14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੰਭੀਰ ਸਮੱਸਿਆ-ਵੱਡੀ ਚੁਣੌਤੀ

ਅਜੀਤ ਡੈਸਕ 30-01-2026

ਪਿਛਲੇ ਦਿਨੀਂ ਅਮਨ-ਕਾਨੂੰਨ ਦੀ ਗੰਭੀਰ ਹੁੰਦੀ ਸਮੱਸਿਆ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਅਤੇ ਸੂਬੇ ਭਰ ਵਿਚ ਰੰਗਦਾਰੀ ਮੰਗਣ ਵਾਲੇ ਗਰੋਹਾਂ ਨੂੰ ਨੱਥ ਪਾਉਣ ਲਈ ਪੂਰੀ ਤਿਆਰੀ ਨਾਲ 'ਆਪ੍ਰੇਸ਼ਨ ਪ੍ਰਹਾਰ' ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ ਵੱਡੀ ਸਫ਼ਲਤਾ ਮਿਲੀ ਹੈ। ਸਾਹਮਣੇ ਆਏ ਤੱਥਾਂ ਨੇ ਇਕ ਵਾਰ ਤਾਂ ਲੋਕਾਂ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਹੈ। ਪੁਲਿਸ ਵਲੋਂ ਦਿੱਤੇ ਅੰਕੜਿਆਂ ਮੁਤਾਬਿਕ ਪਹਿਲਾਂ ਹੀ ਮਿੱਥੀਆਂ 2000 ਤੋਂ ਵਧੇਰੇ ਥਾਵਾਂ 'ਤੇ ਛਾਪੇ ਮਾਰੇ ਗਏ ਅਤੇ ਉਨ੍ਹਾਂ ਤੋਂ ਵੱਡੀ ਮਾਤਰਾ ਵਿਚ ਹਥਿਆਰ ਤੇ ਨਸ਼ੀਲੇ ਪਦਾਰਥ ਫੜੇ ਗਏ ਹਨ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਸਮਾਜ ਵਿਰੋਧੀ ਅਨਸਰ ਅਤੀ ਆਧੁਨਿਕ ਡਿਜੀਟਲ ਤਰੀਕੇ ਵਰਤ ਕੇ ਆਪਣੇ ਜੁਰਮਾਂ ਨੂੰ ਅੰਜਾਮ ਦੇ ਰਹੇ ਹਨ। ਇਸ ਪੱਖ ਤੋਂ ਵੀ ਉਨ੍ਹਾਂ ਦੀਆਂ ਕਾਰਵਾਈਆਂ ਦਾ ਪਰਦਾਫਾਸ਼ ਹੋਇਆ ਹੈ। ਪ੍ਰਸ਼ਾਸਨ ਦੀ ਸੂਚਨਾ ਅਨੁਸਾਰ ਵਿਦੇਸ਼ਾਂ ਵਿਚ ਬੈਠੇ 61 ਗੈਂਗਸਟਰਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਇਹ ਵੀ ਕਿ ਇਹ ਕਿਹੜੇ-ਕਿਹੜੇ ਦੇਸ਼ਾਂ ਵਿਚ ਵਿਚਰ ਕੇ ਅਤੇ ਪੰਜਾਬ ਵਿਚ ਆਪਣੇ ਗੁਰਗਿਆਂ ਦੇ ਵਿਛਾਏ ਜਾਲ ਨਾਲ ਲਗਾਤਾਰ ਤਾਲਮੇਲ ਰੱਖ ਕੇ ਵਾਰਦਾਤਾਂ ਕਰਵਾ ਰਹੇ ਹਨ ਅਤੇ ਲੋਕਾਂ ਨੂੰ ਰੰਗਦਾਰੀ ਲਈ ਧਮਕੀਆਂ ਵੀ ਦੇ ਰਹੇ ਹਨ। ਜਿਹੜੇ ਉਨ੍ਹਾਂ ਦੀ ਗੱਲ ਨਹੀਂ ਸੁਣਦੇ, ਉਨ੍ਹਾਂ ਨੂੰ ਗੋਲੀਆਂ ਵੀ ਮਾਰੀਆਂ ਜਾ ਰਹੀਆਂ ਹਨ।
ਹਾਈ ਕੋਰਟ ਵੀ ਅਜਿਹੀਆਂ ਵਾਰਦਾਤਾਂ ਸੁਣ ਕੇ ਬੜੀ ਸਖ਼ਤ ਹੋ ਰਹੀ ਜਾਪਦੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਤਲਬ ਕਰਕੇ ਸਖ਼ਤ ਟਿੱਪਣੀਆਂ ਕੀਤੀਆਂ ਹਨ ਅਤੇ ਕਿਹਾ ਹੈ ਕਿ ਦਿਨ-ਦਿਹਾੜੇ ਲੋਕਾਂ ਦੀ ਮੌਜੂਦਗੀ ਵਿਚ ਸ਼ੂਟਰ ਹੱਤਿਆ ਕਰੀ ਜਾ ਰਹੇ ਹਨ। ਉਨ੍ਹਾਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਉਹ ਧਮਕੀਆਂ ਦੇਣ ਤੋਂ ਬਾਅਦ ਆਪਣੀਆਂ ਕਾਰਵਾਈਆਂ ਕਰਕੇ ਫਰਾਰ ਹੋ ਜਾਂਦੇ ਹਨ। ਹਾਈ ਕੋਰਟ ਨੇ ਪੁਲਿਸ ਮੁਖੀ ਤੋਂ ਪਿਛਲੇ ਸਾਰੇ ਘਟਨਾਕ੍ਰਮ ਦੀ ਵਿਸਥਾਰਤ ਰਿਪੋਰਟ ਮੰਗਦਿਆਂ ਇਕ ਵਾਰ ਫਿਰ ਇਹ ਕਿਹਾ ਹੈ ਕਿ ਪਿਛਲੇ ਸਮੇਂ ਵਿਚ ਜੇਕਰ ਲਾਰੈਂਸ ਬਿਸ਼ਨੋਈ ਵਰਗਾ ਗੈਂਗਸਟਰ ਜੇਲ੍ਹ 'ਚੋਂ ਆਪਣੀ ਮੁਲਾਕਾਤ (ਇੰਟਰਵਿਊ) ਨਸ਼ਰ ਕਰਨ ਦਾ ਹੌਸਲਾ ਰੱਖਦਾ ਹੈ ਤਾਂ ਇਸ ਦਾ ਹਰਫ਼ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਵੀ ਆਉਂਦਾ ਹੈ। ਚਾਹੇ ਪੁਲਿਸ ਮੁਖੀ ਵਲੋਂ ਇਸ ਦੇ ਜਵਾਬ ਵਿਚ ਸ਼ੁਰੂ ਕੀਤੇ 'ਆਪ੍ਰੇਸ਼ਨ ਪ੍ਰਹਾਰ' ਦੀ ਗੱਲ ਕੀਤੀ ਗਈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਦੌਰਾਨ 3000 ਤੋਂ ਵਧੇਰੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਪੁਲਿਸ ਨੂੰ ਪੂਰੀ ਤਰ੍ਹਾਂ ਹਰ ਪੱਖੋਂ ਚੁਸਤ-ਦਰੁਸਤ ਬਣਾਇਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਉੱਚ ਅਦਾਲਤ ਨੇ ਆਉਂਦੇ ਦਿਨਾਂ ਵਿਚ ਇਸ ਸਮੁੱਚੇ ਵਿਗੜਦੇ ਹਾਲਾਤ 'ਤੇ ਕਾਬੂ ਪਾਉਣ ਲਈ ਪੁਲਿਸ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਪੂਰਾ ਵੇਰਵਾ ਮੰਗਿਆ ਹੈ।
