ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਤੋਂ ਬਾਅਦ ਦੇਸ਼ ਦੀ ਵੰਡ ਉਸ ਸਮੇਂ ਸਿਰਜੇ ਜਾ ਚੁੱਕੇ ਕਿਸ ਤਰ੍ਹਾਂ ਦੇ ਮਾਹੌਲ ਅਤੇ ਕਿਸ ਤਰ੍ਹਾਂ ਦੇ ਹਾਲਾਤ ਵਿਚ ਹੋਈ, ਇਸ ਬਾਰੇ ਹੁਣ ਤੱਕ ਬਹੁਤ ਕੁਝ ਬੋਲਿਆ ਅਤੇ ਲਿਖਿਆ ਗਿਆ ਹੈ, ਜੋ ਸੈਂਕੜੇ ਹੀ ਕਿਤਾਬਾਂ ਵਿਚ ਦਰਜ ਹੋ ਚੁੱਕਾ ਹੈ, ਪਰ 1947 ਦੀ ਇਸ ਵੰਡ ਤੋਂ ਬਾਅਦ ਕਸ਼ਮੀਰ ਦੇ ਮਸਲੇ 'ਤੇ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਦੀ ਵਾਰਤਾ ਪਿਛਲੇ ਸਾਰੇ ਦਹਾਕਿਆਂ ਦੌਰਾਨ ਜਾਰੀ ਰਹੀ ਹੈ। ਇਸ ਮਸਲੇ 'ਤੇ ਹੁਣ ਤੱਕ ਦੋਵਾਂ ਦੇਸ਼ਾਂ ਦੇ ਅਰਬਾਂ-ਖ਼ਰਬਾਂ ਰੁਪਏ ਖ਼ਰਚ ਹੋ ਚੁੱਕੇ ਹਨ। ਲੱਖਾਂ ਹੀ ਜਾਨਾਂ ਇਸ ਦੀ ਬਲੀ ਚੜ੍ਹ ਚੁੱਕੀਆਂ ਹਨ। ਦੋਵਾਂ ਦੇਸ਼ਾਂ ਨੂੰ ਕਈ ਤਬਾਹਕੁੰਨ ਲੜਾਈਆਂ 'ਚੋਂ ਗੁਜ਼ਰਨਾ ਪਿਆ ਹੈ, ਪਰ ਇਹ ਦੁਖਦਾਈ ਦਾਸਤਾਨ ਲੰਮੀ ਹੀ ਹੁੰਦੀ ਗਈ ਹੈ।
ਇਸ ਬਾਰੇ ਵੀ ਨਿਸਚਿਤ ਰੂਪ ਵਿਚ ਕੁਝ ਨਹੀਂ ਕਿਹਾ ਜਾ ਸਕਦਾ ਕਿ ਆਉਂਦੇ ਕਿੰਨੇ ਸਮੇਂ ਤੱਕ ਇਹ ਸਥਿਤੀ ਜਾਰੀ ਰਹੇਗੀ ਅਤੇ ਦੋਵਾਂ ਮੁਲਕਾਂ ਨੂੰ ਹੋਰ ਕਿੰਨੇ ਨੁਕਸਾਨ ਦਾ ਭਾਗੀ ਬਣਨਾ ਪਵੇਗਾ। ਦੋਵਾਂ ਦੇਸ਼ਾਂ ਵਿਚ ਹੀ ਅੱਜ ਕਰੋੜਾਂ ਲੋਕ ਅਜਿਹੇ ਹਨ, ਜੋ ਹੇਠਲੀ ਪੱਧਰ ਦਾ ਜੀਵਨ ਜੀਅ ਰਹੇ ਹਨ ਅਤੇ ਗੁਰਬਤ ਦੇ ਚੱਕਰਵਿਊ ਵਿਚ ਫਸੇ ਹੋਏ ਹਨ। ਪਾਕਿਸਤਾਨ ਅਜਿਹਾ ਅਭਾਗਾ ਦੇਸ਼ ਹੈ ਜੋ ਲੰਮੇ ਸਮੇਂ ਤੱਕ ਫ਼ੌਜੀ ਤਾਨਾਸ਼ਾਹਾਂ ਦੇ ਕਦਮਾਂ ਹੇਠ ਲਤਾੜਿਆ ਜਾਂਦਾ ਰਿਹਾ ਹੈ। ਸਮੇਂ-ਸਮੇਂ ਇਸ ਵਿਚ ਪੈਦਾ ਹੋਏ ਹਾਲਾਤ ਕਾਰਨ ਇਹ ਅੱਤਵਾਦੀ ਸੰਗਠਨਾਂ ਦਾ ਗੜ੍ਹ ਬਣ ਗਿਆ। ਅਨਿਸਚਿਤ ਸਿਆਸਤ ਅਤੇ ਬੇਕਾਬੂ ਫ਼ੌਜ ਦੀਆਂ ਨੀਤੀਆਂ ਕਾਰਨ ਇਹ ਅੱਜ ਦੁਨੀਆ ਭਰ ਵਿਚ ਝੋਲੀ ਅੱਡਣ ਲਈ ਮਜਬੂਰ ਹੋ ਚੁੱਕਾ ਹੈ। ਫ਼ੌਜੀ ਤਾਨਾਸ਼ਾਹਾਂ ਦੀਆਂ ਨੀਤੀਆਂ ਨੇ ਭਾਰਤ ਨਾਲ ਇਸ ਦੀ ਦੁਸ਼ਮਣੀ ਨੂੰ ਲਗਾਤਾਰ ਵਧਾਇਆ ਹੈ। ਜਦੋਂ ਤੋਂ ਆਪਣੀ ਸ਼ਰਨ ਵਿਚ ਆਏ ਅਤੇ ਪਾਲੇ-ਪਲੋਸੇ ਅੱਤਵਾਦੀ ਸੰਗਠਨਾਂ ਨੂੰ ਇਸ ਨੇ ਭਾਰਤ ਵਿਰੁੱਧ ਵਰਤਣਾ ਅਤੇ ਇਸ ਨੂੰ ਲਗਾਤਾਰ ਲਹੂ-ਲੁਹਾਨ ਕਰਨਾ ਜਾਰੀ ਰੱਖਿਆ ਹੋਇਆ ਹੈ, ਉਸ ਸਮੇਂ ਤੋਂ ਹੀ ਨਾ ਸਿਰਫ਼ ਦੋਵਾਂ ਵਿਚ ਆਪਸੀ ਖਿਚਾਅ ਵਧਦਾ ਆਇਆ ਹੈ, ਸਗੋਂ ਇਨ੍ਹਾਂ ਨੀਤੀਆਂ ਨਾਲ ਦੋਵਾਂ ਵਿਚ ਫ਼ੌਜੀ ਟਕਰਾਅ ਵੀ ਪੈਦਾ ਹੋਏ ਹਨ। ਇਸ ਲੰਮੀ ਅਤੇ ਦੁੱਖ ਭਰੀ ਵਾਰਤਾ ਦੇ ਦੋਵਾਂ ਦੇਸ਼ਾਂ ਵਿਚ ਕਰੋੜਾਂ ਹੀ ਗਵਾਹ ਹਨ, ਜੋ ਕਿਸੇ ਨਾ ਕਿਸੇ ਰੂਪ ਵਿਚ ਇਸ ਦੁਖਾਂਤ ਨੂੰ ਹੰਢਾਅ ਰਹੇ ਹਨ।
ਇਸੇ ਹੀ ਕੜੀ ਵਿਚ ਸਾਲ ਕੁ ਭਰ ਪਹਿਲਾਂ 22 ਅਪ੍ਰੈਲ, 2025 ਨੂੰ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੇ ਪਹਿਲਗਾਮ ਦੀ ਖੂਨੀ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਸ ਵਿਚ 25 ਸੈਲਾਨੀਆਂ ਅਤੇ ਇਕ ਗਾਈਡ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਭਾਰਤ ਸਾਹਮਣੇ ਇਕ ਵਾਰ ਫਿਰ ਇਸ ਮੁਹਾਜ਼ 'ਤੇ ਇਹ ਗੰਭੀਰ ਚੁਣੌਤੀ ਆ ਖੜ੍ਹੀ ਹੋਈ ਸੀ, ਜਿਸ ਦਾ ਜਵਾਬ ਉਸ ਨੇ ਕੁਝ ਦਿਨਾਂ ਬਾਅਦ ਹੀ 7 ਮਈ ਨੂੰ 'ਆਪ੍ਰੇਸ਼ਨ ਸੰਧੂਰ' ਦੇ ਨਾਂਅ 'ਤੇ ਦਿੱਤਾ ਸੀ। ਇਸ ਦੇ ਪ੍ਰਤੀਕਰਮ ਵਜੋਂ ਪਾਕਿਸਤਾਨ ਨਾਲ ਸਿੱਧੀ ਲੜਾਈ ਸਹੇੜਨ ਦੀ ਥਾਂ 'ਤੇ ਭਾਰਤੀ ਹਵਾਈ ਫ਼ੌਜ ਨੇ ਸਰਹੱਦੋਂ ਪਾਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਅਤੇ ਉੱਥੋਂ ਦੇ ਪੰਜਾਬ ਵਿਚ 9 ਅੱਤਵਾਦੀ ਟਿਕਾਣਿਆਂ 'ਤੇ ਹਮਲੇ ਕੀਤੇ ਸਨ। ਬੜੇ ਯੋਜਨਾਬੱਧ ਢੰਗ ਨਾਲ ਮਿਜ਼ਾਈਲਾਂ ਨਾਲ ਇਹ ਹਮਲੇ ਕੀਤੇ ਗਏ ਸਨ, ਜਿਨ੍ਹਾਂ ਵਿਚ ਅੱਤਵਾਦੀ ਸੰਗਠਨਾਂ 