ਸੰਸਾਰ ਭਰ ਵਿਚ ਮੈਡੀਕਲ ਟੂਰਿਜ਼ਮ ਭਾਵ ਕਿਫਾਇਤੀ ਤੇ ਉੱਚ-ਗੁਣਵੱਤਾ ਵਾਲੀਆਂ ਸਿਹਤ-ਸੰਭਾਲ ਸਹੂਲਤਾਂ ਪ੍ਰਾਪਤ ਕਰਨ ਲਈ ਦੇਸ਼-ਵਿਦੇਸ਼ ਦੀ ਯਾਤਰਾ ਕਰਨਾ, ਅੱਜਕੱਲ੍ਹ ਕਾਫ਼ੀ ਪ੍ਰਚਲਿਤ ਹੋ ਰਿਹਾ ਹੈ। ਭਾਰਤ ਆਪਣੇ ਹੁਨਰਮੰਦ ਤੇ ਕਾਬਲ ਡਾਕਟਰਾਂ, ਅਤਿ-ਆਧੁਨਿਕ ਹਸਪਤਾਲਾਂ, ਪੈਰਾ-ਮੈਡੀਕਲ ਸਹੂਲਤਾਂ ਅਤੇ ਪ੍ਰਤੀਯੋਗੀ ਕੀਮਤੀ ਢਾਂਚੇ ਸਦਕਾ ਸੰਸਾਰ ਭਰ 'ਚ 'ਮੈਡੀਕਲ ਟੂਰਿਜ਼ਮ ਸੂਚਕਾਂਕ' ਵਿਚ 10ਵੇਂ ਅਤੇ 'ਗਲੋਬਲ ਵੈੱਲਨੈਸ ਟੂਰਿਜ਼ਮ' ਵਿਚ 7ਵੇਂ ਸਥਾਨ 'ਤੇ ਹੈ। ਚੰਗੀ ਤਰ੍ਹਾਂ ਸਥਾਪਤ, ਮਜ਼ਬੂਤ ਸਿਹਤ-ਸੰਭਾਲ ਢਾਂਚੇ, ਆਸਾਨ ਸੰਪਰਕ ਤੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਨਿੱਜੀ ਸਿਹਤ-ਸੰਭਾਲ ਖੇਤਰ ਕਾਰਨ ਪੰਜਾਬ ਵੀ ਮੈਡੀਕਲ ਟੂਰਿਜ਼ਮ ਖੇਤਰ ਵਿਚ ਮੁੱਖ ਕੇਂਦਰ ਬਣਨ ਦੀ ਮਜ਼ਬੂਤ ਸੰਭਾਵਨਾ ਰੱਖਦਾ ਹੈ।
ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬ ਨੇ ਆਪਣੇ ਬੁਨਿਆਦੀ ਮੈਡੀਕਲ ਢਾਂਚੇ ਵਿਚ ਕਾਫ਼ੀ ਸੁਧਾਰ ਕੀਤਾ ਹੈ। ਵਰਤਮਾਨ ਸਮੇਂ ਸੂਬੇ ਵਿਚ ਤਿੰਨ ਮੈਡੀਕਲ ਯੂਨੀਵਰਸਿਟੀਆਂ, ਇਕ ਆਯੁਰਵੈਦਿਕ ਯੂਨੀਵਰਸਿਟੀ, 72 ਸਰਕਾਰੀ ਸਿਵਲ ਹਸਪਤਾਲ ਤੇ 28 ਸਟੇਟ ਸੁਪਰ ਸਪੈਸ਼ਲਿਟੀ ਮੈਡੀਕਲ ਹਸਪਤਾਲ ਕਾਰਜਸ਼ੀਲ ਹਨ। ਪੰਜਾਬ ਕਲੀਨਿਕਲ ਇਸਟੈਬਲਿਸ਼ਮੈਂਟਸ ਅਤੇ ਐਫ.ਆਈ.ਸੀ.ਸੀ.