ਇਸੇ ਸਮੇਂ ਵਿਚ ਕੁਝ ਅਜਿਹੀਆਂ ਵੱਡੀਆਂ ਵਾਰਦਾਤਾਂ ਵੀ ਹੋਈਆਂ ਹਨ, ਜਿਨ੍ਹਾਂ ਨਾਲ ਪ੍ਰਸ਼ਾਸਨ ਸਾਹਮਣੇ ਇਕ ਵਾਰ ਫਿਰ ਗੰਭੀਰ ਅਤੇ ਵੱਡੀ ਚੁਣੌਤੀ ਆ ਖੜ੍ਹੀ ਹੋਈ ਹੈ। ਮੁਹਾਲੀ ਦੀ ਇਕ ਅਦਾਲਤ ਵਿਚ ਨਸ਼ਾ ਤਸਕਰੀ ਦੇ ਇਕ ਮੁਲਜ਼ਮ ਦੀ ਪੇਸ਼ੀ ਤੋਂ ਬਾਅਦ ਦਿਨ-ਦਿਹਾੜੇ ਵੱਡੀ ਗਿਣਤੀ ਵਿਚ ਲੋਕਾਂ ਦੇ ਸਾਹਮਣੇ ਉਸ ਨੂੰ ਗੋਲੀਆਂ ਮਾਰਨ ਤੋਂ ਬਾਅਦ, ਇਸ ਵਾਰਦਾਤ ਦੀ ਜ਼ਿੰਮੇਵਾਰੀ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਂਦਾਰਾ ਵਲੋਂ ਲੈਣ ਨਾਲ, ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਵਿਚ ਸਾਹਮਣੇ ਆਈ ਹੈ। ਇਸੇ ਹੀ ਤਰ੍ਹਾਂ ਕਸਬਾ ਡੇਰਾ ਬਾਬਾ ਨਾਨਕ ਵਿਖੇ ਇਕ ਦਵਾਈਆਂ ਦੀ ਦੁਕਾਨ ਦੇ ਮਾਲਕ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਦੋਸ਼ੀਆਂ ਦਾ ਫਰਾਰ ਹੋਣਾ ਵੀ ਗੰਭੀਰ ਵਿਸ਼ਾ ਹੈ। ਖ਼ਬਰਾਂ ਮੁਤਾਬਿਕ ਦਵਾਈ ਵਿਕਰੇਤਾ ਤੋਂ ਪਿਛਲੇ ਕਾਫ਼ੀ ਸਮੇਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ। ਉਸ 'ਤੇ ਪਿਛਲੇ ਸਾਲ ਵੀ ਬਦਮਾਸ਼ਾਂ ਵਲੋਂ ਹਮਲਾ ਕੀਤਾ ਗਿਆ ਸੀ, ਉਸ ਸਮੇਂ ਉਸ ਨੂੰ ਪੁਲਿਸ ਦੀ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ ਸੀ, ਇਸ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰ ਜੀਵਨ ਫ਼ੌਜੀ ਵਲੋਂ ਲਈ ਗਈ ਹੈ।
ਕੇਂਦਰ ਸਰਕਾਰ ਵੀ ਵਿਗੜਦੀ ਇਸ ਸਥਿਤੀ ਤੋਂ ਚਿੰਤਤ ਨਜ਼ਰ ਆ ਰਹੀ ਹੈ। ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2024-25 ਦੌਰਾਨ ਵਿਦੇਸ਼ਾਂ ਵਿਚ ਲੁਕੇ ਭਾਰਤ ਦੇ 70 ਤੋਂ ਵੀ ਵੱਧ ਭਗੌੜਿਆਂ ਦਾ ਪਤਾ ਲਗਾਇਆ ਸੀ। 27 ਭਗੌੜਿਆਂ ਨੂੰ ਭਾਰਤ 'ਚ ਇੰਟਰਪੋਲ ਰਾਹੀਂ ਵਾਪਸ ਵੀ ਲਿਆਂਦਾ ਗਿਆ ਸੀ। ਹੁਣ ਸੈਂਕੜੇ ਹੋਰਾਂ ਨੂੰ ਵੀ ਇਸ ਸੰਬੰਧੀ ਰੈੱਡ ਨੋਟਿਸ ਜਾਰੀ ਕੀਤੇ ਗਏ ਹਨ। ਵਿਦੇਸ਼ਾਂ ਤੱਕ ਪਹੁੰਚ ਕਰਨ ਲਈ ਸੈਂਕੜੇ ਹੀ ਹੋਰ ਅਰਜ਼ੀਆਂ ਵੱਖ-ਵੱਖ ਦੇਸ਼ਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਬਿਨਾਂ ਸ਼ੱਕ ਹੁਣ ਇਨ੍ਹਾਂ ਸਮਾਜ ਵਿਰੋਧੀ ਗੈਂਗਸਟਰਾਂ ਦਾ ਜਾਲ ਦੁਨੀਆ ਭਰ ਵਿਚ ਫੈਲਿਆ ਹੋਇਆ ਹੈ, ਅਤੇ ਉਹ ਲੋਕਾਂ ਲਈ ਤਾਂ ਜਾਨ ਦਾ ਖੌਅ ਬਣੇ ਹੋਏ ਹਨ, ਪਰ ਇਸ ਦੇ ਨਾਲ-ਨਾਲ ਇਹ ਆਪਸੀ ਲੜਾਈਆਂ (ਗੈਂਗਵਾਰਾਂ) ਵਿਚ ਵੀ ਬੁਰੀ ਤਰ੍ਹਾਂ ਉਲਝੇ ਹੋਏ ਹਨ। ਮਿਲੀਆਂ ਰਿਪੋਰਟਾਂ ਮੁਤਾਬਿਕ ਇਸ ਸਮੇਂ ਬਹੁਤੇ ਗੈਂਗਸਟਰ ਅਮਰੀਕਾ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਜਰਮਨੀ ਅਤੇ ਬਰਤਾਨੀਆ ਵਿਚ ਲੁਕੇ ਬੈਠੇ ਹਨ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਨੇ ਪਾਕਿਸਤਾਨ, ਇਟਲੀ, ਇੰਡੋਨੇਸ਼ੀਆ, ਬ੍ਰਾਜ਼ੀਲ, ਆਸਟ੍ਰੇਲੀਆ, ਪੁਰਤਗਾਲ, ਥਾਈਲੈਂਡ ਤੇ ਮਲੇਸ਼ੀਆ ਵਿਚ ਵੀ ਆਪਣੇ ਅੱਡੇ ਬਣਾਏ ਹੋਏ ਹਨ।
ਚਾਹੇ ਪੰਜਾਬ ਪੁਲਿਸ ਵਲੋਂ ਵਿਦੇਸ਼ਾਂ ਵਿਚ ਬੈਠੇ ਅਪਰਾਧਿਕ ਕਾਰਵਾਈਆਂ ਕਰਦੇ ਇਨ੍ਹਾਂ ਗੈਂਗਸਟਰਾਂ ਵਿਰੁੱਧ ਕਾਰਵਾਈ ਲਈ ਵਿਸ਼ੇਸ਼ ਟੀਮਾਂ ਅਤੇ ਸੈੱਲ ਤਿਆਰ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਦੀਆਂ ਨਿੱਤ ਦਿਨ ਦੀਆਂ ਕਾਰਵਾਈਆਂ ਨੇ ਪ੍ਰਸ਼ਾਸਨ ਨੂੰ ਵੱਡੀ ਚੁਣੌਤੀ ਦੇ ਰੱਖੀ ਹੈ। ਬਿਨਾਂ ਸ਼ੱਕ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਨਾ ਪਵੇਗਾ ਅਤੇ ਹਰ ਸੂਰਤ ਵਿਚ ਇਨ੍ਹਾਂ ਗੈਂਗਸਟਰਾਂ ਦੇ ਫੈਲਾਏ ਜਾਲ ਨੂੰ ਖ਼ਤਮ ਕਰਨ ਦਾ ਤਹੱਈਆ ਕਰਨਾ ਹੋਵੇਗਾ, ਤਾਂ ਜੋ ਲੋਕਾਂ ਨੂੰ ਮੰਡਰਾ ਰਹੇ ਇਸ ਅਪਰਾਧਿਕ ਖ਼ਤਰੇ ਤੋਂ ਨਿਜਾਤ ਦਿਵਾਈ ਜਾ ਸਕੇ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਸਿਆਸੀ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਅਗਲੀ ਖ਼ਬਰ ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।