'ਜੈਸ਼-ਏ-ਮੁਹੰਮਦ' ਅਤੇ 'ਲਸ਼ਕਰ-ਏ-ਤਾਇਬਾ' ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਤਿੰਨ ਦਿਨ ਤੱਕ ਇਹ ਕਾਰਵਾਈ ਜਾਰੀ ਰਹੀ ਸੀ, ਜਿਨ੍ਹਾਂ ਵਿਚ ਮੁਜ਼ਫ਼ਰਾਬਾਦ, ਕੋਟਲੀ, ਬਹਾਵਲਪੁਰ, ਮੁਰੀਦ ਕੇ ਅਤੇ ਕੁਝ ਹੋਰ ਥਾਵਾਂ 'ਤੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਤਿੰਨ ਦਿਨਾਂ ਬਾਅਦ ਹੀ ਭਾਵ 10 ਮਈ ਨੂੰ ਪਾਕਿਸਤਾਨ ਵਲੋਂ ਲੜਾਈ ਬੰਦ ਕਰਨ ਦਾ ਸੁਨੇਹਾ ਆ ਗਿਆ ਸੀ।
'ਆਪ੍ਰੇਸ਼ਨ ਸੰਧੂਰ' ਨੂੰ ਬੇਹੱਦ ਯੋਜਨਾਬੱਧ ਢੰਗ ਨਾਲ ਅਤੇ ਪਹਿਲਾਂ ਹੀ ਨਿਸ਼ਾਨੇ ਮਿੱਥ ਕੇ ਸਿਰੇ ਚੜ੍ਹਾਇਆ ਗਿਆ ਸੀ। ਅਜਿਹੇ ਢੰਗ ਦੀ ਕਾਰਵਾਈ ਨਾਲ ਪਾਕਿਸਤਾਨ ਬੁਰੀ ਤਰ੍ਹਾਂ ਬੌਖ਼ਲਾ ਗਿਆ ਸੀ, ਪਰ ਇਸ ਦੌਰਾਨ ਭਾਰਤ ਨੇ ਦ੍ਰਿੜ੍ਹਤਾ ਅਤੇ ਦਲੇਰੀ ਦਾ ਸਬੂਤ ਦਿੱਤਾ ਸੀ। 'ਆਪ੍ਰੇਸ਼ਨ ਸੰਧੂਰ' ਦੇ ਇਕ ਸਾਲ ਬਾਅਦ ਭਾਰਤੀ ਜਰਨੈਲਾਂ ਵਲੋਂ ਹੁਣ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਭਾਰਤ ਆਪਣੀ ਸੁਰੱਖਿਆ ਲਈ ਇਸੇ ਤਰ੍ਹਾਂ ਪੂਰੀ ਦ੍ਰਿੜ੍ਹਤਾ ਨਾਲ ਕਦਮ ਉਠਾਉਂਦਾ ਰਹੇਗਾ। ਪਾਕਿਸਤਾਨ ਵਿਚ ਕੋਈ ਵੀ ਅੱਤਵਾਦੀ ਟਿਕਾਣਾ ਸੁਰੱਖਿਅਤ ਨਹੀਂ ਹੈ ਅਤੇ ਇਹ ਮਿਸ਼ਨ ਦੀ ਇਕ ਸ਼ੁਰੂਆਤ ਹੈ। ਪਰ ਸਾਲ ਬੀਤਣ ਤੋਂ ਬਾਅਦ ਵੀ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਪਾਕਿਸਤਾਨ ਦੇ ਭਾਰਤ ਪ੍ਰਤੀ ਇਰਾਦਿਆਂ ਵਿਚ ਅਜੇ ਵੀ ਕੋਈ ਤਬਦੀਲੀ ਨਹੀਂ ਆਈ, ਜਿਸ ਨਾਲ ਇਸ ਟਕਰਾਅ ਦੇ ਹੋਰ ਵੀ ਲੰਮੇ ਹੋਣ ਦੀ ਸੰਭਾਵਨਾ ਬਣ ਚੁੱਕੀ ਹੈ, ਇਸ ਲਈ ਭਾਰਤ ਨੂੰ ਇਸ ਪੱਖੋਂ ਲਗਾਤਾਰ ਸੁਚੇਤ ਅਤੇ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਜ਼ਰੂਰਤ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