19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਹੁਣ ਰਸਾਇਣਕ ਖਾਦਾਂ ਦੇ ਬਦਲ ਲੱਭਣ ਦਾ ਸਮਾਂ ਆਇਆ

ਅਜੀਤ ਡੈਸਕ 22-01-2026

ਭਾਰਤ ਇਕ ਖੇਤੀਬਾੜੀ ਪ੍ਰਧਾਨ ਦੇਸ਼ ਹੈ, ਜਿੱਥੇ ਇਕ ਵੱਡੀ ਆਬਾਦੀ ਆਪਣੀ ਰੋਜ਼ੀ-ਰੋਟੀ ਲਈ ਸਿੱਧੇ ਤੌਰ 'ਤੇ ਖੇਤੀਬਾੜੀ 'ਤੇ ਨਿਰਭਰ ਹੈ। ਦੇਸ਼ ਦੀ ਵਧਦੀ ਖ਼ੁਰਾਕ ਮੰਗ ਨੂੰ ਪੂਰਾ ਕਰਨ ਲਈ ਪਿਛਲੇ ਕਈ ਦਹਾਕਿਆਂ ਤੋਂ ਰਸਾਇਣਕ ਖਾਦਾਂ ਦੀ ਵਰਤੋਂ ਲਗਾਤਾਰ ਵਧਦੀ ਰਹੀ ਹੈ। ਸ਼ੁਰੂਆਤੀ ਪੜਾਅ 'ਚ ਇਨ੍ਹਾਂ ਖਾਦਾਂ ਨੇ ਉਤਪਾਦਨ ਵਧਾਉਣ ਵਿਚ ਜ਼ਰੂਰ ਮਦਦ ਕੀਤੀ ਪਰ ਅੱਜ ਇਨ੍ਹਾਂ ਦੀ ਅੰਨ੍ਹੇਵਾਹ ਤੇ ਬੇਕਾਬੂ ਵਰਤੋਂ ਕਾਰਨ ਖੇਤੀਬਾੜੀ, ਵਾਤਾਵਰਨ ਤੇ ਮਨੁੱਖੀ ਸਿਹਤ 'ਤੇ ਗੰਭੀਰ ਸੰਕਟ ਮੰਡਰਾ ਰਿਹਾ ਹੈ।
ਖਾਦ ਦੀ ਖ਼ਪਤ ਦੇ ਚਿੰਤਾਜਨਕ ਅੰਕੜੇ
ਦੇਸ਼ ਵਿਚ ਰਸਾਇਣਕ ਖਾਦਾਂ ਦੀ ਵਧ ਰਹੀ ਵਰਤੋਂ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2018-2019 ਵਿਚ ਜਿੱਥੇ 115 ਕਰੋੜ ਥੈਲਿਆਂ ਦੀ ਖ਼ਪਤ ਹੋਈ ਸੀ, ਉੱਥੇ ਹੀ 2024-25 ਦੌਰਾਨ ਇਹ ਅੰਕੜਾ 150 ਕਰੋੜ ਥੈਲਿਆਂ ਨੂੰ ਪਾਰ ਕਰ ਗਿਆ। ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਦੀ ਆਬਾਦੀ ਲਗਭਗ 143 ਕਰੋੜ ਹੈ, ਜਦਕਿ ਖਾਦ ਦੀ ਖ਼ਪਤ 150 ਕਰੋੜ ਥੈਲਿਆਂ ਤੋਂ ਵੀ ਵੱਧ ਹੋ ਗਈ। ਇਹ ਅਸੰਤੁਲਨ ਨਾ ਸਿਰਫ਼ ਚਿੰਤਾਜਨਕ ਹੈ, ਸਗੋਂ ਭਵਿੱਖ ਲਈ ਇਕ ਵੱਡੇ ਖ਼ਤਰੇ ਦਾ ਸੰਕੇਤ ਵੀ ਹੈ।
