ਤਾਮਿਲਨਾਡੂ ਦੀ ਰਾਜਨੀਤੀ ਵਿਚ 2026 ਦੀਆਂ ਵਿਧਾਨ ਸਭਾ ਚੋਣਾਂ ਇਕ ਇਤਿਹਾਸਕ ਮੋੜ ਸਿੱਧ ਹੋਈਆਂ ਹਨ। ਅਦਾਕਾਰ ਤੋਂ ਨੇਤਾ ਬਣੇ ਸੀ. ਜੋਸਫ਼ ਵਿਜੇ (ਵਿਜੇ ਥਲਾਪਤੀ) ਦੀ ਪਾਰਟੀ ਤਮਿਲਗਾ ਵੇਤਰੀ ਕਜ਼ਗਮ (ਟੀ.ਵੀ.ਕੇ.) 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ 'ਚ 108 ਸੀਟਾਂ ਪ੍ਰਾਪਤ ਕਰਕੇ ਸਭ ਤੋਂ ਵੱਡੀ ਤਾਕਤ ਵਜੋਂ ਉੱਭਰ ਕੇ ਸਾਹਮਣੇ ਆਈ, ਜਿਸ ਨੇ ਇੱਥੋਂ ਦੇ ਚੋਣ ਸਮੀਕਰਨਾਂ ਨੂੰ ਬਦਲਦਿਆਂ ਪਿਛਲੇ 6 ਦਹਾਕਿਆਂ ਤੋਂ ਸੂਬੇ ਦੀ ਰਾਜਨੀਤੀ 'ਤੇ ਕਾਬਜ਼ ਦ੍ਰਾਵਿੜ ਪਾਰਟੀਆਂ ਦੇ ਆਧਾਰ ਨੂੰ ਵੱਡੀ ਚੁਣੌਤੀ ਦਿੱਤੀ ਹੈ। ਹਾਲਾਂਕਿ ਟੀ.ਵੇ.ਕੇ. ਨੂੰ ਪੂਰਨ ਬਹੁਮਤ ਲਈ 10 ਸੀਟਾਂ ਦੀ ਘਾਟ ਸੀ, ਪਰ ਬਾਅਦ 'ਚ ਪੰਜ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਸੀ.ਪੀ.ਆਈ., ਸੀ.ਪੀ.ਆਈ. (ਐਮ), ਵੀ.ਸੀ.ਕੇ. ਤੇ ਆਈ.ਯੂ.ਐਮ.ਐਲ. ਦੇ ਦੋ-ਦੋ ਵਿਧਾਇਕਾਂ ਨੇ ਵੀ ਟੀ.ਵੀ.ਕੇ. ਨੂੰ ਆਪਣਾ ਸਮਰਥਨ ਦੇ ਦਿੱਤਾ। ਇਸ ਮਗਰੋਂ ਵਿਜੇ ਨੂੰ ਬਹੁਮਤ ਸਾਬਿਤ ਕਰਨ ਸਮੇਂ ਅੰਨਾ ਡੀ.ਐਮ.ਕੇ. ਦੇ ਇਕ ਧੜੇ ਦਾ ਵੀ ਸਾਥਾ ਮਿਲ ਗਿਆ, ਜਿਸ ਨਾਲ ਉਸ ਨੂੰ ਕੁੱਲ 144 ਵਿਧਾਇਕਾਂ ਦਾ ਸਮਰਥਨ ਹਾਸਿਲ ਹੋ ਗਿਆ ਅਤੇ ਤਾਮਿਲਨਾਡੂ ਵਿਚ ਉਸ ਦੀ ਸਰਕਾਰ ਬਣ ਗਈ।
ਹਾਲਾਂਕਿ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਤੋਂ ਬਾਅਦ 29 ਅਪ੍ਰੈਲ 2026 ਨੂੰ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਜਾਰੀ ਹੋਏ ਐਗਜ਼ਿਟ ਪੋਲ ਵਿਚ ਇਕੋ ਇਕ ਪੋਲਿੰਗ ਏਜੰਸੀ 'ਐਕਸੈਸ ਮਾਈ ਇੰਡੀਆ' ਨੇ ਤਾਮਿਲਨਾਡੂ ਦੀ ਰਾਜਨੀਤੀ 'ਚ ਉਲਟਫੇਰ ਦੀ ਭਵਿੱਖਬਾਣੀ ਕਰਦਿਆਂ ਕਿਹਾ ਸੀ ਕਿ ਟੀ.