2026 ਦੀ 27 ਜੁਲਾਈ ਨੂੰ ਪੰਜਾਬ ਆਰਟਸ ਕੌਂਸਲ (ਭਾਵ ਪੰਜਾਬ ਕਲਾ ਪ੍ਰੀਸ਼ਦ) ਦੇ ਵਿਹੜੇ ਸੰਝ ਵੇਲੇ ਪਹਿਲਾਂ ਮੁਰੰਮਤਸ਼ੁਦਾ ਓਪਨ ਏਅਰ ਥੀਏਟਰ ਦਾ ਉਦਘਾਟਨ ਕੀਤਾ ਗਿਆ ਤੇ ਫੇਰ ਸਰਦਾਰ ਤਰਲੋਚਨ ਸਿੰਘ ਦਾ ਸਨਮਾਨ। ਇਨ੍ਹਾਂ ਕਾਰਜਾਂ ਦਾ ਬੀੜਾ ਚੁੱਕਣ ਵਾਲੀ ਪਦਮਸ੍ਰੀ ਡਾ. ਰਤਨ ਸਿੰਘ ਮੈਮੋਰੀਅਲ ਚੈਰੀਟੇਬਲ ਫਾਊਂਡੇਸ਼ਨ ਹੈ। ਮੇਰੇ ਮਨ 'ਚ ਤਰਲੋਚਨ ਸਿੰਘ ਵੀ ਵਸਿਆ ਹੋਇਆ ਹੈ ਤੇ ਜੱਗੀ ਸਾਹਿਬ ਵੀ। ਤਰਲੋਚਨ ਸਿੰਘ 1953 ਤੋਂ 1984 ਤੱਕ ਨਵੀਂ ਦਿੱਲੀ ਰਹਿੰਦਿਆਂ ਮੇਰਾ ਮਿੱਤਰ ਬਣਿਆ ਤੇ ਜੱਗੀ ਜੀ ਮੇਰੇ ਪੰਜਾਬੀ ਯੂਨੀਵਰਸਟੀ ਵਿਚ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ 'ਚ ਕੰਮ ਕਰਦਿਆਂ, ਉੱਥੋਂ ਦੇ ਪੰਜਾਬੀ ਵਿਭਾਗ ਦੇ ਮੁਖੀ ਸਨ। ਮੇਰਾ ਦੋਵਾਂ ਨਾਲ ਪਿਆਰ ਤੇ ਸਹਿਚਾਰਾ ਰਿਹਾ ਹੈ।
ਮੈਂ ਕਮਜ਼ੋਰ ਸਿਹਤ ਕਾਰਨ ਉੱਥੇ ਦੇਰ ਨਾਲ ਪਹੁੰਚਿਆ। ਮੈਨੂੰ ਦੱਸਿਆ ਗਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਥੀਏਟਰ ਦਾ ਉਦਘਾਟਨ ਕਰ ਕੇ ਆਏ ਹਨ ਤੇ ਮੇਰੇ ਮਿੱਤਰ ਤਰਲੋਚਨ ਸਿੰਘ ਨੂੰ ਨਿਵਾਜਣ ਦੀ ਰਸਮ ਹੋਣ ਵਾਲੀ ਹੈ। ਜੱਗੀ ਪਰਿਵਾਰ ਨੇ ਜੱਗੀ ਸਾਹਿਬ ਨੂੰ ਚੇਤੇ ਰੱਖਣ ਲਈ ਪਟਿਆਲਾ ਵਿਖੇ ਫਾਊਂਡੇਸ਼ਨ ਸਥਾਪਤ ਕਰਕੇ ਉਨ੍ਹਾਂ ਦੀ ਯਾਦ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਤੇ ਹੋਰਨਾਂ ਤੱਕ ਲੰਮੇ ਸਮੇਂ ਲਈ ਸਜੀਵ ਰੱਖਣ ਦਾ ਕੰਮ ਕੀਤਾ ਹੈ, ਜਿਸ ਦੀ ਹਰ ਸਾਹਿਤਕਾਰ ਨੂੰ ਖ਼ੁਸ਼ੀ ਹੈ। ਇਹ ਹੋਰ ਵੀ ਚੰਗੀ ਗੱਲ ਹੈ ਕਿ ਉਨ੍ਹਾਂ ਨੇ ਸਮੇਂ-ਸਮੇਂ ਤਰਲੋਚਨ ਸਿੰਘ ਵਰਗੇ ਉੱਚ ਦੁਮਾਲੜੇ ਵਿਅਕਤੀਆਂ ਦਾ ਸਨਮਾਨ ਕਰਦੇ ਰਹਿਣਾ ਹੈ। ਤਰਲੋਚਨ ਸਿੰਘ ਨੇ ਵੀ ਸਨਮਾਨ ਦੀ ਰਾਸ਼ੀ (51,000 ਰੁਪਏ) ਫਾਊਂਡੇਸ਼ਨ ਨੂੰ ਵਾਪਸ ਕਰਕੇ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਇਹ ਸਲਾਹ ਦਿੱਤੀ ਹੈ ਕਿ ਇਸ ਰਾਸ਼ੀ ਦੀਆਂ ਜੱਗੀ ਸਾਹਿਬ ਰਚਿਤ ਪੁਸਤਕਾਂ ਜੱਗੀ ਦੇ ਪ੍ਰਸੰਸਕਾਂ ਨੂੰ ਵੰਡ ਦਿੱਤੀਆਂ ਜਾਣ। ਮੇਰਾ ਇਹ ਮਿੱਤਰ ਸ਼ੁਭਕਾਮਨਾਵਾਂ ਦਾ ਸੁਆਮੀ ਹੈ, ਮੈਂ ਉਨ੍ਹਾਂ ਕੋਲੋਂ ਇਹੋ ਜਿਹੇ ਅਮਲ ਦੀ ਹੀ ਆਸ ਰੱਖਦਾ ਸਾਂ।

ਕਲਾ ਪ੍ਰੀਸ਼ਦ ਦੇ ਵਿਹੜੇ ਵਿਚ ਉਪਰੋਕਤ ਕਾਰਵਾਈਆਂ ਦਾ ਸਵਾਗਤ ਕਰਨਾ ਬਣਦਾ ਹੈ। ਜੇ ਮੇਰਾ ਮਤਭੇਦ ਹੈ ਤਾਂ ਕੇਵਲ ਓਪਨ ਏਅਰ ਥੀਏਟਰ ਦੇ ਨਾਂਅ ਨਾਲ ਹੈ। ਫਾਊਂਡੇਸ਼ਨ ਨੇ ਇਸ ਨੂੰ ਆਪਣੇ ਮਰਹੂਮ ਪਿਤਾ ਜੀ ਦਾ ਨਾਂਅ ਦਿੱਤਾ ਹੈ। ਕਿਸੇ ਅਜਿਹੀ ਸੰਸਥਾ, ਜਿਹੜੀ ਪ੍ਰੀਸ਼ਦ ਦੀ ਮੈਂਬਰ ਵੀ ਨਹੀਂ, ਦਾ ਪ੍ਰੀਸ਼ਦ ਕੰਪਲੈਕਸ ਵਿਚ ਪੱਕੇ ਤੌਰ 'ਤੇ ਆ ਵੜਨਾ ਕਿਸੇ ਸਿਆਸੀ ਲੀਡਰ ਦੇ ਮਨ ਵਿਚ ਅਜਿਹੀ ਭਾਵਨਾ ਵੀ ਪੈਦਾ ਕਰ ਸਕਦਾ ਹੈ, ਜਿਸ ਅਧੀਨ ਉਹ ਪ੍ਰੀਸ਼ਦ ਨੂੰ ਦਿੱਤਾ ਜਾਣ ਵਾਲਾ ਖ਼ਰਚਾ ਬੰਦ ਕਰਕੇ ਇਸ ਇਮਾਰਤ ਵਿਚ ਆਪਣਾ ਸਰਕਾਰੀ ਅਮਲਾ ਬਿਠਾ ਦੇਵੇ। ਅਜਿਹੇ ਅਮਲ ਨਾਲ ਐਮ.ਐਸ. ਰੰਧਾਵਾ ਦੀ ਸਥਾਪਤ ਕੀਤੀ ਪੰਜਾਬ ਆਰਟਸ ਕੌਂਸਲ ਦੀ ਹੋਂਦ ਹੀ ਖ਼ਤਮ ਹੋ ਜਾਵੇਗੀ। ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਰਸੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਉਂਜ ਇਸ ਦਾ ਨਿਪਟਾਰਾ ਫਾਊਂਡੇਸ਼ਨ ਤੇ ਪ੍ਰੀਸ਼ਦ ਦੇ ਦੋਵੇਂ ਚੇਅਰਮੈਨ ਆਪਣੇ ਪੱਧਰ 'ਤੇ ਵੀ ਕਰ ਸਕਦੇ ਹਨ। ਪੰਜਾਬੀ ਜਗਤ ਧੰਨਵਾਦੀ ਹੋਵੇਗਾ।
ਸ਼ਹੀਦ ਭਗਤ ਸਿੰਘ ਦਾ ਵਿੱਦਿਅਕ ਸਰਟੀਫਿਕੇਟ
ਮੇਰੇ ਪਰਿਵਾਰ ਦਾ ਸ਼ਹੀਦ ਭਗਤ ਸਿੰਘ ਨਾਲ ਨਾਤਾ ਉਸ ਦੇ ਸੰਧੂ ਹੋਣ ਕਾਰਨ ਨਹੀਂ, ਸਗੋਂ ਉਸ ਵੇਲੇ ਦੇ ਸੀ.ਆਈ.ਡੀ. ਇੰਸਪੈਕਟਰ ਗੋਪਾਲ ਸਿੰਘ ਸਦਕਾ ਹੈ, ਜਿਹੜਾ ਭਗਤ ਸਿੰਘ ਦੇ ਜਿਊਂਦੇ ਜੀਅ ਨੰਗੇ ਸਿਰ ਮੰਜੀ 'ਤੇ ਬੈਠੇ ਭਗਤ ਸਿੰਘ ਨਾਲ ਗੱਲਾਂ ਕਰਦਿਆਂ ਦੇਖਿਆ ਜਾ ਸਕਦਾ ਹੈ। ਸਰਦਾਰ ਸਾਹਿਬ ਮੇਰੀ ਜੀਵਨ ਸਾਥਣ ਦੇ ਦਾਦਾ ਜੀ ਸਨ। ਗੋਪਾਲ ਸਿੰਘ ਨੇ ਇਹ ਤਸਵੀਰ ਉਨ੍ਹਾਂ ਦਿਨਾਂ ਵਿਚ ਭਗਤ ਸਿੰਘ ਦੀ ਪਛਾਣ ਲਈ ਆਪਣੇ ਕੋਲ ਰਖਵਾਈ ਸੀ। ਇਹ ਤਸਵੀਰ ਉਸ ਤਸਵੀਰ ਨਾਲੋਂ ਵੀ ਵੱਧ ਪ੍ਰਚੱਲਤ ਹੈ, ਜਿਸ ਵਿਚ ਪਗੜੀ ਧਾਰੀ ਭਗਤ ਸਿੰਘ ਕਿਸੇ ਨਾਟਕ ਜਾਂ ਹੋਰ ਖੇਡ ਵਿਚ ਹਿੱਸਾ ਲੈ ਚੁੱਕਿਆ ਸੀ। ਮੈਂ ਕੱਲ੍ਹ ਤੱਕ ਉਸ ਦੀਆਂ ਸਰਗਮੀਆਂ ਤੇ ਉਪਰੋਕਤ ਦੱਸੀਆਂ ਦੋ ਤਸਵੀਰਾਂ ਤੋਂ ਹੀ ਜਾਣੂ ਸਾਂ। ਮੇਰੇ ਮਿੱਤਰ ਸਰਵਣ ਸਿੰਘ ਨੇ ਹੁਣ ਮੈਨੂੰ ਭਗਤ ਸਿੰਘ ਦੇ ਉਸ ਸਰਟੀਫਿਕੇਟ ਦੀ ਨਕਲ ਭੇਜੀ ਹੈ, ਜਿਸ ਵਿਚ ਭਗਤ ਸਿੰਘ ਦੇ ਵੱਖ-ਵੱਖ ਵਿਸ਼ਿਆਂ ਵਿਚ ਲਏ ਨੰਬਰ ਹੀ ਨਹੀਂ, ਸਰਟੀਫਿਕੇਟ ਦੇ ਉੱਪਰ ਉਸ ਦੀ ਫਿਫਟੀ ਵਾਲੀ ਪਗੜੀ ਬੱਧੀ ਮਿਲਦੀ ਹੈ। ਇਸ ਵਿਚ ਭਗਤ ਸਿੰਘ ਦੇ ਨੈਣ-ਨਕਸ਼ ਦੂਜੀਆਂ ਦੋ ਤਸਵੀਰਾਂ ਨਾਲੋਂ ਵੱਧ ਉੱਘੜਵੇਂ ਤੇ ਸੋਹਣੇ ਹਨ। ਮਿਡਲ ਪਾਸ ਕਰਨ ਤੱਕ ਉਹ ਗੌਰਮਿੰਟ ਮਿਡਲ ਸਕੂਲ, ਲਾਹੌਰ ਦਾ ਵਿਦਿਆਰਥੀ ਸੀ ਤੇ ਉਸ ਦੇ ਸਰਟੀਫਿਕੇਟ ਅਨੁਸਾਰ ਉਸ ਦੇ ਕਿਸੇ ਵਿਸ਼ੇ 'ਚ 100 'ਚੋਂ 72 ਨੰਬਰਾਂ 'ਚੋਂ ਘੱਟ ਨਹੀਂ ਸੀ ਆਏ। 72 ਨੰਬਰਾਂ ਵਾਲਾ ਵਿਸ਼ਾ ਅੰਗਰੇਜ਼ੀ ਸੀ ਤੇ 100 'ਚੋਂ 75 ਤੋਂ 88 ਨੰਬਰ ਵਾਲੇ ਵਿਸ਼ੇ ਹਿੰਦੀ, ਪੰਜਾਬੀ, ਜਿਓਗਰਫੀ, ਹਿਸਾਬ, ਸਾਇੰਸ, ਡਰਾਇੰਗ, ਡਰਿੱਲ ਤੇ ਚਾਲ-ਚਲਣ ਸਨ। ਇਹ ਸਰਟੀਫਿਕੇਟ ਸੀ.ਆਈ.ਡੀ. ਵਾਲੀ ਫੋਟੋ ਨੂੰ ਵੀ ਮਾਤ ਪਾਉਂਦਾ ਹੈ, ਜਿਹੜੀ ਚੋਣਵੇਂ ਦਫ਼ਤਰਾਂ ਤੇ ਘਰਾਣਿਆਂ ਵਿਚ ਆਮ ਦੇਖੀ ਜਾ ਸਕਦੀ ਹੈ।
ਅੰਤਿਕਾ
ਦਰਸ਼ਨ ਬੁੱਟਰ
ਕੋਈ ਚਾਮ੍ਹਲ ਚਾਮ੍ਹਲ ਕੇ
ਖਰਚ ਲੈਂਦਾ ਹੈ ਜ਼ਿੰਦਗੀ
ਕੋਈ ਸੰਭਲ ਸੰਭਲ ਕੇ
ਮੌਤ ਸੰਭਾਲ ਲੈਂਦਾ ਹੈ।
ਈਮੇਲ : sandhugulzar@yahoo.com