ਸਿਹਤ-ਮਿੱਟੀ 'ਤੇ ਦੋਹਰਾ ਪ੍ਰਭਾਵ
ਰਸਾਇਣਕ ਖਾਦਾਂ ਦੇ ਪ੍ਰਭਾਵ ਹੁਣ ਸਾਡੀਆਂ ਥਾਲੀਆਂ ਤੱਕ ਪਹੁੰਚ ਗਏ ਹਨ। ਕਣਕ, ਚੌਲ, ਦਾਲਾਂ, ਸਬਜ਼ੀਆਂ, ਫ਼ਲ ਤੇ ਇੱਥੋਂ ਤੱਕ ਕਿ ਦੁੱਧ, ਦਹੀਂ, ਘਿਓ ਵੀ ਇਨ੍ਹਾਂ ਰਸਾਇਣਾਂ ਤੋਂ ਮੁਕਤ ਨਹੀਂ ਹਨ। ਨਤੀਜੇ ਵਜੋਂ ਦੇਸ਼ 'ਚ ਕੈਂਸਰ, ਦਿਲ ਦੇ ਰੋਗ, ਐਲਰਜੀ ਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਮਾਮਲੇ ਦਿਨੋ-ਦਿਨ ਵਧ ਰਹੇ ਹਨ। ਖੇਤਾਂ ਦੀ ਹਾਲਤ ਵੀ ਘੱਟ ਚਿੰਤਾਜਨਕ ਨਹੀਂ ਹੈ। ਨਿਯਮਾਂ ਅਨੁਸਾਰ ਖਾਦਾਂ ਦੀ ਵਰਤੋਂ ਸਿਰਫ਼ ਬੂਟਿਆਂ ਦੀਆਂ ਜੜ੍ਹਾਂ ਦੇ ਨੇੜੇ ਹੀ ਕਰਨੀ ਚਾਹੀਦੀ ਹੈ ਪਰ ਇਨ੍ਹਾਂ ਨੂੰ ਪੂਰੇ ਖੇਤ ਵਿਚ ਛਿੜਕਣ ਨਾਲ ਜੰਗਲੀ ਬੂਟੀ (weeds) ਦੀ ਸਮੱਸਿਆ ਵਧ ਜਾਂਦੀ ਹੈ। ਇਨ੍ਹਾਂ ਜੰਗਲੀ ਬੂਟਿਆਂ ਨੂੰ ਖ਼ਤਮ ਕਰਨ ਲਈ ਵੱਡੀ ਮਾਤਰਾ 'ਚ ਜੰਗਲੀ ਬੂਟੀ ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰਦੇ ਹਨ। ਮਿੱਟੀ ਦੀ ਗੁਆਚੀ ਹੋਈ ਤਾਕਤ ਨੂੰ ਮੁੜ ਪ੍ਰਾਪਤ ਕਰਨ ਲਈ ਕਿਸਾਨ ਹੋਰ ਖਾਦਾਂ ਦੀ ਵਰਤੋਂ ਕਰਦਾ ਹੈ ਤੇ ਇਹੀ ਚੱਕਰ ਹਰ ਸਾਲ ਮਿੱਟੀ ਨੂੰ ਹੋਰ ਬੰਜਰ ਬਣਾ ਰਿਹਾ ਹੈ।
ਅਰਥਵਿਵਸਥਾ 'ਤੇ ਬੋਝ ਅਤੇ ਕਾਲਾਬਾਜ਼ਾਰੀ
ਖਾਦ ਖੇਤਰ ਵਿਚ ਵਧਦਾ ਨਿਵੇਸ਼ ਵੀ ਦੇਸ਼ ਦੀ ਆਰਥਿਕਤਾ 'ਤੇ ਭਾਰੀ ਪੈ ਰਿਹਾ ਹੈ। ਵਰਤਮਾਨ 'ਚ ਦੇਸ਼ ਹਰ ਸਾਲ ਲਗਭਗ 3 ਲੱਖ ਕਰੋੜ ਰੁਪਏ ਮੁੱਲ (ਸਬਸਿਡੀਆਂ ਸਮੇਤ) ਦੀਆਂ ਰਸਾਇਣਕ ਖਾਦਾਂ ਦੀ ਵਰਤੋਂ ਕਰਦਾ ਹੈ। ਮੰਦਭਾਗੀ ਗੱਲ ਇਹ ਹੈ ਕਿ ਸਾਡਾ ਖਾਦ ਉਦਯੋਗ 80% ਵਿਦੇਸ਼ੀ ਕੱਚੇ ਮਾਲ ਜਾਂ ਆਯਾਤ ਕੀਤੀਆਂ ਖਾਦਾਂ 'ਤੇ ਨਿਰਭਰ ਹੈ। ਕੁੱਲ 3 ਲੱਖ ਕਰੋੜ ਰੁਪਏ 'ਚੋਂ 2.5 ਲੱਖ ਕਰੋੜ ਰੁਪਏ ਸਿਰਫ਼ ਆਯਾਤ 'ਤੇ ਖਰਚੇ ਜਾਂਦੇ ਹਨ। ਇਸ ਤਰ੍ਹਾਂ ਇਕ ਪਾਸੇ ਸਾਡੀ ਜ਼ਮੀਨ ਬੰਜਰ ਹੋ ਰਹੀ ਹੈ ਤੇ ਦੂਜੇ ਪਾਸੇ ਦੇਸ਼ ਦੀ ਪੂੰਜੀ ਦਾ ਇਕ ਮਹੱਤਵਪੂਰਨ ਹਿੱਸਾ ਵਿਦੇਸ਼ਾਂ 'ਚ ਜਾ ਰਿਹਾ ਹੈ।
ਸਰਕਾਰ ਕਿਸਾਨਾਂ ਦੀ ਭਲਾਈ ਲਈ ਭਾਰੀ ਸਬਸਿਡੀਆਂ ਦੇ ਰਹੀ ਹੈ। ਪਿਛਲੇ 10 ਸਾਲਾਂ 'ਚ ਲਗਭਗ 13 ਲੱਖ ਕਰੋੜ ਰੁਪਏ ਦੀ ਖਾਦ ਸਬਸਿਡੀ ਦਿੱਤੀ ਗਈ ਹੈ। ਇਸ ਸਬਸਿਡੀ ਦੇ ਕਾਰਨ ਯੂਰੀਆ ਖਾਦ, ਜੋ ਪਹਿਲਾਂ 40 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਹੁਣ 6 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਘੱਟ ਕੀਮਤ 'ਤੇ ਉਪਲਬਧ ਹੈ। ਹਾਲਾਤ ਇਹ ਹਨ ਕਿ ਅੱਜ ਯੂਰੀਆ ਪਸ਼ੂਆਂ ਦੇ ਚਾਰੇ ਨਾਲੋਂ ਸਸਤਾ ਹੋ ਗਿਆ ਹੈ। ਸਰਕਾਰ 85 ਤੋਂ 90 ਫ਼ੀਸਦੀ ਸਬਸਿਡੀ ਦਿੰਦੀ ਹੈ, ਤਾਂ ਜੋ ਕਿਸਾਨਾਂ ਨੂੰ ਕੀਮਤ 'ਤੇ ਯੂਰੀਆ ਮਿਲ ਸਕੇ। ਪਰ ਇਸ ਘੱਟ ਕੀਮਤ ਦਾ ਫ਼ਾਇਦਾ ਉਠਾਉਂਦੇ ਹੋਏ ਵਿਚੋਲੇ ਯੂਰੀਆ ਦੀ ਕਾਲਾਬਾਜ਼ਾਰੀ 'ਚ ਸ਼ਾਮਿਲ ਹੁੰਦੇ ਹਨ ਤੇ ਇਸ ਨੂੰ ਖੇਤੀਬਾੜੀ ਲਈ ਵਰਤਣ ਦੀ ਬਜਾਏ ਉਹ ਪਲਾਈਵੁੱਡ ਫੈਕਟਰੀਆਂ, ਪਸ਼ੂਆਂ ਦੇ ਚਾਰੇ ਅਤੇ ਮਿਲਾਵਟੀ ਦੁੱਧ ਬਣਾਉਣ ਲਈ ਇਸ ਦੀ ਵਰਤੋਂ ਕਰ ਰਹੇ ਹਨ।
ਸੁਧਾਰ ਤੇ ਹੱਲ ਦੇ ਰਸਤੇ