ਆਈ. ਦੀ ਸਿਹਤ ਰਿਪੋਰਟ ਮੁਤਾਬਕ ਰਾਜ ਵਿਚ 3,000 ਤੋਂ ਵਧੇਰੇ ਮੱਧ-ਆਕਾਰ, ਛੋਟੇ ਤੇ ਵੱਡੇ ਰਜਿਸਟਰਡ ਮਲਟੀ-ਸਪੈਸ਼ਲਿਟੀ ਨਰਸਿੰਗ ਹੋਮ ਹਨ, ਜਿਨ੍ਹਾਂ 'ਚੋਂ ਲਗਭਗ 450-500 ਮਲਟੀ-ਸਪੈਸ਼ਲਿਟੀ ਪ੍ਰਾਈਵੇਟ ਹਸਪਤਾਲ ਵੱਖ-ਵੱਖ ਖੇਤਰਾਂ ਜਿਵੇਂ ਕਿ ਕਾਰਡੀਓਲੋਜੀ, ਨਿਊਰੋਲੀਜੀ, ਆਰਥੋਪੈਡਿਕਸ, ਓਨਕੋਲੋਜੀ, ਯੂਰੋਲੋਜੀ, ਪ੍ਰਜਨਨ ਪ੍ਰਕਿਰਿਆ ਅਤੇ ਅੰਗ ਟ੍ਰਾਂਸਪਲਾਂਟੇਸ਼ਨ ਆਦਿ ਵਿਚ ਵਿਸ਼ਵ ਪੱਧਰੀ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਮੁਹਾਲੀ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਕਾਰਜਸ਼ੀਲ ਹਨ, ਜਿੱਥੇ ਕੇਵਲ ਗੁਆਂਢੀ ਰਾਜਾਂ ਤੋਂ ਹੀ ਨਹੀਂ, ਸਗੋਂ ਵਿਦੇਸ਼ਾਂ ਤੋਂ ਵੀ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ। ਉੱਚ ਯੋਗਤਾ ਪ੍ਰਾਪਤ, ਮਾਹਿਰ ਪੇਸ਼ੇਵਰ ਡਾਕਟਰ, ਜਿਨ੍ਹਾਂ 'ਚੋਂ ਕਈ ਤਾਂ ਅੰਤਰਰਾਸ਼ਟਰੀ ਪ੍ਰਸਿੱਧੀ ਰੱਖਦੇ ਹਨ, ਦੀ ਮੌਜੂਦਗੀ ਦੇ ਨਾਲ-ਨਾਲ ਅਤਿ-ਆਧੁਨਿਕ ਪੈਰਾ-ਮੈਡੀਕਲ ਸਹੂਲਤਾਂ ਦਾ ਸੁਮੇਲ ਸਿਹਤ-ਸੰਭਾਲ ਸੇਵਾਵਾਂ ਲਈ ਸੂਬੇ ਨੂੰ ਇਕ ਪ੍ਰਮੁੱਖ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਲਈ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਹੈ।
ਰਣਨੀਤਕ ਸਥਿਤੀ ਤੇ ਸੰਭਾਵਨਾਵਾਂ
