ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਤਿੰਨ ਦਿਨਾ ਭਾਰਤ ਦੌਰੇ ਦੌਰਾਨ ਹੋਏ 21 ਸਮਝੌਤਿਆਂ ਨਾਲ ਜਿੱਥੇ ਦੋਹਾਂ ਦੇਸ਼ਾਂ ਦੇ ਸੰਬੰਧ ਹੋਰ ਮਜ਼ਬੂਤ ਹੋਣ ਦੀ ਵੱਡੀ ਸੰਭਾਵਨਾ ਬਣੀ ਹੈ, ਉਸ ਦੇ ਨਾਲ ਹੀ ਵੱਖ-ਵੱਖ ਖੇਤਰਾਂ 'ਚ ਸਹੀਬੱਧ ਹੋਏ ਇਨ੍ਹਾਂ ਸਮਝੌਤਿਆਂ ਨਾਲ ਦੇਸ਼ ਦੀ ਸੁਰੱਖਿਆ ਤੇ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲਣ ਦੀ ਉਮੀਦ ਪੈਦਾ ਹੋਈ ਹੈ। ਬਿਨਾਂ ਸ਼ੱਕ ਇਨ੍ਹਾਂ 'ਚੋਂ ਰੱਖਿਆ ਖੇਤਰ ਦੇ ਸਮਝੌਤਿਆਂ 'ਤੇ ਅਮਲ ਹੋਣ ਨਾਲ ਦੇਸ਼ ਦੀ ਸੈਨਿਕ ਤੇ ਰਣਨੀਤਕ ਸਮਰੱਥਾ 'ਚ ਭਾਰੀ ਵਾਧਾ ਹੋਵੇਗਾ। ਇਹ ਰੱਖਿਆ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਵਿਚਾਲੇ ਵਿਆਪਕ ਸਹਿਮਤੀ ਬਣਨ ਬਾਅਦ ਸਹੀਬੱਧ ਹੋਇਆ ਹੈ।
ਇਸ ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਮਿਜ਼ਾਈਲ ਨਿਰਮਾਣ, ਲੜਾਕੂ ਹਵਾਈ ਜਹਾਜ਼ਾਂ ਦੇ ਨਿਰਮਾਣ ਤੇ ਪਣਡੁੱਬੀਆਂ ਦੇ ਵਿਕਾਸ 'ਚ ਵੀ ਆਪਸੀ ਸਹਿਯੋਗ ਵਧਾਉਣਗੇ। ਫਰਾਂਸ ਦੀ ਨਾਮਵਰ ਕੰਪਨੀ ਸਫ਼ਰਾਨ ਤੇ ਭਾਰਤ ਦੀ ਇਲੈਕਟ੍ਰੋਨਿਕਸ ਮਿਲ ਕੇ ਭਾਰਤ 'ਚ ਸ਼ਕਤੀਸ਼ਾਲੀ ਹੈਮਰ ਮਿਜ਼ਾਈਲਾਂ ਦਾ ਨਿਰਮਾਣ ਕਰਨਗੀਆਂ। ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਇਹ ਭਾਰੀ ਮਿਜ਼ਾਈਲ ਧਰਤੀ ਤੋਂ ਲੰਮੀ ਦੂਰੀ ਤੱਕ ਮਾਰ ਕਰ ਸਕਦੀ ਹੈ। ਇਸ ਸਮਝੌਤੇ ਤਹਿਤ ਭਾਰਤ 'ਚ ਹੀ ਵਿਸ਼ਵ ਦੇ ਸਰਬੋਤਮ ਹੈਲੀਕਾਪਟਰ ਐਚ-125 ਨੂੰ ਬਣਾਉਣ ਬਾਰੇ ਵੀ ਸਹਿਮਤੀ ਬਣੀ ਹੈ। ਵੱਡੀ ਸਮਰੱਥਾ ਵਾਲੇ ਇਸ ਹੈਲੀਕਾਪਟਰ ਦਾ ਨਿਰਮਾਣ ਫਰਾਂਸ ਦੀ ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ ਏਅਰਬੱਸ ਤੇ ਭਾਰਤ ਦੀ ਕੰਪਨੀ ਟਾਟਾ ਐਡਵਾਂਸਡ ਸਿਸਟਮ ਮਿਲ ਕੇ ਕਰਨਗੀਆਂ। ਇਹ ਹੈਲੀਕਾਪਟਰ 630 ਕਿੱਲੋਮੀਟਰ ਦੀ ਦੂਰੀ ਤੱਕ ਉਡਾਣ ਭਰ ਸਕਦਾ ਹੈ ਅਤੇ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ 'ਤੇ ਉਤਰਨ ਤੇ ਉਡਾਣ ਭਰਨ ਦੇ ਸਮਰੱਥ ਹੈ। ਇਸ ਪ੍ਰੋਜੈਕਟ 'ਤੇ ਤੇਜ਼ੀ ਨਾਲ ਕੰਮ ਸ਼ੁਰੂ ਹੋਣ ਨਾਲ ਇਸ ਹੈਲੀਕਾਪਟਰ ਦੇ ਅਗਲੇ ਸਾਲ ਤੱਕ ਦੇਸ਼ 'ਚ ਬਣ ਜਾਣ ਦੀ ਸੰਭਾਵਨਾ ਹੈ। 1400 ਕਿਲੋਗ੍ਰਾਮ ਭਾਰਾ ਇਹ ਹੈਲੀਕਾਪਟਰ 287 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ ਅਤੇ ਇਸ ਵਿਚ 7 ਲੋਕ ਗਰਮੀ, ਸਰਦੀ ਤੇ ਬਰਫੀਲੇ, ਕਿਸੇ ਵੀ ਕਿਸਮ ਦੇ ਮੌਸਮ 'ਚ ਸਫ਼ਰ ਕਰ ਸਕਦੇ ਹਨ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਦੀਆਂ ਥਲ ਸੈਨਾਵਾਂ ਵੀ ਆਪਸੀ ਸਹਿਯੋਗ ਵਧਾਉਣ ਦੇ ਮੌਕਿਆਂ ਦੀ ਤਲਾਸ਼ ਕਰਨਗੀਆਂ।
ਇਨ੍ਹਾਂ 21 ਸਮਝੌਤਿਆਂ ਵਿਚ ਉੱਚ ਤਕਨੀਕੀ ਨਿਰਮਾਣ, ਮੁੜ ਵਰਤੋਂ ਯੋਗ ਊਰਜਾ, ਸਿਹਤ ਖੇਤਰ ਅਤੇ ਦੁਰਲੱਭ ਧਾਤਾਂ ਦੀ ਖੋਜ ਵੀ ਸ਼ਾਮਿਲ ਹੈ। ਇਕ ਹੋਰ ਸਮਝੌਤਾ ਜਿਸ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਵਿਆਪਕ ਸਹਿਮਤੀ ਬਣੀ ਹੈ - ਉਹ ਹੈ ਅੱਤਵਾਦ ਤੇ ਇਸ ਦਾ ਮੁਕਾਬਲਾ ਕਰਨ ਲਈ ਉਠਾਏ ਜਾਣ ਵਾਲੇ ਕਦਮ। ਇਸ ਦਾ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਮੈਕਰੋਨ ਨੇ ਆਪਣੇ ਬਿਆਨਾਂ 'ਚ ਉਚੇਚਾ ਜ਼ਿਕਰ ਕੀਤਾ ਹੈ। ਅੱਜ ਅੱਤਵਾਦ ਪੂਰੀ ਦੁਨੀਆ ਲਈ ਇਕ ਵੱਡਾ ਖ਼ਤਰਾ ਬਣ ਚੁੱਕਾ ਹੈ। ਭਾਰਤ ਅੱਤਵਾਦ ਦੇ ਮੁੱਦੇ ਬਾਰੇ 'ਜ਼ੀਰੋ ਟਾਲਰੈਂਸ' ਦੀ ਨੀਤੀ 'ਤੇ ਚੱਲ ਰਿਹਾ ਹੈ। ਪਿਛਲੇ ਸਾਲ ਹੋਇਆ 'ਆਪ੍ਰੇਸ਼ਨ ਸੰਧੂਰ' ਵੀ ਉਸ ਦੀ ਇਸੇ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਫਰਾਂਸ ਨੇ ਵਿਸ਼ਵਵਿਆਪੀ ਅੱਤਵਾਦ ਨੂੰ ਲੈ ਕੇ ਹਮੇਸ਼ਾ ਭਾਰਤ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਹੈ। ਭਾਰਤ ਤੇ ਫਰਾਂਸ ਦੀ ਮਿੱਤਰਤਾ ਬਹੁਤ ਪੁਰਾਣੀ ਤੇ ਭਰੋਸੇਯੋਗਤਾ ਦੀ ਕਸੌਟੀ 'ਤੇ ਵਾਰ-ਵਾਰ ਪਰਖੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਨੂੰ ਭਾਰਤ ਦੇ ਸਭ ਤੋਂ ਪੁਰਾਣੇ ਰਣਨੀਤਕ ਭਾਈਵਾਲਾਂ 'ਚੋਂ 'ਇਕ' ਕਰਾਰ ਦਿੰਦਿਆਂ ਦੋਹਾਂ ਦੇਸ਼ਾਂ ਦੇ ਵਿਚਾਲੇ ਮੌਜੂਦਾ ਵਿਸ਼ੇਸ਼ ਸੰਬੰਧਾਂ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿਚ ਦੁਨੀਆ ਹੁਣ ਤੱਕ ਦੇ ਸਭ ਤੋਂ ਵੱਧ ਅਨਿਸ਼ਚਿਤਤਾ ਵਾਲੇ ਮਾਹੌਲ 'ਚੋਂ ਲੰਘ ਰਹੀ ਹੈ, ਪਰ ਅਸੀਂ ਰਾਸ਼ਟਰਪਤੀ ਮੈਕਰੋਨ ਨਾਲ ਮਿਲ ਕੇ ਵਿਸ਼ਵਵਿਆਪੀ ਸਥਿਰਤਾ ਲਈ ਲਗਾਤਾਰ ਕੰਮ ਕਰਦੇ ਰਹਾਂਗੇ। ਉਨ੍ਹਾਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਰਣਨੀਤਕ ਭਾਈਵਾਲੀ ਤੋਂ ਗਲੋਬਲ ਭਾਈਵਾਲੀ ਤੱਕ ਲੈ ਕੇ ਜਾਣ 'ਤੇ ਜ਼ੋਰ ਦਿੱਤਾ।
ਇਸੇ ਤਰ੍ਹਾਂ ਰਾਸ਼ਟਰਪਤੀ ਮੈਕਰੋਨ ਨੇ ਵੀ ਭਾਰਤ ਨੂੰ ਇਕ ਭਰੋਸੇਯੋਗ ਰਣਨੀਤਕ ਭਾਈਵਾਲ ਕਰਾਰ ਦਿੰਦਿਆਂ ਕਿਹਾ ਕਿ ਗੱਲ ਭਾਵੇਂ ਲੜਾਕੂ ਰਾਫੇਲ ਹਵਾਈ ਜਹਾਜ਼ ਬਣਾਉਣ ਜਾਂ ਪਣਡੁੱਬੀਆਂ ਬਣਾਉਣ ਬਾਰੇ ਹੋਵੇ ਜਾਂ ਮਾਮਲਾ ਵਿਸ਼ਵ ਦੀ 5ਵੀਂ ਪੀੜ੍ਹੀ ਦੇ ਹਵਾਈ ਜਹਾਜ਼ਾਂ ਦੇ ਇੰਜਣ ਬਣਾਉਣ ਬਾਰੇ ਹੋਵੇ, ਭਾਰਤ ਤੇ ਫਰਾਂਸ ਇਕ ਦੂਜੇ ਦੇ ਪੱਕੇ ਸਹਿਯੋਗੀ ਬਣ ਕੇ ਉੱਭਰੇ ਹਨ। ਮੈਕਰੋਨ ਨੇ ਦੱਸਿਆ ਕਿ ਅਜੇ ਕੁਝ ਹੀ ਦਿਨ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਦੁਨੀਆ ਦਾ ਸਭ ਤੋਂ ਵੱਡਾ ਮੁਕਤ ਵਪਾਰ ਸਮਝੌਤਾ ਹੋਇਆ ਹੈ। ਉਨ੍ਹਾਂ ਪੁਲਾੜ ਦੇ ਖੇਤਰ 'ਚ ਵੀ ਭਾਰਤ ਤੇ ਫਰਾਂਸ ਦੀ ਸੋਚ ਇਕੋ ਜਿਹੀ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਇਸੇ ਸਾਲ ਜੁਲਾਈ 'ਚ ਫਰਾਂਸ 'ਚ ਪੁਲਾੜ ਖੋਜ ਨੂੰ ਲੈ ਕੇ ਇਕ ਸੰਮੇਲਨ ਕਰਵਾਇਆ ਜਾ ਰਿਹਾ ਹੈ ਅਤੇ ਭਾਰਤ ਨੂੰ ਪਹਿਲਾਂ ਹੀ ਇਸ ਲਈ ਸੱਦਾ ਦਿੱਤਾ ਜਾ ਚੁੱਕਾ ਹੈ।
ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦਾ ਇਹ ਤਿੰਨ ਦਿਨਾ ਭਾਰਤ ਦੌਰਾ ਦੇਸ਼ ਦੇ ਲਈ ਇਕ ਵੱਡੀ ਪ੍ਰਾਪਤੀ ਸਿੱਧ ਹੋ ਸਕਦਾ ਹੈ ਅਤੇ ਦੇਸ਼ ਦੀ ਸੈਨਿਕ ਤੇ ਰਣਨੀਤਕ ਸਮਰੱਥਾ ਨੂੰ ਵਧਾਉਣ ਦਾ ਲਿਖਾਇਕ ਵੀ ਬਣੇਗਾ। ਦੁਨੀਆ ਅੱਜ ਬਾਰੂਦ ਦੇ ਢੇਰ 'ਤੇ ਬੈਠੀ ਦਿਖਾਈ ਦੇ ਰਹੀ ਹੈ, ਜਿੱਥੇ ਕਈ ਦੇਸ਼ ਇਕ-ਦੂਜੇ ਵਿਰੁੱਧ ਯੁੱਧਾਂ 'ਚ ਉਲਝੇ ਹੋਏ ਹਨ। ਭਾਰਤ ਦੇ ਚਾਰੇ ਪਾਸੇ ਵੀ ਯੁੱਧ ਦੇ ਬੱਦਲ ਮੰਡਰਾ ਰਹੇ ਹਨ। ਅਜਿਹੇ 'ਚ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਨੂੰ ਆਪਣੀ ਸੈਨਿਕ ਤਾਕਤ 'ਚ ਲਗਾਤਾਰ ਵਾਧਾ ਕਰਨ ਦੀ ਜ਼ਰੂਰਤ ਹੈ। ਫਰਾਂਸ ਯੂਰਪੀਅਨ ਯੂਨੀਅਨ (ਈ.ਯੂ.) ਦਾ ਇਕ ਬਹੁਤ ਅਹਿਮ ਦੇਸ਼ ਹੈ, ਉਸ ਨਾਲ ਦੋਸਤੀ ਭਾਰਤ ਦੇ ਲਈ ਯੂਰਪ ਵਿਚ ਆਪਣੀ ਪ੍ਰਭਾਵੀ ਮੌਜੂਦਗੀ ਬਣਾਈ ਰੱਖਣ ਲਈ ਬਹੁਤ ਅਹਿਮ ਹੋ ਸਕਦੀ ਹੈ। ਰਾਸ਼ਟਰਪਤੀ ਮੈਕਰੋਨ ਦੇ ਮਨ 'ਚ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਭਰੋਸੇ ਤੇ ਸਨਮਾਨ ਦੀ ਭਾਵਨਾ ਦਾ ਪਤਾ ਉਨ੍ਹਾਂ ਦੇ ਨਵੀਂ ਦਿੱਲੀ ਪਹੁੰਚਣ 'ਤੇ ਉਨ੍ਹਾਂ ਦੀਆਂ ਸਰਗਰਮੀਆਂ ਅਤੇ ਭਾਰਤੀਆਂ ਪ੍ਰਤੀ ਉਨ੍ਹਾਂ ਵਲੋਂ ਦਿਖਾਏ ਅਪਣੱਤ ਭਰੇ ਵਿਵਹਾਰ ਤੋਂ ਸਹਿਜੇ ਹੀ ਲੱਗ ਜਾਂਦਾ ਹੈ। ਮੈਕਰੋਨ ਨੇ ਮੁੰਬਈ ਦੀਆਂ ਸੜਕਾਂ 'ਤੇ ਖੁੱਲ੍ਹੇਆਮ ਜਾਗਿੰਗ ਕੀਤੀ ਤੇ ਭਾਰਤੀ ਫਿਲਮ ਅਦਾਕਾਰਾਂ ਨਾਲ ਵੀ ਮੁਲਾਕਾਤ ਕੀਤੀ। ਭਾਰਤ ਤੇ ਫਰਾਂਸ ਦੋਵਾਂ ਲਈ ਇਹ ਦੌਰਾ ਬੇਹੱਦ ਲਾਭਦਾਇਕ ਰਹਿਣ ਵਾਲਾ ਹੈ।
ਭਾਰਤ-ਫਰਾਂਸ ਸੰਬੰਧਾਂ ਦੀ ਅਹਿਮੀਅਤ
ਅਜੀਤ ਡੈਸਕ
19-02-2026