ਇਸ ਸੰਕਟ ਨੂੰ ਦੂਰ ਕਰਨ ਲਈ ਹੁਣ ਠੋਸ ਕਦਮਾਂ ਦੀ ਜ਼ਰੂਰਤ ਹੈ। ਪਹਿਲਾਂ ਖੇਤੀ ਰਹਿੰਦ-ਖੂੰਹਦ ਨੂੰ ਜੈਵਿਕ ਖਾਦ ਵਜੋਂ ਵਰਤਿਆ ਜਾਂਦਾ ਸੀ, ਜਿਸ ਨਾਲ ਮਿੱਟੀ ਵਿਚ ਜੈਵਿਕ ਕਾਰਬਨ ਬਣਿਆ ਰਹਿੰਦਾ ਸੀ। ਅੱਜ ਕਿਸਾਨ ਇਸ ਰਹਿੰਦ-ਖੂੰਹਦ ਨੂੰ ਵੇਚ ਕੇ ਕੁਝ ਮੁਨਾਫ਼ਾ ਕਮਾਉਂਦੇ ਹਨ ਪਰ ਇਹ ਰਸਾਇਣਕ ਖਾਦਾਂ ਦੀ ਅਸਲ ਲਾਗਤ ਨਾਲੋਂ ਬਹੁਤ ਘੱਟ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁਨਾਫ਼ਾ ਰਸਾਇਣਕ ਖਾਦ ਦੀਆਂ ਥੈਲੀਆਂ ਦਾ ਭਾਰ ਘੱਟ ਕਰਕੇ ਉਸ ਦੀ ਥਾਂ ਜੈਵਿਕ ਖਾਦ ਦੇ ਬਦਲ ਮੁਹੱਈਆ ਕਰਵਾਏ। ਨਾਲ ਹੀ ਬਹੁਤ ਜ਼ਿਆਦਾ ਖਾਦ ਦੀ ਵਰਤੋਂ ਵਾਲੇ ਖੇਤਰਾਂ ਦੀ ਪਛਾਣ ਕਰਕੇ ਉੱਥੇ ਵਿਸ਼ੇਸ਼ ਨਿਗਰਾਨੀ ਟੀਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।
ਕੁਝ ਮਹੱਤਵਪੂਰਨ ਸੁਝਾਅ
1. ਹਰੀ ਖਾਦ ਦੀ ਵੱਧ ਵਰਤੋਂ-ਧਰਤੀ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਹਰੀ ਖਾਦ ਦੀ ਵੱਧ ਵਰਤੋਂ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਸਰੀਰ ਨੂੰ ਸਿਹਤਮੰਦ ਰੱਖਣ ਲਈ ਯੋਗਾ ਜ਼ਰੂਰੀ ਹੈ, ਉਸੇ ਤਰ੍ਹਾਂ ਮਿੱਟੀ ਦੀ ਸਿਹਤ ਲਈ ਹਰੀ ਖਾਦ ਜ਼ਰੂਰੀ ਹੈ।
2. ਵਿਗਿਆਨਕ ਫ਼ਸਲੀ ਚੱਕਰ-ਇਕੋ ਫ਼ਸਲ ਨੂੰ ਵਾਰ-ਵਾਰ ਉਗਾਉਣ ਦੀ ਬਜਾਏ ਫ਼ਸਲੀ ਚੱਕਰ ਨੂੰ ਬਦਲਣਾ। ਉਦਾਹਰਨ ਵਜੋਂ ਦਾਲਾਂ ਮਿੱਟੀ ਦੀਆਂ ਡੂੰਘੀਆਂ ਪਰਤਾਂ ਤੋਂ ਪੌਸ਼ਟਿਕ ਤੱਤ ਖਿੱਚਦੀਆਂ ਹਨ, ਜਦਕਿ ਕਣਕ ਤੇ ਚੌਲ ਉੱਪਰਲੀਆਂ ਪਰਤਾਂ ਤੋਂ ਪੌਸ਼ਟਿਕ ਤੱਤ ਖਿੱਚਦੇ ਹਨ।