ਇਸ ਸਮੇਂ ਕੈਨੇਡਾ, ਯੂ.ਕੇ., ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਸਮੇਤ ਖਾੜੀ ਖੇਤਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਲਗਭਗ 25 ਲੱਖ ਦੇ ਕਰੀਬ ਪੰਜਾਬੀ ਲੋਕਾਂ ਦਾ ਵੱਡਾ ਭਾਈਚਾਰਾ ਰਹਿ ਰਿਹਾ ਹੈ। ਇਨ੍ਹਾਂ 'ਚੋਂ ਬਹੁਤੇ ਮਰੀਜ਼ ਕਈ ਕਾਰਨਾਂ ਕਰਕੇ ਪੰਜਾਬ ਵਿਚ ਡਾਕਟਰੀ ਇਲਾਜ ਕਰਵਾਉਣਾ ਪਸੰਦ ਕਰਦੇ ਹਨ, ਕਿਉਂਕਿ ਪੱਛਮੀ ਦੇਸ਼ਾਂ ਤੇ ਨਜ਼ਦੀਕੀ ਗੁਆਂਢੀ ਏਸ਼ਿਆਈ ਦੇਸ਼ਾਂ ਦੇ ਮੁਕਾਬਲੇ ਪੰਜਾਬ 'ਚ ਸਿਹਤ-ਸੰਭਾਲ ਸੇਵਾਵਾਂ ਵਧੀਆ ਤੇ ਕਿਫ਼ਾਇਤੀ ਹਨ। ਇਹ ਤੁਲਨਾਤਮਿਕ ਲਾਗਤ ਲਾਭ ਤੇ ਆਪ੍ਰੇਸ਼ਨਾਂ ਦੀ ਚੰਗੀ ਸਫ਼ਲਤਾ ਦਰ ਅੰਤਰਰਾਸ਼ਟਰੀ ਮਰੀਜ਼ਾਂ, ਖ਼ਾਸ ਕਰਕੇ ਅਫਰੀਕੀ, ਮੱਧ ਏਸ਼ਿਆਈ ਤੇ ਮੱਧ ਪੂਰਬੀ ਦੇਸ਼ਾਂ ਵਾਸਤੇ ਪੰਜਾਬ ਨੂੰ ਆਕਰਸ਼ਕ ਸਥਾਨ ਵਜੋਂ ਪੇਸ਼ ਕਰਦੀ ਹੈ। ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੀ ਰਿਪੋਰਟ ਅਨੁਸਾਰ ਸਾਲ 2024 ਦੌਰਾਨ ਦੇਸ਼ ਭਰ ਵਿਚ ਆਏ ਕੁੱਲ ਵਿਦੇਸ਼ੀ ਮੈਡੀਕਲ ਸੈਲਾਨੀਆਂ 'ਚੋਂ 2.59 ਫ਼ੀਸਦੀ ਸੈਲਾਨੀਆਂ ਦੀ ਹਿੱਸੇਦਾਰੀ ਨਾਲ ਪੰਜਾਬ 10ਵੇਂ ਅਤੇ ਉੱਤਰੀ ਭਾਰਤ ਵਿਚ ਯੂ.ਪੀ. ਤੇ ਦਿੱਲੀ ਤੋਂ ਬਾਅਦ ਤੀਜੇ ਸਥਾਨ 'ਤੇ ਹੈ। ਦੂਸਰਾ, ਇੱਥੇ ਮਰੀਜ਼ਾਂ ਨੂੰ ਡਾਕਟਰੀ ਪ੍ਰਕਿਰਿਆਵਾਂ ਵਾਸਤੇ ਕੋਈ ਬਹੁਤਾ ਸਮਾਂ ਉਡੀਕ ਨਹੀਂ ਕਰਨੀ ਪੈਂਦੀ, ਜਿਵੇਂ ਕਿ ਵਿਦੇਸ਼ਾਂ ਵਿਚ ਕਈ-ਕਈ ਮਹੀਨਿਆਂ ਤੱਕ ਵੀ ਕਰਨੀ ਪੈ ਜਾਂਦੀ ਹੈ। ਤੀਸਰਾ, ਸੂਬੇ ਵਿਚ ਬਦਲਵੀਆਂ ਰਵਾਇਤੀ ਇਲਾਜ ਪ੍ਰਣਾਲੀਆਂ ਜਿਵੇਂ ਕਿ ਆਯੁਰਵੇਦ, ਯੋਗਾ, ਯੂਨਾਨੀ, ਸਿੱਧੀ ਤੇ ਹੋਮਿਓਪੈਥੀ (ਆਯੁਸ਼), ਜੜ੍ਹੀ-ਬੂਟੀਆਂ, ਪੰਚਕਰਮਾ ਅਤੇ ਫਿਜ਼ੀਓਥਰੈਪੀ ਵਗੈਰਾ ਦੀ ਉਪਲਬਧਤਾ ਵੀ ਪੰਜਾਬੀ ਡਾਇਸਪੋਰਾ-ਸੰਚਾਲਿਤ ਮਰੀਜ਼ਾਂ ਦੀ ਆਮਦ ਵਾਸਤੇ ਮਜ਼ਬੂਤ ਆਧਾਰ ਬਣ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ, ਖ਼ਾਸ ਕਰਕੇ ਅੰਮ੍ਰਿਤਸਰ ਤੇ ਚੰਡੀਗੜ੍ਹ ਰਾਹੀਂ ਮੱਧ ਪੂਰਬ, ਮੱਧ ਏਸ਼ੀਆ ਅਤੇ ਯੂਰਪ ਸਮੇਤ ਵੱਖ-ਵੱਖ ਵਿਸ਼ਵਵਿਆਪੀ ਸਥਾਨਾਂ ਨਾਲ ਸਿੱਧਾ ਸੰਪਰਕ ਸਿਹਤ-ਸੰਭਾਲ ਸੇਵਾਵਾਂ ਦੀ ਮੰਗ ਕਰਨ ਵਾਲੇ ਸੈਲਾਨੀਆਂ ਲਈ ਇਕ ਆਦਰਸ਼ ਪ੍ਰਵੇਸ਼ ਬਿੰਦੂ ਬਣ ਸਕਦਾ ਹੈ। ਪੰਜਾਬ ਦੀ ਅਮੀਰ ਸੱਭਿਆਚਾਰਕ ਤੇ ਧਾਰਮਿਕ ਵਿਰਾਸਤ, ਜਿਸ ਵਿਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਰਗੇ ਧਾਰਮਿਕ ਅਸਥਾਨ ਤੇ ਇੱਥੋਂ ਦੇ ਵਧੀਆ ਪਕਵਾਨ ਮਰੀਜ਼ਾਂ ਦੇ ਪਰਿਵਾਰਾਂ ਲਈ ਇਕ ਆਕਰਸ਼ਕ ਸੈਰ-ਸਪਾਟਾ ਅਨੁਭਵ ਪ੍ਰਦਾਨ ਕਰ ਸਕਦੇ ਹਨ, ਭਾਵ ਮੈਡੀਕਲ ਦੇ ਨਾਲ-ਨਾਲ ਧਾਰਮਿਕ ਤੇ ਸੱਭਿਆਚਾਰਕ ਟੂਰਿਜ਼ਮ ਜੋੜਨ ਨਾਲ ਮੈਡੀਕਲ ਟੂਰਿਜ਼ਮ ਪੈਕੇਜ ਦਾ ਸਮੁੱਚਾ ਮੁੱਲ ਵਧ ਸਕਦਾ ਹੈ।
ਦਰਪੇਸ਼ ਚੁਣੌਤੀਆਂ
ਇਸ ਲਈ ਪੰਜਾਬ ਸਰਕਾਰ ਨੂੰ ਨੀਤੀਗਤ ਉਪਾਅ ਕਰਕੇ ਮੈਡੀਕਲ ਟੂਰਿਜ਼ਮ ਬਾਜ਼ਾਰ ਵਿਚ ਆਪਣੀ ਵਿਸ਼ਵਵਿਆਪੀ ਮੌਜੂਦਗੀ ਦਰਜ, ਉਤਸ਼ਾਹਿਤ ਤੇ ਮਜ਼ਬੂਤ ਕਰਨੀ ਪਵੇਗੀ, ਜਿਸ ਲਈ ਮੁੱਖ ਤੌਰ 'ਤੇ ਅਮਨ-ਕਾਨੂੰਨ ਵਿਵਸਥਾ, ਬੁਨਿਆਦੀ ਢਾਂਚਾ ਤੇ ਗੁਣਵੱਤਾ ਮਾਨਤਾ ਪ੍ਰਣਾਲੀ ਵਿਚ ਸੁਧਾਰ, ਨਿੱਜੀ ਨਿਵੇਸ਼ ਲਈ ਗਲੋਬਲ ਸਿਹਤ-ਸੰਭਾਲ ਚੇਨਾਂ ਨਾਲ ਭਾਈਵਾਲੀ ਕਾਇਮ ਕਰਨੀ ਅਤੇ ਅੰਤਰਰਾਸ਼ਟਰੀ ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਲਈ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਵਾਸਤੇ ਗੰਭੀਰ ਯਤਨ ਕਰਨੇ ਚਾਹੀਦੇ ਹਨ। ਹਾਲ ਹੀ ਦੇ ਕੁਝ ਸਾਲਾਂ ਦੌਰਾਨ ਪੰਜਾਬ ਗੈਂਗਸਟਰਵਾਦ, ਜਬਰੀ ਵਸੂਲੀ ਤੇ ਹੱਤਿਆਵਾਂ, ਸਰਹੱਦੀ ਸੂਬਾ ਹੋਣ ਕਰਕੇ ਘੁਸਪੈਠ, ਸੁਰੱਖਿਆ ਚਿਤਾਵਨੀਆਂ ਤੇ ਤਸਕਰੀ ਨੈੱਟਵਰਕ ਆਦਿ ਕਾਰਨ ਬਦਨਾਮ ਹੋ ਰਿਹਾ ਹੈ। ਰੇਲ ਪਟੜੀਆਂ-ਸੜਕਾਂ 'ਤੇ ਅਕਸਰ ਲੱਗਦੇ ਧਰਨੇ, ਜਨਤਕ ਵਿਰੋਧ ਪ੍ਰਦਰਸ਼ਨ ਤੇ ਆਵਾਜਾਈ ਜਾਮ ਹਸਪਤਾਲਾਂ ਤੇ ਹਵਾਈ ਅੱਡਿਆਂ ਤੱਕ ਲੋਕਾਂ ਦੀ ਪਹੁੰਚ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਮੈਡੀਕਲ ਟੂਰਿਜ਼ਮ ਉਤਸ਼ਾਹਿਤ ਕਰਨ ਲਈ ਸੂਬੇ ਵਿਚ ਭਰੋਸੇਯੋਗ ਅਮਨ-ਕਾਨੂੰਨ ਵਿਵਸਥਾ ਸਥਾਪਤ ਕਰਕੇ ਜਨਤਕ ਸੁਰੱਖਿਆ ਮਜ਼ਬੂਤ ਕਰਨੀ ਬਹੁਤ ਜ਼ਰੂਰੀ ਹੈ। ਦੂਸਰਾ, ਪੰਜਾਬ ਵਿਚ ਜ਼ਿਆਦਾਤਰ ਹਸਪਤਾਲ ਗੁਣਵੱਤਾ ਤੇ ਸੁਰੱਖਿਆ ਮਾਪਦੰਡਾਂ ਲਈ 'ਨੈਸ਼ਨਲ ਐਕਰੀਡੇਸ਼ਨ ਬੋਰਡ ਫ਼ਾਰ ਹਾਸਪੀਟਲਜ਼' (ਐਨ.ਏ.ਬੀ.ਐੱਚ.) ਤੋਂ ਮਾਨਤਾ ਪ੍ਰਾਪਤ ਨਹੀਂ ਹਨ, ਖ਼ਾਸ ਕਰਕੇ ਅਮਰੀਕਾ-ਆਧਾਰਤ ਅੰਤਰਰਾਸ਼ਟਰੀ 'ਜੁਆਇੰਟ ਕਮਿਸ਼ਨ ਇੰਟਰਨੈਸ਼ਨਲ' (ਜੇ.ਸੀ.