੇ ਦੇਸ਼ ਲਈ ਕੁਝ ਵੱਡਾ ਅਤੇ ਅਰਥਪੂਰਨ ਕਰਨ ਦਾ ਜਜ਼ਬਾ ਹੁੰਦਾ ਹੈ। ਇਹੀ ਕਾਰਨ ਹੈ ਕਿ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਭੂਮਿਕਾ ਨਿਭਾਈ ਸੀ। ਇਤਿਹਾਸ ਇਹ ਵੀ ਦੱਸਦਾ ਹੈ ਕਿ ਨੌਜਵਾਨਾਂ ਅਤੇ ਸੱਤਾ ਵਿਚ ਬੈਠੇ ਲੋਕਾਂ ਵਿਚਕਾਰ ਵਿਚਾਰਾਂ ਦੇ ਅੰਤਰ ਹਮੇਸ਼ਾ ਰਹੇ ਹਨ। ਪਰ ਦੂਰਅੰਦੇਸ਼ ਅਤੇ ਸੰਵੇਦਨਸ਼ੀਲ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖਾਹਿਸ਼ਾਂ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਆਦਰ ਕਰਨ ਅਤੇ ਉਨ੍ਹਾਂ ਪ੍ਰਤੀ ਦਮਨਕਾਰੀ ਜਾਂ ਅਸਹਿਣਸ਼ੀਲ ਰਵੱਈਆ ਨਾ ਅਪਣਾਉਣ, ਕਿਉਂਕਿ ਇਹੀ ਨੌਜਵਾਨ ਦੇਸ਼ ਦੀ ਅਨਮੋਲ ਧਰੋਹਰ ਅਤੇ ਭਵਿੱਖ ਹਨ।
ਇੱਥੋਂ ਤੱਕ ਕਿ ਬ੍ਰਿਟਿਸ਼ ਰਾਜ ਦੇ ਦੌਰਾਨ ਵੀ, ਜਦੋਂ ਹਜ਼ਾਰਾਂ ਆਜ਼ਾਦੀ ਘੁਲਾਟੀਆਂ ਨੂੰ ਉਪਨਿਵੇਸ਼ਕ ਹਕੂਮਤ ਵੱਲੋਂ ਜੇਲ੍ਹਾਂ ਵਿਚ ਸੁੱਟਿਆ ਗਿਆ ਅਤੇ ਅਨੇਕਾਂ ਤਰ੍ਹਾਂ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਤਦ ਵੀ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ, ਜਦੋਂ ਕੁਝ ਅੰਗਰੇਜ਼ ਅਧਿਆਪਕਾਂ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਹਿਫ਼ਾਜ਼ਤ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਨਾਲ ਸੰਭਵ ਤੌਰ 'ਤੇ ਸੰਜਮ ਅਤੇ ਮਨੁੱਖਤਾ ਭਰਿਆ ਵਰਤਾਅ ਕੀਤਾ ਜਾਵੇ। ਮੇਰੇ ਪਿਤਾ ਲਾਹੌਰ ਵਿਚ ਵਿਦਿਆਰਥੀ ਆਗੂ ਸਨ। ਆਜ਼ਾਦੀ ਦੀ ਲਹਿਰ ਵਿਚ ਸਰਗਰਮ ਭਾਗੀਦਾਰੀ ਕਾਰਨ ਉਨ੍ਹਾਂ ਨੂੰ 1930, 1936 ਅਤੇ ਫਿਰ 1942 ਤੋਂ 1945 ਦਰਮਿਆਨ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜੇਲ੍ਹ ਵੀ ਜਾਣਾ ਪਿਆ। ਉਹ ਅਕਸਰ ਆਪਣੇ ਕਾਲਜ ਦੇ ਪ੍ਰਿੰਸੀਪਲ, ਈ. ਡੀ. ਲੂਕਾਸ ਨਾਲ ਜੁੜੀ ਇਕ ਘਟਨਾ ਸੁਣਾਇਆ ਕਰਦੇ ਸਨ। ਉਸ ਵੇਲੇ ਉਹ ਲਾਹੌਰ ਦੇ ਫੋਰਮਨ ਕ੍ਰਿਸਚਨ ਕਾਲਜ ਵਿਚ ਗ੍ਰੈਜੂਏਸ਼ਨ ਪੱਧਰ ਦੇ ਵਿਦਿਆਰਥੀ ਸਨ।