ਵੀ.ਕੇ. ਕਿੰਗਮੇਕਰ ਦੀ ਬਜਾਏ ਖ਼ੁਦ 'ਕਿੰਗ' ਬਣ ਕੇ ਉੱਭਰ ਸਕਦੀ ਹੈ। ਇਸ ਨੇ ਟੀ.ਵੀ.ਕੇ. ਨੂੰ 98 ਤੋਂ 120 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ, ਜਦਕਿ ਬਾਕੀ ਪੋਲਿੰਗ ਏਜੰਸੀਆਂ ਨੇ 1 ਤੋਂ 6 ਸੀਟਾਂ ਤੱਕ ਦਿੱਤੀਆਂ ਸਨ। ਲੋਕ 'ਐਕਸੈਸ ਮਾਈ ਇੰਡੀਆ' ਦੀ ਰਾਇ ਨੂੰ ਪੱਖਪਾਤੀ ਮੰਨਦਿਆਂ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ। ਪਰ ਜਦੋਂ 4 ਮਈ 2026 ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਟੀ.ਵੀ.ਕੇ. ਬਾਰੇ ਉਕਤ ਏਜੰਸੀ ਦੀ ਭਵਿੱਖਬਾਣੀ ਪਹਿਲੇ 30 ਮਿੰਟਾਂ 'ਚ ਹੀ ਸੱਚ ਸਾਬਤ ਹੋਣ ਲੱਗੀ ਤੇ ਦੁਪਹਿਰ 12 ਵਜੇ ਤੱਕ ਵਿਜੇ ਦੀ ਪਾਰਟੀ ਦੇਸ਼ ਭਰ 'ਚ ਚਰਚਾ ਦਾ ਵਿਸ਼ਾ ਬਣ ਗਈ ਸੀ।
ਚੋਣ ਨਤੀਜਿਆਂ ਦੇ ਉੱਘੇ ਵਿਸ਼ਲੇਸ਼ਣਕਾਰ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਟੀ.ਵੀ.ਕੇ. ਨੇ ਤਾਮਿਲ ਰਾਜਨੀਤੀ 'ਚ ਅਜਿਹੀ ਉਥਲ-ਪੁਥਲ ਮਚਾ ਦਿੱਤੀ ਹੈ ਕਿ ਆਮ ਚੋਣ ਵਿਸ਼ਲੇਸ਼ਕ ਇਸ ਬਾਰੇ ਸੋਚ ਵੀ ਨਹੀਂ ਸੀ ਸਕਦਾ। ਬਿਨਾਂ ਸ਼ੱਕ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿਚ ਟੀ.ਵੀ.ਕੇ. ਦੀ ਇਹ ਜਿੱਤ ਬੇਮਿਸਾਲ ਹੈ ਕਿਉਂਕਿ ਇਹ ਪਾਰਟੀ ਸਿਰਫ਼ 2 ਸਾਲ ਪਹਿਲਾਂ ਹੋਂਦ ਵਿਚ ਆਈ ਹੈ। ਵਿਜੇ ਨੇ ਆਪਣੀ ਪਹਿਲੀ ਚੋਣ ਦੌਰਾਨ ਹੀ ਅਜਿਹਾ ਇਤਿਹਾਸ ਰਚ ਦਿੱਤਾ ਕਿ ਤਜਰਬੇਕਾਰ ਚੋਣ ਮਾਹਿਰਾਂ ਨੂੰ ਪਾਰਟੀ ਦੀ ਕਾਮਯਾਬੀ ਨੂੰ ਸਮਝਣ ਲਈ ਆਪਣੇ ਸਿਧਾਂਤਾਂ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਹੋਣਾ ਪਿਆ। ਟੀ.ਵੀ.ਕੇ. ਤਾਮਿਲਨਾਡੂ 'ਚ 234 'ਚੋਂ 108 ਸੀਟਾਂ ਜਿੱਤ ਕੇ ਤੇ 34.92 ਫ਼ੀਸਦੀ ਵੋਟਾਂ ਪ੍ਰਾਪਤ ਕਰਕੇ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਵਜੋਂ ਉੱਭਰੀ, ਜਦਕਿ ਸੱਤਾਧਾਰੀ ਦ੍ਰਾਵਿੜ ਮੁਨੇਤਰ ਕਜ਼ਗਮ (ਡੀ.ਐਮ.ਕੇ.) ਨੇ 59 ਸੀਟਾਂ ਅਤੇ ਅੰਨਾ ਡੀ.ਐਮ.ਕੇ. (ਏ.ਆਈ.ਏ.ਡੀ.ਐਮ.ਕੇ) ਗਠਜੋੜ ਨੇ ਕੁੱਲ 47 ਸੀਟਾਂ ਜਿੱਤੀਆਂ। 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਅੰਨਾ ਡੀ.ਐਮ.ਕੇ ਨੇ 66 ਤੇ ਡੀ.ਐਮ.ਕੇ. ਨੇ 133 ਸੀਟਾਂ ਜਿੱਤੀਆਂ ਸਨ। ਇਸ ਵਾਰ ਡੀ.ਐਮ.ਕੇ. ਨੂੰ 24 ਫ਼ੀਸਦੀ, ਅੰਨਾ ਡੀ.ਐਮ.ਕੇ ਨੂੰ 21 ਫ਼ੀਸਦੀ, ਕਾਂਗਰਸ ਤੇ ਭਾਜਪਾ ਨੂੰ 3-3 ਫ਼ੀਸਦੀ ਅਤੇ ਬਾਕੀ ਸਭ ਨੂੰ ਲਗਭਗ 13.5 ਫ਼ੀਸਦੀ ਵੋਟਾਂ ਮਿਲੀਆਂ ਹਨ।
ਅਦਾਕਾਰ ਤੋਂ ਸਿਆਸਤਦਾਨ ਬਣੇ ਥਾਲਾਪਤੀ ਵਿਜੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜਨੀਤੀ ਦੀ ਇਕ ਸਫਲ ਕਹਾਣੀ ਲਿਖ ਦਿੱਤੀ ਹੈ। ਉਹ ਸੂਬੇ ਦੀ ਰਾਜਨੀਤੀ ਵਿਚ ਡੀ.ਐਮ.ਕੇ. ਤੇ ਅੰਨਾ ਡੀ.ਐਮ.ਕੇ. ਦੇ ਇਕ ਮਜ਼ਬੂਤ ਬਦਲ ਵਜੋਂ ਉੱਭਰ ਕੇ ਜਨਤਕ ਇੱਛਾਵਾਂ ਦਾ ਇਕ ਨਵਾਂ ਕੇਂਦਰ ਬਣ ਗਿਆ ਹੈ। ਪਰ ਵੱਡਾ ਸਵਾਲ ਇਹ ਹੈ ਕਿ ਉਸ ਨੇ ਇਹ ਸਫ਼ਲਤਾ ਕਿਵੇਂ ਪ੍ਰਾਪਤ ਕੀਤੀ? ਦਰਅਸਲ ਉਸ ਦੀ ਰਣਨੀਤੀ ਨੌਜਵਾਨ ਵੋਟਰਾਂ 'ਤੇ ਧਿਆਨ ਕੇਂਦਰਿਤ ਹੋਣਾ, ਭ੍ਰਿਸ਼ਟਾਚਾਰ ਵਿਰੋਧੀ ਅਕਸ ਅਤੇ ਉਸ ਦੀ ਅਦਾਕਾਰ ਵਜੋਂ ਪ੍ਰਸਿੱਧੀ ਇਸ ਸਫ਼ਲਤਾ ਦਾ ਇਕ ਮਿਲਗੋਭਾ ਹੈ। ਉਹ ਤਾਮਿਲਨਾਡੂ ਦੀ ਰਾਜਨੀਤੀ 'ਚ ਵਿਸ਼ਵਾਸ ਤੇ ਬਦਲਾਅ ਦੇ ਪ੍ਰਤੀਕ ਵਜੋਂ ਉਭਰਿਆ ਹੈ। ਉਸ ਦੀ ਭਾਵਨਾਤਮਕ ਅਪੀਲ ਤੇ ਠੋਸ ਵਾਅਦਿਆਂ ਨੇ ਵੋਟਰਾਂ ਨੂੰ ਆਪਣੇ ਵੱਲ ਖਿੱਚਿਆ ਹੈ। ਦਰਅਸਲ ਸੂਬੇ ਦੇ ਵੋਟਰ ਐਮ.ਕੇ. ਸਟਾਲਿਨ ਦੀ ਤਾਨਾਸ਼ਾਹੀ ਰਾਜਨੀਤੀ ਦੇ ਬਦਲ ਦੀ ਭਾਲ ਕਰ ਰਹੇ ਸਨ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਦ੍ਰਾਵਿੜ ਰਾਜਨੀਤੀ ਤਾਮਿਲਨਾਡੂ 'ਚੋਂ ਅਲੋਪ ਹੋ ਜਾਵੇਗੀ? ਪਰ ਅਜਿਹੀ ਕੋਈ ਵੀ ਭਵਿੱਖਬਾਣੀ ਬਹੁਤ ਜਲਦਬਾਜ਼ੀ ਹੋਵੇਗੀ ਕਿਉਂਕਿ 1967 ਦੇ ਬਾਅਦ ਤੋਂ ਦ੍ਰਾਵਿੜ ਰਾਜਨੀਤੀ ਸੂਬੇ 'ਚ ਤਾਮਿਲ ਪਛਾਣ ਵਜੋਂ ਹੀ ਨਹੀਂ ਉੱਭਰੀ, ਸਗੋਂ ਹੁਣ ਤੱਕ ਕਦੇ ਕਿਸੇ ਨੇ ਇਸ ਤੋਂ ਪਰ੍ਹੇ ਸੋਚਿਆ ਵੀ ਨਹੀਂ ਸੀ। ਸੂਬੇ 'ਚੋਂ ਦ੍ਰਾਵਿੜ ਰਾਜਨੀਤੀ ਨੂੰ ਅਚਾਨਕ ਉਖਾੜਿਆ ਨਹੀਂ ਜਾ ਸਕਦਾ ਕਿਉਂਕਿ ਸੂਬੇ 'ਚ ਦ੍ਰਾਵਿੜ ਵਿਚਾਰਧਾਰਾ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ। ਪਰ ਟੀ.ਵੀ.ਕੇ. ਨੇ ਸੂਬੇ 'ਚ ਸੱਤਾ ਦੀ ਦਾਅਵੇਦਾਰ ਵਜੋਂ ਉੱਭਰ ਕੇ ਡੀ.ਐਮ.ਕੇ. ਤੇ ਅੰਨਾ ਡੀ.ਐਮ.ਕੇ. ਨੂੰ ਹੈਰਾਨ ਜ਼ਰੂਰ ਕੀਤਾ ਹੈ। ਜੇਕਰ ਟੀ.ਵੀ.ਕੇ. ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹਿੰਦੀ ਹੈ ਤੇ ਬਦਲਾਅ ਦੇ ਇਸ ਦੇ ਵੱਡੇ-ਵੱਡੇ ਦਾਅਵੇ ਸਿਰਫ਼ ਚੋਣ ਦਾਅਵੇ ਸਾਬਤ ਹੁੰਦੇ ਹਨ ਤਾਂ ਕਿਸੇ ਨੂੰ ਵੀ ਇਹ ਕਹਿਣ ਤੋਂ ਗੁਰੇਜ਼ ਨਹੀਂ ਹੋਵੇਗਾ ਕਿ ਇਨ੍ਹਾਂ ਚੋਣਾਂ ਦੌਰਾਨ ਤਾਮਿਲਨਾਡੂ 'ਚ ਉੱਭਰੇ ਵਿਜੇ ਦਾ ਹਾਲ ਵੀ ਅਰਵਿੰਦ ਕੇਜਰੀਵਾਲ ਵਰਗਾ ਹੀ ਹੋਵੇਗਾ, ਜੋ ਦਿੱਲੀ ਦੀ ਰਾਜਨੀਤੀ 'ਚ ਇਕ ਸੂਰਜ ਵਾਂਗ ਚਮਕੇ ਸਨ। ਫਿਰ ਵੀ ਤਾਮਿਲਨਾਡੂ ਦੀ ਰਾਜਨੀਤੀ 'ਚ ਡੂੰਘੀਆਂ ਜੜ੍ਹਾਂ ਵਾਲੀ ਦ੍ਰਾਵਿੜ ਰਾਜਨੀਤੀ ਨੂੰ ਚੁਣੌਤੀ ਦੇਣ ਦਾ ਸਿਹਰਾ ਤਾਂ ਵਿਜੇ ਨੂੰ ਹੀ ਦੇਣਾ ਪਵੇਗਾ, ਜਿਸ ਨੇ ਸੂਬੇ ਦੇ ਲੋਕਾਂ ਨੂੰ ਇਕ ਨਵਾਂ ਸੁਪਨਾ ਤੇ ਇਕ ਨਵਾਂ ਬਦਲ ਦਿੱਤਾ ਹੈ। ਦਰਅਸਲ ਪਹਿਲਾਂ ਕਦੇ ਵੀ ਕੋਈ ਸਿਆਸੀ ਪਾਰਟੀ ਟੀ.ਵੀ.ਕੇ. ਵਾਂਗ ਆਪਣੀ ਪਹਿਲੀ ਹੀ ਕੋਸ਼ਿਸ਼ 'ਚ ਸਿੱਧੀ ਸੱਤਾ ਦੇ ਕੇਂਦਰ ਤੱਕ ਨਹੀਂ ਪਹੁੰਚ ਸਕੀ।
ਇਹ ਸਿਰਫ਼ ਵਿਜੇ ਦੀ ਸਟਾਰ ਪਾਵਰ ਦੀ ਜਿੱਤ ਨਹੀਂ, ਸਗੋਂ ਉਸ ਦਾ ਵੋਟਰਾਂ ਨਾਲ ਸਹੀ ਅਰਥਾਂ 'ਚ ਰਾਜਨੀਤਕ ਰਾਬਤਾ ਵੀ ਬਹੁਤ ਅਹਿਮ ਰਿਹਾ ਹੈ ਅਤੇ ਇਸ ਨੂੰ ਸਿਰਫ਼ ਇਕ ਪਲ ਦਾ ਆਕਰਸ਼ਨ ਕਹਿਣਾ ਵੀ ਜਲਦਬਾਜ਼ੀ ਹੋਵੇਗਾ। ਦਰਅਸਲ ਦੋ ਸਾਲ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ ਤੇ ਵੋਟਰ ਵੀ ਕੋਈ ਘੱਟ ਸਮਝਦਾਰ ਨਹੀਂ ਹੁੰਦੇ। ਆਖ਼ਰਕਾਰ ਪਿਛਲੇ ਦੋ ਸਾਲਾਂ ਦੌਰਾਨ ਤਾਮਿਲਨਾਡੂ ਦੇ ਵੋਟਰਾਂ ਨੇ ਵਿਜੇ ਵਿਚ ਕੁਝ ਤਾਂ ਅਜਿਹਾ ਜ਼ਰੂਰ ਦੇਖਿਆ ਹੋਵੇਗਾ, ਜੋ ਸਾਰੇ ਸਥਾਪਿਤ ਸਿਆਸਤਦਾਨਾਂ 'ਤੇ ਭਾਰੀ ਪਿਆ ਹੈ। ਇਸੇ ਲਈ ਟੀ.ਵੀ.ਕੇ. ਨੇ ਇਕ ਇਤਿਹਾਸਕ ਜਿੱਤ ਪ੍ਰਾਪਤ ਕਰਦਿਆਂ ਸਫ਼ਲਤਾ ਦੀ ਇਕ ਅਜਿਹੀ ਕਹਾਣੀ ਲਿਖੀ ਹੈ, ਜਿਸ ਨੂੰ ਪੂਰਾ ਦੇਸ਼ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ।
-(ਲੇਖਕ ਸੀਨੀਅਰ ਕਾਲਮਨਵੀਸ ਹਨ।)
-ਇਮੇਜ ਰਿਫਲਿਕਸ਼ਨ ਸੈਂਟਰ