3. ਉੱਨਤ ਸਿੰਜਾਈ ਤਕਨੀਕਾਂ-ਤੁਪਕਾ ਸਿੰਜਾਈ (ਡ੍ਰਿਪ ਇਰੀਗੇਸ਼ਨ) ਅਪਣਾਓ ਤੇ ਕਾਸ਼ਤ ਤੋਂ ਪਹਿਲਾਂ ਜ਼ਮੀਨ ਨੂੰ ਪੱਧਰਾ ਕਰੋ। ਇਸ ਨਾਲ ਪਾਣੀ ਦੀ ਬੱਚਤ ਹੋਵੇਗੀ ਤੇ ਖਾਦ ਸਿੱਧਾ ਬੂਟਿਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗੀ।
4. ਯੂਰੀਆ ਦੀ ਸਹੀ ਵਰਤੋਂ-ਯੂਰੀਆ ਦਾ ਛਿੜਕਾਅ ਸ਼ਾਮ ਨੂੰ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਘੱਟ ਖਾਦ ਨਾਲ ਬਿਹਤਰ ਨਤੀਜੇ ਮਿਲਦੇ ਹਨ।
5. ਪਸ਼ੂ-ਧਨ ਤੇ ਜੈਵਿਕ ਸੰਤੁਲਨ-ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰੋ, ਤਾਂ ਜੋ ਗੋਬਰ ਖਾਦ ਦੀ ਵਰਤੋਂ ਵਧੇ। ਇਸ ਨਾਲ ਲੰਬੇ ਸਮੇਂ ਦੀ ਉਤਪਾਦਕਤਾ ਬਣੀ ਰਹੇਗੀ ਤੇ ਮਿੱਟੀ ਨੂੰ ਆਰਾਮ ਮਿਲੇਗਾ।
ਜੇਕਰ ਅਸੀਂ ਅੱਜ ਆਪਣੀ ਮਿੱਟੀ ਦੀ ਰੱਖਿਆ ਨਹੀਂ ਕੀਤੀ ਤਾਂ ਸਾਡਾ ਭਵਿੱਖ ਅਸੁਰੱਖਿਅਤ ਹੋ ਜਾਵੇਗਾ। ਹੁਣ ਸਮਾਂ ਹੈ ਕਿ ਅਸੀਂ ਰਸਾਇਣਾਂ ਪ੍ਰਤੀ ਮੋਹ ਨੂੰ ਛੱਡ ਦੇਈਏ ਅਤੇ ਕੁਦਰਤ ਵੱਲ ਵਾਪਸ ਪਰਤ ਆਈਏ। ਟਿਕਾਊ ਖੇਤੀਬਾੜੀ ਸਿਰਫ਼ ਇਕ ਬਦਲ ਨਹੀਂ, ਇਹ ਕਿਸਾਨਾਂ, ਖ਼ਪਤਕਾਰਾਂ ਤੇ ਸਮੁੱਚੇ ਦੇਸ਼ ਦੇ ਬਚਾਅ ਲਈ ਇਕ ਜ਼ਰੂਰਤ ਹੈ।

ਪਿਛਲੀ ਖ਼ਬਰ 22-01-2026 ਅਗਲੀ ਖ਼ਬਰ ਮਨਰੇਗਾ ਯੋਜਨਾ ਵਿਚ ਤਬਦੀਲੀ-ਪੰਜਾਬ ਸਰਕਾਰ 'ਤੇ ਵਧੇਗਾ ਵਿੱਤੀ ਬੋਝ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।