ਉਹ ਦੱਸਦੇ ਸਨ ਕਿ ਜਦੋਂ ਵੀ ਪੁਲਿਸ ਉਨ੍ਹਾਂ ਨੂੰ ਕਾਲਜ ਕੈਂਪਸ ਵਿਚੋਂ ਗ੍ਰਿਫ਼ਤਾਰ ਕਰਨ ਆਉਂਦੀ, ਤਾਂ ਪ੍ਰਿੰਸੀਪਲ ਲੂਕਾਸ ਸਭ ਤੋਂ ਪਹਿਲਾਂ ਪੁਲਿਸ ਅਧਿਕਾਰੀ ਦੀ ਮੌਜੂਦਗੀ ਵਿਚ ਉਨ੍ਹਾਂ ਦਾ ਵਜ਼ਨ ਕਰਵਾਉਂਦੇ ਸਨ। ਇਸ ਤੋਂ ਬਾਅਦ ਉਹ ਗ੍ਰਿਫ਼ਤਾਰ ਕਰਨ ਵਾਲੇ ਅਧਿਕਾਰੀ ਤੋਂ ਇਹ ਭਰੋਸਾ ਲੈਂਦੇ ਸਨ ਕਿ ਹਿਰਾਸਤ ਦੌਰਾਨ ਉਨ੍ਹਾਂ ਦੇ ਵਿਦਿਆਰਥੀ ਨਾਲ ਨਾ ਤਾਂ ਕੋਈ ਦੁਰਵਿਵਹਾਰ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਕਿਸਮ ਦੀ ਸਰੀਰਕ ਜਾਂ ਮਾਨਸਿਕ ਯਾਤਨਾ ਦਿੱਤੀ ਜਾਵੇਗੀ। ਇਹ ਘਟਨਾ ਸਿਰਫ਼ ਇਕ ਅਧਿਆਪਕ ਦੀ ਆਪਣੇ ਵਿਦਿਆਰਥੀਆਂ ਪ੍ਰਤੀ ਜ਼ਿੰਮੇਵਾਰੀ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੀ ਨਹੀਂ ਦਰਸਾਉਂਦੀ, ਸਗੋਂ ਇਹ ਵੀ ਯਾਦ ਦਿਵਾਉਂਦੀ ਹੈ ਕਿ ਸਭ ਤੋਂ ਮੁਸ਼ਕਿਲ ਅਤੇ ਦਮਨਕਾਰੀ ਦੌਰ ਵਿਚ ਵੀ ਮਨੁੱਖੀ ਮਾਣ-ਸਨਮਾਨ ਅਤੇ ਸੰਵੇਦਨਸ਼ੀਲਤਾ ਲਈ ਥਾਂ ਬਣੀ ਰਹਿ ਸਕਦੀ ਹੈ। ਭਾਰਤ ਦੇ ਨੌਜਵਾਨ ਪੁੱਤਰਾਂ ਅਤੇ ਧੀਆਂ ਵਿਰੁੱਧ ਕੰਡੇਦਾਰ ਲਾਠੀਆਂ ਅਤੇ ਪੈਲਟ ਗੰਨਾਂ ਦੇ ਇਸਤੇਮਾਲ ਨੂੰ ਜਾਇਜ਼ ਠਹਿਰਾਉਣ ਲਈ ਅਧਿਕਾਰੀਆਂ ਵੱਲੋਂ ਬਾਅਦ ਵਿਚ ਘੜਿਆ ਗਿਆ ਬਿਆਨ ਨਾ ਸਿਰਫ਼ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਵਿਰਾਸਤ ਦਾ, ਸਗੋਂ ਮਨੁੱਖੀ ਮਾਣ-ਸਨਮਾਨ, ਨਿਆਂ ਅਤੇ ਸਮਾਨਤਾ 'ਤੇ ਆਧਾਰਿਤ ਵਿਵਸਥਾ ਦੇ ਉਸ ਵਾਅਦੇ ਦਾ ਵੀ ਮਜ਼ਾਕ ਉਡਾਉਂਦਾ ਹੈ, ਜਿਸ 'ਤੇ ਸਾਡੇ ਗਣਰਾਜ ਦੀ ਨੀਂਹ ਰੱਖੀ ਗਈ ਸੀ।
ਜੰਤਰ-ਮੰਤਰ ਦਾ ਇਹ ਅੰਦੋਲਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਲੋਕਤੰਤਰ ਉਦੋਂ ਹੀ ਮਜ਼ਬੂਤ ਹੁੰਦਾ ਹੈ, ਜਦੋਂ ਸਰਕਾਰ ਅਤੇ ਜਨਤਾ ਵਿਚਕਾਰ ਸੰਵਾਦ, ਆਪਸੀ ਸਤਿਕਾਰ ਅਤੇ ਭਰੋਸਾ ਕਾਇਮ ਰਹੇ। ਇਸ ਅੰਦੋਲਨ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹੀ ਸਰਕਾਰਾਂ ਟਿਕਾਊ ਸਾਬਤ ਹੁੰਦੀਆਂ ਹਨ ਅਤੇ ਅੱਗੇ ਵਧਦੀਆਂ ਹਨ, ਜੋ ਸਮੇਂ ਸਿਰ ਲੋਕਾਂ ਦੀ ਆਵਾਜ਼, ਉਨ੍ਹਾਂ ਦੇ ਗੁੱਸੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੀਆਂ ਹਨ ਅਤੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਰੱਖਣ ਦਾ ਯਤਨ ਕਰਦੀਆਂ ਹਨ। ਇਸ ਵਿਰੋਧ-ਪ੍ਰਦਰਸ਼ਨ ਨੇ ਇਸ ਵਿਚਾਰ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਲੋਕਤੰਤਰ ਅਸਲ ਵਿਚ ਗੁੰਝਲਦਾਰ ਅਤੇ ਵਿਵਾਦਿਤ ਪ੍ਰਸ਼ਨਾਂ ਦਾ ਨਿਆਂਪੂਰਨ ਹੱਲ ਲੱਭਣ ਦੀ ਇਕ ਲਗਾਤਾਰ ਪ੍ਰਕਿਰਿਆ ਹੈ। ਇਸ ਨੇ ਸਾਨੂੰ ਮੁੜ ਯਾਦ ਕਰਵਾਇਆ ਹੈ, ਕਿ ਗਣਰਾਜ ਦੇ ਹਥਿਆਰਬੰਦ ਪੁਲਿਸ ਬਲਾਂ ਵੱਲੋਂ ਭਾਰਤ ਦੇ ਨੌਜਵਾਨ ਪੁੱਤਰਾਂ ਅਤੇ ਧੀਆਂ 'ਤੇ ਕੰਡੇਦਾਰ ਲਾਠੀਆਂ ਅਤੇ ਪੈਲਟ ਗੰਨਾਂ ਦਾ ਇਸਤੇਮਾਲ ਇਕ ਬੇਹੱਦ ਦੁਖਦਾਈ ਅਤੇ ਅਣਮਨੁੱਖੀ ਦ੍ਰਿਸ਼ ਜੋ ਰਾਜ ਦੀ ਨੈਤਿਕ ਵਾਜਬੀਅਤਾ ਨੂੰ ਕਮਜ਼ੋਰ ਕਰਦਾ ਹੈ।
ਸੰਘਰਸ਼ ਕਰ ਰਹੇ ਨੌਜਵਾਨਾਂ ਦੇ ਸਵੈ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਇਕ ਅਪਮਾਨਜਨਕ ਟਿੱਪਣੀ ਦੇ ਵਿਰੋਧ ਵਿਚ ਸੋਸ਼ਲ ਮੀਡੀਆ 'ਤੇ ਵਿਅੰਗ ਦੇ ਰੂਪ ਵਿਚ ਸ਼ੁਰੂ ਹੋਇਆ ਇਹ ਅੰਦੋਲਨ ਅੱਜ ਇਕ ਸਮੇਂ-ਸਿਰ ਚਿਤਾਵਨੀ ਵਜੋਂ ਸਾਡੇ ਸਾਹਮਣੇ ਖੜ੍ਹਾ ਹੈ। ਇਹ ਸਪੱਸ਼ਟ ਕਰਦਾ ਹੈ ਕਿ ਤਕਨਾਲੋਜੀ ਦੀ ਤਾਕਤ ਨਾਲ ਲੈਸ, ਰਾਜਨੀਤਿਕ ਤੌਰ 'ਤੇ ਜਾਗਰੂਕ ਕਰੋੜਾਂ ਨੌਜਵਾਨ, ਆਪਣੀਆਂ ਡੂੰਘੀਆਂ ਭਾਵਨਾਵਾਂ ਅਤੇ ਸਾਂਝੇ ਸੰਕਲਪ ਦੇ ਆਧਾਰ 'ਤੇ ਵਿਸ਼ਾਲ ਜਨਸਮੂਹਾਂ ਨੂੰ ਇਕੱਠਾ ਕਰਕੇ ਦੇਸ਼ ਦੀ ਰਾਜਨੀਤੀ ਨੂੰ ਸਥਾਈ ਅਤੇ ਅਟੱਲ ਢੰਗ ਨਾਲ ਨਵਾਂ ਰੂਪ ਦੇਣ ਦੀ ਸਮਰੱਥਾ ਰੱਖਦੇ ਹਨ।

-ਸਾਬਕਾ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ
ਇਸ ਲੇਖ ਵਿਚ ਪ੍ਰਗਟ ਕੀਤੇ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ।
ਵੱਟਸ ਐਪ : 99585-34440

ਪਿਛਲੀ ਖ਼ਬਰ ਕਿਫ਼ਾਇਤੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਯਤਨਸ਼ੀਲ ਹੈ ਭਾਰਤ ਸਰਕਾਰ ਅਗਲੀ ਖ਼ਬਰ ਪੰਜਾਬ ਆਰਟਸ ਕੌਂਸਲ ਦੀ ਨਿਵੇਕਲੀ ਨੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।