ਆਈ.) ਦੁਆਰਾ ਮਾਨਤਾ ਪ੍ਰਾਪਤ ਤਾਂ ਕੋਈ ਵੀ ਹਸਪਤਾਲ ਪੰਜਾਬ ਵਿਚ ਨਹੀਂ ਹੈ। ਜਦਕਿ ਵਿਦੇਸ਼ੀ ਸੈਲਾਨੀ ਮਰੀਜ਼ ਜ਼ਿਆਦਾਤਰ ਉਨ੍ਹਾਂ ਮੈਡੀਕਲ ਸੰਸਥਾਵਾਂ ਨੂੰ ਪਹਿਲ ਦਿੰਦੇ ਹਨ, ਜੋ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਗੁਣਵੱਤਾ ਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੀਆਂ ਹਨ। ਜੁਆਇੰਟ ਕਮਿਸ਼ਨ ਮਾਨਤਾ ਦੀ ਅਣਹੋਂਦ ਸੂਬੇ ਦੇ ਹਸਪਤਾਲਾਂ ਲਈ ਵਿਸ਼ਵਵਿਆਪੀ ਵਿਸ਼ਵਾਸ ਪ੍ਰਾਪਤ ਕਰਨ ਵਿਚ ਮੁੱਖ ਰੁਕਾਵਟ ਹੈ। ਜ਼ਿਆਦਾਤਰ ਅੰਤਰਰਾਸ਼ਟਰੀ ਬੀਮਾ ਕੰਪਨੀਆਂ ਤੇ ਮੈਡੀਕਲ ਯਾਤਰਾ ਸਹੂਲਤਾਂ ਪ੍ਰਦਾਨ ਕਰਤਾ ਆਮ ਤੌਰ 'ਤੇ ਸਿਰਫ਼ ਜੁਆਇੰਟ ਕਮਿਸ਼ਨ ਮਾਨਤਾ ਪ੍ਰਾਪਤ ਹਸਪਤਾਲਾਂ ਨਾਲ ਹੀ ਤਾਲਮੇਲ ਰੱਖਦੇ ਹਨ। ਪੰਜਾਬ ਦੇ ਉਲਟ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਤੇ ਕਰਨਾਟਕ ਵਰਗੇ ਰਾਜਾਂ ਵਿਚ ਪਹਿਲਾਂ ਹੀ ਕਈ ਅਜਿਹੇ ਮਾਨਤਾ ਪ੍ਰਾਪਤ ਸੁਪਰ-ਸਪੈਸ਼ਲਿਟੀ ਹਸਪਤਾਲ ਹਨ। ਤੀਜਾ, ਸਿਹਤ-ਸੰਭਾਲ ਤੇ ਸੈਰ-ਸਪਾਟਾ ਵਿਭਾਗਾਂ ਦਰਮਿਆਨ ਢੁਕਵੇਂ ਤਾਲਮੇਲ ਤੇ ਸਹਿਯੋਗ ਦੀ ਘਾਟ ਵੀ ਪੰਜਾਬ ਵਿਚ ਮੈਡੀਕਲ ਟੂਰਿਜ਼ਮ ਦੇ ਵਿਕਾਸ ਨੂੰ ਸੀਮਤ ਕਰਦੀ ਹੈ। ਪ੍ਰਭਾਵਸ਼ਾਲੀ ਮੈਡੀਕਲ ਟੂਰਿਜ਼ਮ ਲਈ ਹਸਪਤਾਲਾਂ ਦੇ ਨੇੜੇ ਤੰਦਰੁਸਤੀ ਕੇਂਦਰਾਂ ਤੇ ਹੋਟਲਾਂ ਦੀ ਸਥਾਪਨਾ, ਮੈਡੀਕਲ ਯਾਤਰਾ ਡੈਸਕ, ਮਰੀਜ਼ ਅਨੁਕੂਲ ਆਵਾਜਾਈ ਅਤੇ ਅੰਤਰਰਾਸ਼ਟਰੀ ਪ੍ਰਮੋਸ਼ਨ ਲਈ ਸਾਂਝੀ ਤਾਲਮੇਲ ਯੋਜਨਾਬੰਦੀ ਦੀ ਲੋੜ ਹੁੰਦੀ ਹੈ। ਵਿਦੇਸ਼ੀ ਮਰੀਜ਼ ਅਕਸਰ ਹਵਾਈ ਅੱਡੇ ਤੋਂ ਪਿੱਕਅਪ, ਹੋਟਲ-ਹਸਪਤਾਲ ਸੰਪਰਕ, ਅਨੁਵਾਦਕ ਅਤੇ ਯਾਤਰਾ ਸਹੂਲਤ ਵਰਗੀਆਂ ਸਹਿਜ ਸੇਵਾਵਾਂ ਦੀ ਉਮੀਦ ਰੱਖਦੇ ਹਨ। ਪਰ ਸੂਬੇ ਵਿਚ ਪਰਸਪਰ ਤਾਲਮੇਲ ਦੀ ਘਾਟ ਕਾਰਨ ਅਜਿਹੀ ਕੋਈ ਸਹਾਇਤਾ ਪ੍ਰਣਾਲੀ ਵਿਕਸਿਤ ਨਹੀਂ ਹੋ ਸਕੀ। ਇਸ ਦੇ ਮੁਕਾਬਲੇ ਕੇਰਲਾ ਤੇ ਤਾਮਿਲਨਾਡੂ ਵਰਗੇ ਸੂਬੇ ਏਕੀਕ੍ਰਿਤ ਮੈਡੀਕਲ ਟੂਰਿਜ਼ਮ ਰਣਨੀਤੀ ਅਪਣਾ ਕੇ ਵਧੇਰੇ ਮਰੀਜ਼-ਸੈਲਾਨੀਆਂ ਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ। ਇਸ ਤੋਂ ਇਲਾਵਾ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿਚ ਇਕ ਮਜ਼ਬੂਤ ਤੇ ਪਾਰਦਰਸ਼ੀ ਕਾਨੂੰਨੀ ਰੈਗੂਲੇਟਰੀ ਅਥਾਰਟੀ ਦੀ ਸਥਾਪਨਾ ਦੀ ਵੀ ਲੋੜ ਹੈ। ਰੈਗੂਲੇਟਰੀ ਅਥਾਰਟੀ ਲਾਗਤਾਂ, ਸ਼ਿਕਾਇਤ ਨਿਵਾਰਨ ਜਾਂ ਗਲਤ ਵਿਵਹਾਰ ਦੀ ਜਵਾਬਦੇਹੀ ਨਿਰਧਾਰਤ ਕਰਕੇ ਮਰੀਜ਼ਾਂ ਨੂੰ ਅਨੈਤਿਕ ਘਟਨਾਵਾਂ ਤੋਂ ਬਚਾ ਸਕਦੀ ਹੈ।
ਯਾਦ ਰਹੇ ਕਿ ਹਰ ਸੈਲਾਨੀ ਸਮੇਤ ਮੈਡੀਕਲ ਸੈਲਾਨੀ ਸਪੱਸ਼ਟ, ਪਾਰਦਰਸ਼ੀ ਤੇ ਉਚਿਤ ਕੀਮਤ ਵਾਲੀਆਂ ਥਾਵਾਂ ਨੂੰ ਹੀ ਤਰਜੀਹ ਦਿੰਦਾ ਹੈ। ਇਸ ਤਰ੍ਹਾਂ ਪੰਜਾਬ ਦੀ ਸੁਰੱਖਿਅਤ ਤੇ ਪੇਸ਼ੇਵਰ ਤੌਰ 'ਤੇ ਪ੍ਰਬੰਧਿਤ ਮੈਡੀਕਲ ਟੂਰਿਸਟ ਮੰਜ਼ਿਲ ਵਜੋਂ ਪਛਾਣ ਸਥਾਪਤ ਕਰਦਿਆਂ ਮੈਡੀਕਲ ਸੈਲਾਨੀਆਂ ਤੇ ਨਿਵੇਸ਼ਕਾਂ ਦੋਵਾਂ ਨੂੰ ਆਕਰਸ਼ਿਤ ਕਰਕੇ ਸੂਬੇ ਦੇ ਵਿਕਾਸ ਨੂੰ ਲੋੜੀਂਦਾ ਹੁਲਾਰਾ ਦਿੱਤਾ ਜਾ ਸਕਦਾ ਹੈ।
ਮੋਬਾਈਲ : 94637-63331